ਮਣੀਪੁਰ ਵਿੱਚ ਵਾਪਰੀ ਸ਼ਰਮਨਾਕ ਘਟਨਾ ਨੂੰ ਲੈ ਕੇ ਦੇਸ਼ ਭਰ ਵਿੱਚ ਬਬਾਲ ਮੱਚਿਆ ਹੋਇਆ ਹੈ। ਜਿਸ ਨੂੰ ਲੈ ਕੇ ਦੇਸ਼ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਲਗਾਤਾਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਤੋਂ ਇਸ ਸ਼ਰਮਨਾਕ ਘਟਨਾ ਸੰਬੰਧੀ ਸੰਸਦ ਵਿਚ ਬਿਆਨ ਦੇਣ ਦੀ ਮੰਗ ਕਰ ਰਹੀਆਂ ਹਨ। ਜਿਸ ਕਾਰਨ ਸੰਸਦ ਵਿਚ ਸੈਸ਼ਨ ਦੌਰਾਨ ਲਗਾਤਾਰ ਡੈੱਡਲਾਕ ਜਾਰੀ ਅਤੇ ਇਸੇ ਹੰਗਾਮੇ ਕਾਰਨ ਰੋਜਾਨਾ ਦੋਵੇਂ ਸਦਨਾ ਦੀ ਕਾਰਵਾਈ ਮੁਲਤਵੀ ਕਰ ਦਿਤੀ ਜਾਂਦੀ ਹੈ। ਦੇਸ਼ ਦੀਆਂ ਲਗ ਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਤੋਂ ਮਨੀਪੁਰ ਘਟਨਾ ਨੂੰ ਲੈ ਕੇ ਸਵਾਲ ਕਰ ਰਹੀਆਂ ਹਨ। ਸਮੁੱਚਾ ਦੇਸ਼ ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਉਡੀਕ ਕਰ ਰਿਹਾ ਹੈ ਪਰ ਪ੍ਰਧਾਨ ਮੰਤਰੀ ਜੀ ਸਦਨ ਦੇ ਬਾਹਰ ਤਾਂ ਬਹੁਤ ਬਿਆਨ ਦਿੰਦੇ ਹਨ, ਪਰ ਸਦਨ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਬੋਲਣ ਲਈ ਤਿਆਰ ਨਹੀਂ ਹਨ। ਜੋ ਸਭ ਨੂੰ ਹੈਰਾਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਇਸ ਰਵਈਏ ਨੂੰ ਲੈ ਕੇ ਸਮੁੱਚੇ ਵਿਰੋਧੀ ਧਿਰ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਸਦਨ ਵਿੱਚ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਭਾਵੇਂ ਕਿ ਇਹ ਸਾਰੇ ਜਾਣਦੇ ਹਨ ਕਿ ਕੇਂਦਰ ਵਿਚ ਮੋਦੀ ਸਰਕਾਰ ਕੋਲ ਆਪਣਾ ਸਪੱਸ਼ਟ ਬਹੁਮਤ ਹੈ ਪਰ ਇਸ ਦੇ ਬਾਵਜੂਦ ਬੇਭਰੋਸਗੀ ਮਤੇ ਦਾ ਮਤਲਬ ਇਹ ਹੈ ਕਿ ਮਣੀਪੁਰ ਵਿਖੇ ਹੋਈ ਸ਼ਰਮਨਾਕ ਘਟਨਾ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਵਿਚ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ ਤੇ ਚਰਚਾ ਹੋਵੇਗੀ ਅਤੇ ਅੰਤ ਵਿੱਚ ਉਨ੍ਹਾਂ ਸਾਰੀਆਂ ਚਰਚਾਵਾਂ ਦਾ ਜਵਾਬ ਪ੍ਰਧਾਨ ਮੰਤਰੀ ਨੂੰ ਦੇਣਾ ਹੋਵੇਗਾ। ਪ੍ਰਧਾਨ ਮੰਤਰੀ ਆਮ ਤੌਰ ’ਤੇ ਇਸ ਗੱਲ ਲਈ ਪ੍ਰਸਿੱਧ ਹਨ ਕਿ ਜਦੋਂ ਵੀ ਦੇਸ਼ ’ਚ ਕਿਤੇ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਸਦਨ ’ਚ ਜਵਾਬ ਦੇਣ ਦੀ ਬਜਾਏ ਬਾਹਰ ਜਨਤਕ ਰੈਲੀਆਂ ਅਤੇ ਹੋਰ ਸਾਂਝੇ ਪਲੇਟਫਾਰਮਾਂ ਤੇ ਵਿਰੋਧੀ ਧਿਰਾਂ ਨੂੰ ਖੂਬ ਨਿਸ਼ਾਨੇ ਤੇ ਲੈਂਦੇ ਹਨ। ਜਿਵੇਂ ਕਿ ਹੁਣ ਮਣੀਪੁਰ ਕਾਂਡ ਦੇ ਸੰਬੰਧ ਵਿਚ ਹੋ ਰਿਹਾ ਹੈ। ਪਿਛਲੇ ਦਿਨੀਂ ਮਣੀਪੁਰ ਵਿਚ ਵਾਪਰੀ ਸ਼ਰਮਨਾਕ ਘਟਨਾ ਨੂੰ ਲੈ ਕੇ ਸਮੁੱਚੇ ਦੇਸ਼ ਵਿਚ ਗੁੱਸੇ ਦੀ ਲਹਿਰ ਹੈ। ਹਰ ਜਗ੍ਹਾ ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਉਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣੀ ਨੀਤੀ ਅਤੇ ਨੀਅਤ ਪੂਰੀ ਤਰ੍ਹਾਂ ਸਪੱਸ਼ਟ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਕਿਸੇ ਪਾਰਟੀ ਜਾਂ ਇਕ ਸੂਬੇ ਦੇ ਨਹੀਂ ਸਗੋਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਕਿਸੇ ਇੱਕ ਫਿਰਕੇ,ਧਰਮ ਜਾਂ ਸੂਬੇ ਦੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਹੁੰਦੀ ਹੈ। ਉਹ ਦੇਸ਼ ਦੀ 130 ਕਰੋੜ ਦੀ ਆਬਾਦੀ ਲਈ ਜਵਾਬਦੇਹ ਹਨ। ਇਸ ਲਈ ਉਨ੍ਹਾਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦੇ ਤੇ ਇਸ ਤਰ੍ਹਾਂ ਦਾ ਵਤੀਰਾ ਨਹੀਂ ਅਪਨਾਉਣਾ ਚਾਹੀਦਾ। ਪ੍ਰਧਾਨ ਮੰਤਰੀ ਵਲੋਂ ਮਨੀਪੁਰ ਵਰਗੀ ਸ਼ਰਮਨਾਕ ਘਟਨਾ ’ਤੇ ਕੋਈ ਜਵਾਬ ਨਾ ਦੇਣਾ ਸਭ ਲਈ ਹੈਰਾਨੀਜਨਕ ਹੈ। ਉਨ੍ਹਾਂ ਨੂੰ ਮਣੀਪੁਰ ਵਿਚ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹਿੰਸਾ ਨੂੰ ਦੇਖਦੇ ਹੋਏ ਤੁਰੰਤ ਸਖਤ ਕਦਮ ਉਠਾਉਣ ਦੇ ਨਿਰਦੇਸ਼ ਜਾਰੀ ਕਰਨੇ ਚਾਹੀਦੇ ਸਨ। ਪਰ ਸਮੁੱਚੇ ਦੇਸ਼ ਭਰ ਤੋਂ ਮਣੀਪੁਰ ਵਿਚ ਵਾਪਰ ਰਹੀਆਂ ਹਿੰਸਕ ਘਟਵਾਨਾਂ ਦੀ ਚਰਚਾ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜੀ ਖਾਮੋਸ਼ ਰਹੇ। ਜਦੋਂ ਉਥੇ ਬੇਹੱਦ ਸ਼ਰਮਨਾਕ ਘਟਨਾ ਵਾਪਰੀ ਜਿਸ ਨਾਲ ਸਮੁੱਚੇ ਦੇਸ਼ ਦਾ ਸਿਰ ਦੁਨੀਆਂ ਭਰ ਵਿਚ ਸ਼ਰਮ ਨਾਲ ਨੀਵਾਂ ਹੋ ਗਿਆ ਤਾਂ ਉਸ ਘਟਨਾ ਤੋਂ ਬਾਅਦ ਵੀ ਉਨ੍ਹਾਂ ਵਲੋਂ ਇਸ ਘਟਨਾ ਦੀ ਨਿੰਦਾ ਕਰਕੇ ਸਖਤ ਕਾਰਵਾਈ ਦੇ ਨਿਰਦੇਸ਼ ਦੇ ਕੇ ਪਬਲਿਕ ਨੂੰ ਸ਼ਾਂਤ ਕਰਨਾ ਚਾਹੀਦਾ ਸੀ। ਪਰ ਹੋਇਆ ਇਸਦੇ ਉਲਟ ਪ੍ਰਧਾਨ ਮੰਤਰੀ ਜੀ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਸਰਕਦਨ ਵਿਚ ਬੋਲਣ ਦੀ ਬਜਾਏ ਸਦਨ ਤੋਂ ਬਾਹਰ ਬਿਆਨਬਾਜੀ ਕਰ ਰਹੇ ਹਨ ਉਹ ਵੀ ਇਸ ਤਰ੍ਹਾਂ ਕਿ ਉਹ ਦੇਸ਼ ਵਿਚ ਵਾਪਰੀਆਂ ਪੁਰਾਣੀਆਂ ਘਟਨਾਵਾਂ ਦਾ ਜਿਕਰ ਕਰਕੇ ਵਿਰੋਧੀ ਘਿਰਾਂ ਨੂੰ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਅਜਿਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ ਤਾਂ ਤੁਰੰਤ ਇਸ ਘਟਨਾ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵਿਰੋਧੀ ਧਿਰ ਨੂੰ ਅਜਿਹੀ ਕੋਈ ਕਾਰਵਾਈ ਕਰਨ ਦਾ ਮੌਕਾ ਨਾ ਮਿਲਦਾ। ਪ੍ਰਧਾਨ ਮੰਤਰੀ ਜੀ ਵੀ ਇਸ ਦੇਸ਼ ਦੇ ਨਾਗਰਿਕ ਹਨ। ਜਿਸ ਤਰ੍ਹਾਂ ਦੇਸ਼ ਦੇ ਸਾਰੇ ਨਾਗਰਿਕ ਇਸ ਘਟਨਾ ਤੋਂ ਦੁਖੀ ਹਨ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਦੱੁਖ ਹੋਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਇਸ ਦਾ ਜਵਾਬ ਸਸੰਦ ਵਿਚ ਬਿਨਾਂ ਦੇਰੀ ਤੋਂ ਬਿਨਾਂ ਦੇਣਾ ਚਾਹੀਦਾ ਸੀ। ਹੁਣ ਪਿਛਲੇ ਦਿਨਾਂ ਤੋਂ ਇਸ ਗੱਲ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਦੋਵੇਂ ਸਦਨਾ ਦਾ ਬੇਸ਼ਕੀਮਤੀ ਸਮਾਂ ਖਰਾਬ ਹੋ ਰਿਹਾ ਹੈ। ਸੈਸ਼ਨ ਦੌਰਾਨ ਦੇਸ਼ ਹਿਤ ਵਿਚ ਫੈਸਲੇ ਲਏ ਜਾਂਦੇ ਹਨ। ਇਸ ਲਈ ਇਸ ਗਤੀਰੋਧ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨੂੰ ਤੁਰੰਤ ਇਸ ਦੇ ਹੱਲ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਸਦਨ ਰਾਹੀਂ ਸਮੁੱਚੇ ਗੇਸ਼ ਵਾਸੀਆਂ ਨੂੰ ਇਹ ਯਕੀਨ ਦਵਾਉਣਾ ਚਾਹੀਦਾ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਅੰਦਰ ਫਿਰ ਤੋਂ ਕੋਈ ਅਜਿਹੀ ਸ਼ਰਮਨਾਕ ਘਟਨਾ ਦੁਬਾਰਾ ਨਹਾਂ ਵਾਪਰਨ ਦੇਣਗੇ।
ਹਰਵਿੰਦਰ ਸਿੰਘ ਸੱਗੂ।