ਜਗਰਾਂਓ ਤੋਂ ਰਾਜੇਸ ਜੈਨ- ਅਤੇ ਭਗਵਾਨ ਭੰਗੂ ਜਗਰੂਪ ਸੋਹੀ ਦੀ ਵਿਸ਼ੇਸ਼ ਰਿਪੋਰਟ
ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਮੌਜੂਦਾ ਸਮੇਂ ਅੰਦਰ ਪਿੰਡ ਪਿੰਡ ਨਸ਼ਿਆਂ ਦੀ ਦਲਦਲ ਲਗਾਤਾਰ ਹੋਰ ਗਹਿਰੀ ਹੁੰਦੀ ਜਾ ਰਹੀ ਹੈ। ਜਗਰਾਓਂ ਦੇ ਸ਼ਹਿਰੀ ਹਲਕੇ ਵਿਚ ਪਿਛਲੇ ਸਮੇਂ ਤੋਂ ਨਸ਼ੇ ਅਤੇ ਹੋਰ ਕ੍ਰਾਇਮ ਦੀ ਦਰ ਵਿਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਵਿਧਾਨ ਸਭਾ ਹਲਕਾ ਜਗਰਾਓਂ ਦੇ ਪੇਂਡੂ ਖੇਤਰਾਂ ਵਿਚ ਸਥਿਤੀ ਬੇ-ਹੱਦ ਨਾਜੁਕ ਬਣੀ ਹੋਈ ਹੈ। ਕੁਝ ਸਮਾਂ ਪਹਿਲਾਂ ਸਥਾਨਕ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵਲੋਂ ਇਲਾਕੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਜਾ ਕੇ ਨਸ਼ਾ ਵਿਰੋਧੀ ਮੁਹਿਮ ਸ਼ੁਰੂ ਕੀਤੀ ਸੀ ਅਤੇ ਪਿੰਡ ਵਾਸੀਆਂ ਨੂੰ ਕਿਹਾ ਸੀ ਕਿ ਉਹ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਉਨ੍ਹਾਂ ਨੂੰ ਦੇਣ ਉਹ ਅਪਣੇ ਆਪ ਉਨ੍ਹਾਂ ਖਿਲਾਫ ਕਾਰਵਾਈ ਕਰਵਾਉਣਗੇ। ਪਰ ਉਹ ਦਾਅਵੇ ਹਵਾਈ ਹੀ ਸਾਬਿਤ ਹੋਏ। ਪਿੰਡ ਕਾਉਂਕੇ ਕਲਾਂ ਵਿਚ ਨਸ਼ੇ ਦੇ ਹਾਲਾਤਾਂ ਦੀ ਵੱਡੀ ਮਿਸਾਲ ਇਸ ਗੱਲ ਤੋਂ ਦੇਖਣ ਨੂੰ ਮਿਲ ਸਕਦੀ ਹੈ ਜਦੋਂ ਪਿੰਡ ਕਾਉਂਕੇ ਕਲਾਂ ਵਿਖੇ ਪਿੰਡ ਵਾਸੀਆਂ ਦੀ ਇਕੱਤਰਤਾ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਦੀ ਅਗਵਾਈ ਹੇਠ ਕਰਕੇ ਨਸ਼ੇ ਖਿਲਾਫ ਲਾਮਬੰਦ ਹੋਣ ਦਾ ਫੈਸਲਾ ਕੀਤਾ। ਮੀਟਿੰਗ ਵਿਚ ਇਹ ਖੁਲਾਸਾ ਹੋਇਆ ਕਿ ਡੋਡੇ, ਅਫੀਮ, ਚਰਸ, ਚਿੱਟੇ ਆਦਿ ਨਸ਼ੇ ਤੋਂ ਵਧ ਕੇ ਹੁਣ ਪਿੰਡ ਵਿਚ ਸਿਥੈਂਟਿਕ ਨਸ਼ਾ ਵੀ ਪਹੁੰਚ ਗਿਆ ਹੈ। ਪਿੰਡ ਦੇ ਇਕ ਪਰਿਵਾਰ ਵਲੋਂ ਵੇਚੇ ਜਾ ਰਹੇ ਸਿੰਥੈਟਿਕ ਨਸ਼ੇ ਦੇ ਮਾਮਲੇ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਪਿੰਡ ਅਤੇ ਗਵਾਂਢੀ ਪਿੰਡਾਂ ਦੇ ਵੱਡੀ ਗਿਣਤੀ ਨੋਜਵਾਨ ਇਸ ਨਸ਼ੇ ਦੀ ਚਾਟ ਤੇ ਲਗ ਚੁਕੇ ਹਨ। ਵੇਚਣ ਵਾਲੇ ਵਿਅਕਤੀ ਤੇ ਪਹਿਲਾਂ ਵੀ ਪੁਲਸ ਕੇਸ ਦਰਜ ਹਨ ਪਰ ਇਸਦੇ ਬਾਵਜੂਦ ਨਸ਼ੇ ਦਾ ਧੰਦਾ ਪੂਰੇ ਜੋਰ ਸ਼ੋਰ ਨਾਲ ਜਾਰੀ ਹੈ। ਪਿੰਡ ਦੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨ ਪੰਜਾਬ , ਬੀ ਕੇ ਯੂ ਲੱਖੋਵਾਲ ਦੇ ਨੁੰਮਾਇੰਦਿਆ ਅਤੇ ਪਿੰਡ ਵਾਸੀਆਂ ਤੇ ਆਧਾਰਿਤ ਨੋ ਮੈਂਬਰੀ ਨਸ਼ਾ ਵਿਰੋਧੀ ਕਮੇਟੀ ਦਾ ਮਾਸਟਰ ਸੁਰਜੀਤ ਸਿੰਘ ਦੀ ਅਗਵਾਈ ਚ ਗਠਨ ਕੀਤਾ ਗਿਆ। ਇਹ ਕਮੇਟੀ ਨਸ਼ਿਆਂ ਦੀ ਵੇਚ ਖਰੀਦ ਦੇ ਖਿਲਾਫ ਸਰਗਰਮੀ ਨਾਲ ਪਹਿਰੇਦਾਰੀ ਕਰੇਗੀ। ਉਸ ਮੌਕੇ ਇਕੱਤਰ ਪਿੰਡ ਵਾਸੀਆਂ ਤੇ ਜਥੇਬੰਦੀਆਂ ਨੇ ਨਸ਼ਾ ਵੇਚਣ ਵਾਲੇ ਪਰਿਵਾਰ ਦੇ ਘਰੇ ਜਾ ਕੇ ਪਰਿਵਾਰ ਮੁਖੀ ਨੂੰ ਇਸ ਧੰਦੇ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ। ਨਾ ਸੁਧਰਣ ਦੀ ਹਾਲਤ ਚ ਪਿੰਡ ਪੱਧਰ ਤੇ ਪਰਿਵਾਰ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਨਸ਼ੇ ਬੰਦ ਕਰਨ ਲਈ ਵਾਅਦੇ ਤਾਂ ਬਹੁਤ ਕੀਤੇ ਪਰ ਵਫਾ ਨਹੀਂ ਹੋਏ। ਉਨਾਂ ਕਿਹਾ ਕਿ ਲੋਕ ਤਾਕਤ ਤੋਂ ਬਿਨਾਂ ਨਸ਼ੇ ਦੀਂਆਂ ਜੜਾਂ ਨਹੀਂ ਵੱਢੀਆਂ ਜਾ ਸਕਦੀਆਂ ਕਿਓਂਕਿ ਨਸ਼ੇ ਸਮਗਲਰਾਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੇ ਗਠਜੋੜ ਤੋਂ ਬਿਨਾਂ ਨਹੀਂ ਵਿਕ ਸਕਦੇ।
ਪੁਲਿਸ ਅਨੁਸਾਰ 10 ਪਿੰਡ ਨਸ਼ਾ ਮੁਕਤ-
ਪੁਲਿਸ ਅਨੁਸਾਰ ਵਿਧਆਨ ਸਭਾ ਹਲਕਾ ਜਗਰਾਓਂ ਦੇ 10 ਪਿੰਡ ਬਿਲਕੁਲ ਨਸ਼ਾ ਮੁਕਤ ਹਨ। ਜਿੰਨਾਂ ਵਿਚ ਰਾਊਵਾਲ, ਜੰਡੀ, ਵਿਰਕ, ਬੰਗਸੀਪੁਰਾ, ਸੋਢੀਵਾਲ, ਤਲਵੰਡੀ ਕਲਾਂ, ਧੋਤੜ, ਕੋਟਮਾਨ. ਸ਼ੇਖ ਦੌਲਤ ਅਤੇ ਸੰਗਤਪੁਰਾ ਹਨ। ਕੀਤੀ ਗਈ ਪੜਤਾਲ ਅਨੁਸਾਰ ਇਨ੍ਹਾਂ ਰਿੰਡਾਂ ਵਿਚੋਂ ਵੀ ਸਿਰਫ ਸੰਗਤਪੁਰਾ ਪਿੰਡ ਹੀ ਅਜਿਹਾ ਹੈ ਜਿਸਨੂੰ ਨਸ਼ਾ ਮੁਕਤ ਪਿੰਡ ਕਿਹਾ ਜਾ ਸਕਦਾ ਹੈ। ਚਲੋ ! ਜੇਕਰ ਪੁਲਿਸ ਦੀ ਇਸ ਸੂਚੀ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਵਿਧਾਨ ਸਭਾ ਹਲਕਾ ਜਗਰਾਓਂ ਵਿਚ 81 ਪਿੰਡ ਹਨ। ਜਿਸਦਾ ਸਿੱਧਾ ਅਰਥ ਇਹ ਹੈ ਕਿ ਪੁਲਿਸ ਵੀ ਇਹ ਮੰਨਦੀ ਹੈ ਕਿ ਇਲਾਕੇ ਦੇ 71 ਪਿੰਡਾਂ ਵਿਚ ਨਸ਼ਾ ਵਿਕਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਜੋ ਨਸ਼ੇ ਖਤਮ ਕਰਨ ਦੇ ਦਾਅਵੇ ਕਰਦੀ ਹੈ ਅਤੇ ਸਥਾਨਕ ਵਿਧਾਇਕਾ ਜੋ ਨਸ਼ੇ ਖਿਲਾਫ ਵੱਥ ਵੱਖ ਪਿੰਡਾਂ ਵਿਚ ਜਾ ਕੇ ਮੁਹਿੰਮ ਚਲਾਉਣ ਦੇ ਦਾਅਵੇ ਕਰਦੇ ਹਨ ਉਹ ਸਭ ਹਵਾ ਵਿਚ ਹੀ ਹਨ ? ਹਲਕੇ ਦੇ ਪੇਂਡੂ ਹਲਕਿਆਂ ਵਿਚ ਸਰਕਾਰ ਅਤੇ ਪੁਲਿਸ ਤੋਂ ਉਮੀਦ ਛੱਡ ਕੇ ਖੁਦ ਨਸ਼ਿਆਂ ਖਿਲਾਫ ਸਰਗਰਮ ਹੋਣੇ ਸ਼ੁਰੂ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਨਸ਼ਿਅਆੰ ਖਿਲਾਫ ਪੁਲਿਸ ਦੀ ਕਿਸੇ ਵੀ ਵੱਡੀ ਸਰਚ ਮੁਹਿਮ ਵਿਚ ਵੀ ਕਦੇ ਕੋਈ ਵੱਡਾ ਨਸ਼ਾ ਤਸਕਰ ਨਹੀਂ ਮਿਲਿਆ। ਜਦੋਂ ਕਿ ਲੋਕ ਆਪਣੇ ਆਪਣੇ ਹਲਕੇ ਅਤੇ ਪਿੰਡਾਂ ਵਿਚ ਨਸ਼ਾ ਤਸਕਰਾਂ ਖਿਲਾਫ ਪੁਲਿਸ ਨੂੰ ਦੁਹਾਈ ਦਿੰਦੇ ਹਨ।
ਸ਼ਹਿਰ ਦੇ ਹਾਲਤ ਸੁਧਰੇ-
ਕੁਝ ਸਮਾਂ ਪਹਿਲਾਂ ਜਗਰਾਓਂ ਇਲਾਕੇ ਵਿਚ ਨਸ਼ੇ ਅਤੇ ਅਪਰਾਧਿਕ ਗਤੀਵਿਧੀਆਂ ਖੂਬ ਦੇਖਣ ਨੂੰ ਮਿਲ ਰਹੀਆਂ ਸਨ। ਪਰ ਮੌਜੂਦਾ ਸਮੇਂ ਅੰਦਰ ਹਾਲਾਤਾਂ ਵਿਚ ਕਾਫੀ ਸੁਧਾਰ ਨਜ਼ਰ ਆ ਰਿਹਾ ਹੈ। ਇੰਸਪੈਕਟਰ ਜਗਜੀਤ ਸਿੰਘ ਦੇ ਥਾਣਾ ਸਿਟੀ ਦੇ ਇੰਚਾਰਜ ਸੰਭਾਲਿਆ ਹੈ। ਉਸ ਸਮੇਂ ਤੋਂ ਪੁਲਿਸ ਦੀ ਵਿਸ਼ੇਸ਼ ਨਾਕਾਬੰਦੀ, ਰਾਤ ਸਮੇਂ ਨਿਯਮਤ ਸਮੇਂ ਅਨੁਸਾਰ ਦੁਕਾਨਾਂ ਬੰਦ ਕਰਵਾਉਣੀਆਂ ਅਤੇ ਦਿਨ ਰਾਤ ਸਮੇਂ ਸ਼ਹਿਰੀ ਹਲਕੇ ਵਿਚ ਪੁਲਿਸ ਦੀ ਗਸ਼੍ਰਤ ਤੇਜ ਹੋਣ ਦੇ ਨਾਲ ਨਾਲ ਖੁਦ ਥਾਣਾ ਮੁਖੀ ਵਲੋਂ ਦੇਰ ਰਾਤ ਤੱਕ ਸੜਕਾਂ ਤੇ ਨਜ਼ਰ ਆਉਣ ਨਾਲ ਅਪਰਾਧੀ ਲੋਕਾਂ ਵਿਚ ਪੁਲਿਸ ਦਾ ਖੌਫ ਪੈਦਾ ਹੋਇਆ ਹੈ। ਜਿਸ ਕਾਰਨ ਨਸ਼ੇੜੀ, ਨਸ਼ਾ ਤਸਕਰ ਅਤੇ ਅਪਰਾਧੀ ਕਿਸਮ ਦੇ ਲੋਕ ਖਾਮੋਸ਼ ਹੋ ਕੇ ਬੈਠ ਗਏ ਹਨ। ਸ਼ਹਿਰੀ ਹਲਕੇ ਵਿਚ ਅਪਰਾਧ ਦਰ ਅਤੇ ਨਸ਼ੇ ਦੀ ਆਮਦ ਘਟਣ ਲਈ ਥਾਣਾ ਸਿਟੀ ਦੇ ਇੰਚਾਰਜ ਜਗਜੀਤ ਸਿੰਘ ਵਧਾਈ ਦੇ ਪਾਤਰ ਹਨ।