ਜਗਰਾਓਂ, 27 ਜੁਲਾਈ ( ਭਗਵਾਨ ਭੰਗੂ, ਰੋਹਿਤ ਗੋਇਲ )-ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਬੁਨਿਆਦੀ ਸਹੂਲਤ ਨੂੰ ਮੁਹੱਈਆ ਕਰਵਾਉਣ ਲਈ ਨਗਰ ਕੌਂਸਲ ਪੂਰੀ ਤਰਾਂ ਵਚਨਬੱਧ ਹੈ। ਪੀਣ ਵਾਲਾ ਸਾਫ ਪਾਣੀ ਸਭ ਨੂੰ ਮਿਲੇ ਇਸੇ ਤਹਿਤ ਹੀਰਾ ਬਾਗ ਵਿਖੇ 40 ਐਚ.ਪੀ. ਦੀ ਨਵੀਂ ਪਾਣੀ ਦੀ ਮੋਟਰ ਲਗਾਈ ਗਈ। ਇਸ ਨਵੀਂ ਮੋਟਰ ਦਾ ਉਦਘਾਟਨ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਅਤੇ ਉਹਨਾਂ ਦੀ ਟੀਮ ਨੇ ਕੀਤਾ। ਇਸ ਮੌਕੇ ਪ੍ਰਧਾਨ ਜਤਿੰਦਰਪਾਲ ਵਲੋਂ ਕਿਹਾ ਗਿਆ ਕਿ ਮੇਰੇ ਪਿਛਲੇ 2ੌ ਸਾਲ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਈ ਨਵੀਆਂ ਮੋਟਰਾਂ ਲਗਵਾਈਆਂ ਗਈਆਂ ਹਨ। ਜਿਹਨਾਂ ਵਿੱਚ ਸਭ ਤੋਂ ਅਹਿਮ ਰਾਣੀ ਝਾਂਸੀ ਚੌਂਕ ਨੇੜੇ ਸਥਿਤ ਪਿਛਲੇ ਲਗਭਗ 10 ਸਾਲ ਤੋਂ ਬੰਦ ਪਈ ਪਾਣੀ ਦੀ ਟੈਂਕੀ ਨੂੰ 40 ਐਚ.ਪੀ. ਦੀ ਮੋਟਰ ਲਗਵਾ ਕੇ ਚਾਲੂ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਦਾਣਾ ਮੰਡੀ ਵਿਖੇ ਬੰਦ ਪਈ ਮੋਟਰ ਦੀ ਜਗ੍ਹਾ ਤੇ 30 ਐਚ.ਪੀ. ਦੀ ਮੋਟਰ ਲਗਾ ਕੇ ਚਾਲੂ ਕਰਨਾ, ਅਗਵਾੜ ਲੋਪੋ-ਡਾਲਾ ਵਿਖੇ 40 ਐਚ.ਪੀ. ਦੀ ਨਵੀਂ ਮੋਟਰ, ਚੂੰਗੀ ਨੰਬਰ 5 ਵਿਖੇ 30 ਐਚ ਪੀ ਦੀ ਨਵੀਂ ਮੋਟਰ ਲਗਵਾਉਣਾ ਵੀ ਸ਼ਾਮਲ ਹੈ। ਪ੍ਰਧਾਨ ਜਤਿੰਦਰਪਾਲ ਵਲੋਂ ਇਹ ਵਚਨਬੱਧਤਾ ਦੁਹਰਾਈ ਗਈ ਕਿ ਉਹ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਪ੍ਰਧਾਨ ਜਤਿੰਦਰਪਾਲ ਵਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਵਾਸੀਆਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਵਿਕਾਸ ਦੇ ਕਾਰਜ ਨੇਪਰੇ ਚਾੜ੍ਹਨ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜਨ। ਇਸ ਮੌਕੇ ਤੇ ਰਵਿੰਦਰ ਕੁਮਾਰ ਸੱਭਰਵਾਲ, ਰਵਿੰਦਰਪਾਲ ਸਿੰਘ ਕੌਂਸਲਰ, ਮਾਸਟਰ ਹਰਦੀਪ ਜੱਸੀ, ਪ੍ਰੇਮ ਲੋਹਟ, ਜਗਦੀਸ਼ ਪਾਲ ਮਹਿਤਾ, ਪਾਲ ਸਿੰਘ ਹਾਂਸ, ਅਸ਼ਵਨੀ ਸ਼ਰਮਾਂ ਬੱਲੂ ਠੇਕੇਦਾਰ, ਜਗਮੋਹਨ ਸਿੰਘ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਡਿੰਪਲ, ਲਖਵੀਰ ਸਿੰਘ, ਰਾਹੁਲ ਕੁਮਾਰ ਆਦਿ ਹਾਜਰ ਸਨ।