ਲੁਧਿਆਣਾ 27 ਜੁਲਾਈ ( ਵਿਕਾਸ ਮਠਾੜੂ)-ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਤੇ ਦਿੱਲੀ ਵੱਸਦੇ ਪੰਜਾਬੀ ਨਾਵਲਕਾਰ(ਮੈਂਬਰ ਪੰਜਾਬੀ ਸਾਹਿੱਤ ਅਕਾਡਮੀ ਕਾਰਜਕਾਰਨੀ) ਅਸ਼ੋਕ ਵਸ਼ਿਸ਼ਟ ਦੇ ਪਿਛਲੇ ਦਿਨੀਂ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸੁਰਿੰਦਰ ਛਿੰਦਾ ਪੰਜਾਬੀ ਮਾਂ ਬੋਲੀ ਵਿੱਚ ਲੋਕ ਗਾਥਾਵਾਂ, ਗੀਤ, ਕਾਫ਼ੀਆਂ ਤੇ ਹੋਰ ਸਾਹਿੱਤ ਰੂਪ ਗਾਉਣ ਦੀ ਵਿਸ਼ੇਸ਼ ਮੁਹਾਰਤ ਰੱਖਦੇ ਸਨ। ਲਗਪਗ ਪੰਜਾਹ ਸਾਲਾਂ ਦੇ ਸੰਗੀਤ ਸਫ਼ਰ ਵਿੱਚ ਉਨ੍ਹਾਂ 1000 ਤੋਂ ਵੱਧ ਗੀਤ ਰੀਕਾਰਡ ਕੀਤੇ। ਕਈ ਫਿਲਮਾਂ ਵਿੱਚ ਸੰਗੀਤ ਦੇਣ ਤੇ ਗਾਇਨ ਤੋਂ ਇਲਾਵਾ ਅਦਾਕਾਰੀ ਵੀ ਕੀਤੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅਗਲੇ ਸਾਲ ਜੁਲਾਈ ਮਹੀਨੇ ਉਨ੍ਹਾਂ ਦੀ ਦੋਸਤੀ ਦੀ ਪੰਜਾਹਵੀਂ ਵਰ੍ਹੇਗੰਢ ਸੀ। ਪੰਜਾਬੀ ਨਾਵਲਕਾਰ ਅਸ਼ੋਕ ਵਸ਼ਿਸ਼ਟ ਪਹਿਲਾਂ ਪੰਜਾਬ ਵਿੱਚ ਲੋਕ ਲਹਿਰ ਤੇ ਦੇਸ਼ ਸੇਵਕ ਅਖ਼ਬਾਰਾਂ ਦੇ ਸੰਪਾਦਕੀ ਮੰਡਲ ਵਿੱਚ ਰਹੇ ਅਤੇ ਇਸ ਵਕਤ ਆਪ ਨਵੀਂ ਦਿੱਲੀ ਵਿੱਚ ਰਹਿ ਕੇ ਨਾਵਲ ਸਿਰਜਣਾ ਕਰ ਰਹੇ ਸਨ। ਸ਼੍ਰੀ ਵਸ਼ਿਸ਼ਟ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਦੋਵੇ ਵੀਰ ਹੀ ਕਮਾਲ ਦੇ ਇਨਸਾਨ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਸਿੰਘ ਭੱਠਲ, ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਰਾਜਦੀਪ ਸਿੰਘ ਤੂਰ, ਪ੍ਰਭਜੋਤ ਸਿੰਘ ਸੋਹੀ,ਤਰਨਜੀਤ ਸਿੰਘ ਕਿੰਨੜਾ, ਮੁੱਖ ਸੰਪਾਦਕ ਸੰਗੀਤ ਦਰਪਨ,ਹਰਮੋਹਨ ਸਿੰਘ ਗੁੱਡੂ, ਜਸਮੇਰ ਸਿੰਘ ਢੱਟ, ਚੇਅਰਮੈਨ ਸਭਿਆਚਾਰਕ ਸੱਥ ਪੰਜਾਬ, ਡਾ ਨਿਰਮਲ ਜੌੜਾ, ਡਾਇਕੈਕਟਰ ਵਿਦਿਆਰਥੀ ਭਲਾਈ ਪੀ ਏ ਯੂ ਲੁਧਿਆਣਾ, ਰਵਿੰਦਰ ਰੰਗੂਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪਿਰਥੀਪਾਲ ਸਿੰਘ ਹੇਅਰ ਐੱਸ ਪੀ, ਕਰਮਪਾਲ ਸਿੰਘ ਢਿੱਲੋਂ, ਸੁਰਜੀਤ ਮਾਧੋਪੁਰੀ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ,ਅੰਗਰੇਜ਼ ਸਿੰਘ ਬਰਾੜ (ਕੈਨੇਡਾ)ਵਿਧਾਇਕ ਮਨਪ੍ਰੀਤ ਸਿੰਘ ਅਯਾਲੀ , ਜਗਦੀਸ਼ਪਾਲ ਸਿੰਘ ਗਰੇਵਾਲ, ਸਰਪੰਚ ਪਿੰਡ ਦਾਦ,ਤੇਜਪਰਤਾਪ ਸਿੰਘ ਸੰਧੂ, ਰੀਟਾਇਰਡ ਆਈ ਜੀ ਗੁਰਪ੍ਰੀਤ ਸਿੰਘ ਤੂਰ ਤੇ ਕੁਝ ਹੋਰ ਸ਼ਖ਼ਸੀਅਤਾਂ ਨੇ ਦੋਹਾਂ ਸੁਹਜਵੰਤੱ ਕਲਾਕਾਰਾਂ ਦੇ ਬੇਵਕਤ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਸ਼੍ਰੋਮਣੀ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਜੀ ਦਾ ਅੰਤਿਮ ਸੰਸਕਾਰ 29 ਜੁਲਾਈ ਸ਼ਨਿੱਚਰਵਾਰ,ਦੁਪਹਿਰ ਇੱਕ ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਲੁਧਿਆਣਾ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਸੁਰਿੰਦਰ ਛਿੰਦਾ ਪਰਿਵਾਰ ਵੱਲੋਂ ਦਿੱਤੀ ਗਈ ਹੈ।