ਸਿੱਧਵਾਂਬੇਟ, 12 ਅਗਸਤ ( ਅਸ਼ਵਨੀ )-ਥਾਣਾ ਸਿੱਧਵਾਂਬੇਟ ਅਤੇ ਥਾਣਾ ਹਠੂਰ ਦੀ ਪੁਲਿਸ ਪਾਰਟੀਆ ਨੇ 303 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਅਤੇ 50 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਥਾਣਾ ਸਿੱਧਵਾਂਬੇਟ ਤੋਂ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜਸਵੰਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਚੌਕ ਭੂੰਦੜੀ ਵਿਖੇ ਮੌਜੂਦ ਸੀ। ਉੱਥੇ ਸੂਚਨਾ ਮਿਲੀ ਸੀ ਕਿ ਗੁਰਜੰਟ ਸਿੰਘ ਉਰਫ ਜੰਟਾ ਆਪਣੇ ਮੋਟਰਸਾਈਕਲ ’ਤੇ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ, ਜੋ ਕਿ ਗੋਲੀਆਂ ਦੀ ਸਪਲਾਈ ਕਰਨ ਲਈ ਚੌਕ ਕੋਟਮਾਨ ਵਿਖੇ ਖੜ੍ਹਾ ਹੈ। ਇਸ ਸੂਚਨਾ ’ਤੇ ਛਾਪੇਮਾਰੀ ਕਰਕੇ ਗੁਰਜੰਟ ਸਿੰਘ ਉਰਫ ਜੰਟਾ ਨੂੰ 303 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਹਠੂਰ ਦੇ ਏ.ਐਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪੁਲ ਸੂਆ ਟੀ ਪੁਆਇੰਟ ਅੱਚਰਵਾਲ ਫੇਰੂਰਾਈ ਰੋਡ ’ਤੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਪਰਵਿੰਦਰ ਸਿੰਘ ਉਰਫ ਡੰਕਾ ਵਾਸੀ ਪਿੰਡ ਝੋਰੜਾਂ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜਿਸ ਨੇ ਵੱਡੀ ਮਾਤਰਾ ਵਿੱਚ ਵੇਚਣ ਲਈ ਆਪਣੇ ਘਰ ਵਿੱਚ ਸ਼ਰਾਬ ਸਟੋਰ ਕੀਤੀ ਹੋਈ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਪਰਵਿੰਦਰ ਸਿੰਘ ਉਰਫ ਡੰਕਾ ਨੂੰ 50 ਬੋਤਲਾਂ ਸ਼ਰਾਬ ਦੇਸੀ ਮਾਰਕਾ ਪੰਜਾਬ ਰਾਣੋ ਸਂੌਫੀ ਸਮੇਤ ਕਾਬੂ ਕੀਤਾ ਗਿਆ।