ਸੁਧਾਰ, 12 ਅਗਸਤ ( ਜਸਵੀਰ ਹੇਰਾਂ )-ਸ਼ਰਾਬ ਦੇ ਠੇਕਿਆਂ ’ਤੇ ਲੱਗੇ 2 ਸੇਲਜ਼ ਕੰਪਨੀ ਦੇ 1,32,550 ਰੁਪਏ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਦੋਵਾਂ ਖ਼ਿਲਾਫ਼ ਥਾਣਾ ਸੁਧਾਰ ਵਿੱਚ ਕੇਸ ਦਰਜ ਕੀਤਾ ਗਿਆ। ਏ.ਐੱਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਰਸੇਮ ਕਾਲੋਨੀ ਜਸੀਆਂ ਰੋਡ ਲੁਧਿਆਣਾ ਦੇ ਰਹਿਣ ਵਾਲੇ ਰਾਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਰਾਤ ਨੂੰ ਸ਼ਰਾਬ ਦੇ ਠੇਕਿਆਂ ਤੋਂ ਨਕਦੀ ਲੈਣ ਗਿਆ ਸੀ। ਜਦੋਂ ਰਾਤ ਕਰੀਬ 10.30 ਵਜੇ ਉਹ ਰਾਜੋਆਣਾ ਕਲਾਂ ਬ੍ਰਾਂਚ ਕੋਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਬ੍ਰਾਂਚ ਦੇ ਸੇਲਜ਼ਮੈਨ ਨੇ ਠੇਕੇ ਨੂੰ ਤਾਲਾ ਲਗਾਇਆ ਹੋਇਆ ਸੀ ਅਤੇ ਆਪ ਉਹ ਉਥੋਂ ਫਰਾਰ ਸੀ। ਇਸੇ ਤਰ੍ਹਾਂ ਜਦੋਂ ਉਹ ਘੁਮਾਣ ਰੋਡ ਸੁਧਾਰ ਬ੍ਰਾਂਚ ਕੋਲ ਪਹੁੰਚਿਆ ਤਾਂ ਉਸ ਦੁਕਾਨ ਨੂੰ ਵੀ ਸੇਲਜ਼ਮੈਨ ਵੱਲੋਂ ਤਾਲਾ ਲਾਇਆ ਹੋਇਆ ਸੀ ਅਤੇ ਉਹ ਵੀ ਉਥੇ ਨਹੀਂ ਸੀ। ਮੌਕੇ ’ਤੇ ਉਨ੍ਹਾਂ ਨੇ ਆਪਣੇ ਮੈਨੇਜਰ ਅਮਿਤ ਖੰਨਾ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਰਾਜੋਆਣਾ ਕਲਾਂ ਬ੍ਰਾਂਚ ਦੀ ਕੁੱਲ ਉਗਰਾਹੀ 33, 630 ਰੁਪਏ ਸੀ। ਬ੍ਰਾਂਚ ਘੁਮਾਣ ਰੋਡ ਸੁਧਾਰ ਦੀ.98,920 ਰੁਪਏ ਸੀ। ਜੋ ਕਿ ਸੇਲਜਮੈਨ ਉਮੇਸ਼ ਕੁਮਾਰ ਅਤੇ ਪ੍ਰਭਲ ਕੁਮਾਰ ਲੈ ਕੇ ਫ਼ਰਾਰ ਹੋ ਗਏ। ਦੋਵਾਂ ਸੇਲਜ਼ਮੈਨਾਂ ਨੇ ਮਿਲ ਕੇ ਕੰਪਨੀ ਨਾਲ 1,32,550 ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਰਾਜ ਕੁਮਾਰ ਦੇ ਬਿਆਨਾਂ ’ਤੇ ਉਮੇਸ਼ ਕੁਮਾਰ ਪੁੱਤਰ ਨੇਤਰ ਸਿੰਘ ਅਤੇ ਪ੍ਰਭਲ ਕੁਮਾਰ ਪੁੱਤਰ ਨਰੇਸ਼ ਚੰਦਰ ਵਾਸੀ ਪਿੰਡ ਪਹਾੜਪੁਰ ਸਰੋਲੀ, ਜ਼ਿਲ੍ਹਾ ਫਰੂਖਾਬਾਦ, ਉੱਤਰ ਪ੍ਰਦੇਸ਼ ਦੇ ਖ਼ਿਲਾਫ਼ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।