ਜਗਰਾਓਂ, 19 ਜੁਲਾਈ ( ਬਲਦੇਵ ਸਿੰਘ) -ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁੱਖੀ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਸਰਕਾਰੀ ਹਾਈ ਸਕੂਲ ਅਮਰਗੜ੍ਹ ਕਲੇਰ ਵਿਖੇ ਹਾਈ ਵਿਭਾਗ ਦੇ ਵਿਦਿਆਰਥੀ ਵਰਗ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਟਰੈਫਿਕ ਨਿਯਮਾਂ ਤੋਂ ਅਣਜਾਣ ਬੱਚੇ, ਜਿਥੇ ਆਪਣਾ ਭਵਿੱਖ ਖ਼ਰਾਬ ਕਰਦੇ ਹਨ, ਉਥੇ ਅਣਜਾਣੇ, ਚ ‘ਆਪਣੇ ਮਾਪਿਆਂ ਲਈ ਵੀ ਮੁਸੀਬਤਾਂ ਖੜੀਆਂ ਕਰ ਦਿੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ, ਜਿਹੜੇ ਬੱਚੇ ਨਾਬਾਲਗ ਹੁੰਦੇ ਹਨ, ਜੇਕਰ ਉਹ ਕੋਈ ਵਹੀਕਲ ਚਲਾਉਂਦਿਆਂ ਐਕਸੀਡੈਂਟ ਕਰ ਦੇਣ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਜਾਂ ਵਹੀਕਲ ਦੇ ਮਾਲਕ ਨੂੰ ਕਾਨੂੰਨਨ ਸਜਾ ਮਿਲਦੀ ਹੈ। ਇਸਤਰ੍ਹਾਂ ਰੋਜ਼ਾਨਾ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਬਾਰੇ ਸ਼ਾਇਦ ਮਾਪੇ ਵੀ ਅਣਜਾਣ ਹੁੰਦੇ ਹਨ। ਇਸਤੋਂ ਇਲਾਵਾ ਹਰਪਾਲ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ 6100 ਮੌਤਾਂ ਸੜਕ ਹਾਦਸਿਆ ਦੇ ਕਾਰਨ ਹੋਈਆਂ ਸਨ, ਅੱਜਕਲ੍ਹ ਲਗਭਗ 426 ਵਿਅਕਤੀ ਸੜਕ ਹਾਦਸਿਆ ਦੀ ਭੇਟ ਚੜ੍ਹ ਜਾਂਦੇ ਹਨ। ਟਰੈਫਿਕ ਨਿਯਮਾਂ ਬਾਰੇ ਅਗਿਆਨਤਾ ਤੋਂ ਇਲਾਵਾ ਨਸ਼ੇ ਵੀ ਇਸਦਾ ਮੁੱਖ ਪਹਿਲੂ ਹੋ ਨਿਬੜਦੇ ਹਨ। ਬੱਚੇ ਪੂਰੀ ਛੁੱਟੀ ਦੌਰਾਨ ਕਿਵੇਂ ਸਕੂਲ ਦੇ ਗੇਟ ਵਿਚੋਂ ਬਾਹਰ ਨਿੱਕਲਣ,ਇਸ ਬਾਰੇ ਵੀ ਵਿਸ਼ੇਸ਼ ਟਿੱਪਸ ਦਿੱਤੇ। ਇਸ ਤੋਂ ਇਲਾਵਾ ਸੜਕਾਂ ਤੇ ਲੱਗੇ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਬੋਰਡਾਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਸਮੇਂ ਸਕੂਲ ਮੁਖੀ ਮੈਡਮ ਪਰਮਜੀਤ ਕੌਰ ਨੇ ਵੀ ਪੁਲਿਸ ਅਧਿਕਾਰੀ ਹਰਪਾਲ ਸਿੰਘ ਜੀ ਦਾ ਧੰਨਵਾਦ ਕੀਤਾ,ਇਸ ਸਮੇਂ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।