ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਚੰਡੀਗੜ੍ਹ/ਫਿਰੋਜ਼ਪੁਰ, 23 ਜੁਲਾਈ(ਰਾਜੇਸ ਜੈਨ) ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਡੀ.ਜੀ.ਪੀ.) ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਰਹੱਦ ਪਾਰੋਂ ਤਸਕਰੀ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੰਦਿਆਂ , ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ 20 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਉਪਰੰਤ ਪਾਕਿਸਤਾਨ ਸਥਿਤ ਤਸਕਰਾਂ ਦੀ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨੇਸਤੇ-ਨਾਬੂਤ ਕਰ ਦਿੱਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਾਜ਼ਿਲਕਾ ਦੇ ਲਖਮੀਰ ਕੇ ਉਤਾੜ ਦੇ ਰਹਿਣ ਵਾਲੇ ਸੁਬੇਗ ਸਿੰਘ ਅਤੇ ਫਾਜ਼ਿਲਕਾ ਦੇ ਪਿੰਡ ਮਾਨਸਾ ਦੇ ਸੰਦੀਪ ਸਿੰਘ ਉਰਫ ਸੀਪਾ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਨੇ ਪਾਕਿ ਸਥਿਤ ਤਸਕਰਾਂ ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਲਿਆਉਣ ਦੀ ਕੋਸ਼ਿਸ਼ ਸਬੰਧੀ ਖ਼ੁਫ਼ੀਆ ਇਤਲਾਹ ਦਿੱਤੀ ਸੀ ਅਤੇ ਇਸੇ ਸੂਚਨਾ ਦੇ ਆਧਾਰ ’ਤੇ ਐਸ.ਐਸ.ਓ.ਸੀ. ਫਾਜ਼ਿਲਕਾ ਦੀਆਂ ਪੁਲੀਸ ਟੀਮਾਂ ਨੇ ਫਾਜ਼ਿਲਕਾ ਦੇ ਪਿੰਡ ਰਾਣੋ ਨੇੜੇ ਹਸਤੇ ਕੇ ਰੋਡ ’ਤੇ ਇੱਕ ਵਿਆਪਕ ਕਾਰਵਾਈ ਕੀਤੀ, ਜਿੱਥੇ ਉਕਤ ਮੁਲਜ਼ਮਾਂ ਦੇ ਸਰਹੱਦ ਤੋਂ ਡਰੋਨ ਰਾਹੀਂ ਸੁੱਟੀ ਨਸ਼ੇ ਦੀ ਖੇਪ ਪ੍ਰਾਪਤ ਕਰ ਕਰਕੇ ਲੰਘਣ ਦਾ ਖ਼ਦਸ਼ਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਮੌਕੇ ਤੋਂ ਆਪਣੇ ਮੋਟਰਸਾਈਕਲ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਟੀਮ ਨੇ ਥੋੜ੍ਹੇ ਹੀ ਹੱਥੋ-ਪਾਈ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਦੋਸ਼ੀਆਂ ਕੋਲੋਂ 10 ਪੈਕਟਾਂ ਵਿਚ ਕੁੱਲ 20 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏ.ਆਈ.ਜੀ.) ਐਸ.ਐਸ.ਓ.ਸੀ. ਫਾਜ਼ਿਲਕਾ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਮਾਡਿਊਲ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਥਾਣਾ ਐਸ.ਐਸ.ਓ.ਸੀ ,ਫਾਜ਼ਿਲਕਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21(ਸੀ), 23 ਅਤੇ 29 ਅਧੀਨ ਮੁਕੱਦਮਾ ਨੰਬਰ 24 ਮਿਤੀ 23.07.2023 ਨੂੰ ਦਰਜ ਕੀਤਾ ਗਿਆ ਹੈ।