ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ -ਇੰਸਪੈਕਟਰ ਜਗਜੀਤ
ਜਗਰਾਉਂ, 15 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਅਦਿਆਂ ਅਤੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਨਸ਼ਿਆਂ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਗਰਾਓਂ ਦੇ ਡੀਏਵੀ ਕਾਲਜ ਨਜ਼ਦੀਕ ਇਕ ਮੁਹੱਲੇ ਵਿਚ ਨਸ਼ੇੜੀ ਨੌਜਵਾਨਾਂ ਵੱਲੋਂ ਰਾਤ ਸਮੇਂ 4600 ਰੁਪਏ ਲੁੱਟਣ ਦੀ ਚਰਚਾ ਅਤੇ ਚਿੱਟੇ ਦੇ ਟੀਕੇ ਲਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਇੱਕ ਵਿਅਕਤੀ ਤੋਂ 4600 ਰੁਪਏ ਦੀ ਖੋਹ ਦੀ ਗੱਲ ਕਰ ਰਹੇ ਹਨ ਅਤੇ ਆਪਣੇ ਹੀ ਸਾਥੀ ਨਾਲ ਗੁੱਸੇ ਹੋ ਰਹੇ ਹਨ ਕਿ ਉਸਨੇ ਉਨ੍ਹਾਂ ਦੇ ਹੀ ਮੁਹੱਲੇ ਵਿਚ ਪੈਸੇ ਖੋਹ ਲਏ ਹਨ ਅਤੇ ਉਹ ਉਸਨੂੰ ਪੈਸੇ ਵਾਪਸ ਕਰਨ ਲਈ ਕਹਿ ਰਹੇ ਹਨ। ਜਦੋਂ ਇਲਾਕਾ ਨਿਵਾਸੀਆਂ ਨੇ ਟੀਕੇ ਲਗਾ ਰਹੇ ਲੜਕਿਆਂ ਬਾਰੇ ਪਤਾ ਚੱਲਾ ਤਾਂ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਕਤ ਨਸ਼ੇੜੀ ਨੌਜਵਾਨ ਘਰ ਦੇ ਪਿਛਲੇ ਪਾਸੇ ਦੇ ਰਸਤੇ ’ਚ ਸਰਿੰਜਾਂ ਅਤੇ ਚਿੱਟਾ ਨਸ਼ਾ ਸੁੱਟ ਕੇ ਫ਼ਰਾਰ ਹੋ ਗਏ। ਜਿਸ ਨੂੰ ਮੁਹੱਲਾ ਨਿਵਾਸੀਆਂ ਵਲੋਂ ਮੌਕੇ ਤੇ ਬੁਲਾਏ ਗਏ ਪੁਲਿਸ ਮੁਲਾਜ਼ਮਾਂ ਨੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਬਰਾਮਦ ਕਰ ਲਿਆ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ-
ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਸ਼ੇ ਦੇ ਇੰਜੈਕਸ਼ਨ ਲਗਾ ਰਹੇ ਨੌਜਵਾਨਾਂ ਦੀ ਵਾਇਰਲ ਹੋਈ ਵੀਡੀਓ ਸਬੰਧੀ ਸੂਚਨਾ ਮਿਲੀ ਹੈ। ਪੁਲੀਸ ਪਾਰਟੀ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰਕੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਪੁੱਛ ਗਿਛ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਥਾਣਾ ਸਿਟੀ ਦਾ ਚਾਰਜ ਸੰਭਾਲੇ ਕੁਝ ਹੀ ਦਿਨ ਹੋਏ ਹਨ ਨਸ਼ਾ ਤਸਕਰਾਂ ਦੇ ਸਬੰਧ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਕਿਸੇ ਵੀ ਨਸ਼ਾ ਸਮਗਲਰ ਜਾਂ ਇਸ ਤਰ੍ਹਾਂ ਨਸ਼ਾ ਕਰਨ ਵਾਲੇ ਨਸ਼ੇੜੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।