ਅੱਜ ਕੱਲ੍ਹ ਇੱਕ ਸ਼ੇਅਰ ‘‘ ਬਾਤ ਇਧਰ ਉਧਰ ਕੀ ਨਾ ਕਰ, ਯੇਹ ਬਤਾ ਕਿ ਤੇਰੀ ਰਹਿਬਰੀ ਮੇਂ ਕਾਫਿਲਾ ਕਿਉਂ ਲੂਟਾ ’’ ਦੀਆਂ ਲਾਈਨਾਂ ਖੂਬ ਚਰਚਾ ਵਿੱਚ ਹਨ। ਮੌਜੂਦਾ ਸਿਆਸੀ ਦੌਰ ਵਿੱਚ ਇਸ ਸ਼ੇਅਰ ਨੂੰ ਹਰ ਕੋਈ ਆਪਣੀ ਮਰਜ਼ੀ ਅਨੁਸਾਰ ਖੂਬ ਚਟਖਾਰੇ ਲੈ ਕੇ ਸੁਣਾ ਰਿਹਾ ਹੈ। ਮਣੀਪੁਰ ਵਿਚ ਪਿਛਲੇ ਸਮੇਂ ’ਚ ਜੋ ਸ਼ਰਮਨਾਕ ਘਟਨਾ ਵਾਪਰੀ ਅਤੇ ਹਿੰਸਕ ਘਟਨਾਵਾਂ ਵਾਪਰੀਆਂ, ਉਸਤੋਂ ਬਾਅਦ ਹਰਿਆਣਾ ਦੇ ਮੂੰਹ ਵਿਚ ਜੋ ਹਿੰਸਕ ਤਾਂਡਵ ਹੋਇਆ ਉਸ ਨਾਲ ਸਮੁੱਚੇ ਦੇਸ਼ ਵਿਚ ਗੁੱਸਲੇ ਦੀ ਲਹਿਰ ਹੈ। ਇਨ੍ਹਾਂ ਦੋਵਾਂ ਮੁÇੱਦਆਂ ਨੂੰ ਲੈ ਕੇ ਦੇਸ਼ ਦੀ ਰਾਜਨੀਤੀ ਵੀ ਕਾਫੀ ਗਰਮਾਈ ਹੋਈ ਹੈ। ਮਣੀਪੁਰ ਵਿਚ ਹਿੰਸਾ ਕਾਰਨ ਪੂਰਾ ਦੇਸ਼ ਅੱਗ ਦੀ ਲਪੇਟ ’ਚ ਹੈ, ਇਸ ਬਹੁਤ ਹੀ ਨਿੰਦਣਯੋਗ ਘਟਨਾ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਚੁੱਪ ਰਹੇ। ਲੰਬੇ ਸਮੇਂ ਤੋਂ ਨਾ ਤਾਂ ਕੋਈ ਬਿਆਨ ਦਿੱਤਾ ਅਤੇ ਨਾ ਹੀ ਕੋਈ ਯੋਗ ਕਦਮ ਉਠਾਏ। ਇਸ ਮਾਮਲੇ ’ਤੇ ਸਮੁੱਚੀ ਵਿਰੋਧੀ ਧਿਰ ਇਕਜੁੱਟ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਣੀਪੁਰ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਪਾਸੋਂ ਲਗਾਤਾਰ ਸਵਾਲ ਪੁੱਛ ਰਹੀ ਸੀ। ਪ੍ਰਧਾਨ ਮੰਤਰੀ ਵਲੋਂ ਪੂਰੀ ਤਰ੍ਹਾਂ ਨਾਲ ਖਾਮੋਸ਼ੀ ਧਾਰਨ ਕਰ ਲੈਣ ਤੇ ਸੰਸਦ ਸੈਸ਼ਨ ਦੌਰਾਨ ਵਿਰੋਧੀ ਸੰਸਦ ਮੈਂਬਰ ਪ੍ਰਧਾਨ ਮੰਤਰੀ ਤੋਂ ਮਣੀਪੁਰ ਹਿੰਸਾ ’ਤੇ ਬੋਲਣ ਦੀ ਮੰਗ ਕਰਦੇ ਰਹੇ। ਜਦੋਂ ਉਨ੍ਹਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਤਾਂ ਪ੍ਰਧਾਨ ਮੰਤਰੀ ਪਾਸੋਂ ਮਣੀਪੁਰ ਹਿੰਸਾ ਅਤੇ ਸ਼ਰਮਨਾਕ ਘਟਨਾ ਬਾਰੇ ਸੰਸਦ ਵਿਚ ਬਿਆਨ ਦਵਾਉਣ ਲਈ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਜਿਸ ਨਾਲ ਵਿਰੋਧੀ ਧਿਰ ਵਲੋਂ ਉਨ੍ਹਾਂ ਨੂੰ ਸਦਨ ’ਚ ਆਉਣ ਲਈ ਮਜ਼ਬੂਰ ਕੀਤਾ ਗਿਆ। ਹਰ ਕੋਈ ਵੀਰਵਾਰ ਨੂੰ ਸਦਨ ਦੀ ਕਾਰਵਾਈ ਦੇਖ ਰਿਹਾ ਸੀ ਕਿਉਂਕਿ ਉਸ ਦਿਨ ਰਾਹੁਲ ਗਾਂਧੀ ਨੇ ਵੀ ਸੰਬੋਧਨ ਕਰਨਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਬੋਧਨ ਕਰਨਾ ਸੀ। ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੀ ਤਰਫੋਂ ਆਪਣੀ ਆਵਾਜ਼ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ। ਜਿਵੇਂ ਕਿ ਇਸ ਤੋਂ ਪਹਿਲਾਂ ਵੀ ਹੁੰਦਾ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਉਨ੍ਹਾਂ ਦੀ ਹਰ ਗੱਲ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਵਾਰ ਵੀ ਅਜਿਹਾ ਹੀ ਕੀਤਾ ਗਿਆ। ਪਰ ਜਿਹੜੀਆਂ ਗੱਲਾਂ ਉਹ ਹਾਊਸ ਵਿਚ ਬੋਲ ਗਏ ਉਸ ਨਾਲ ਉਹ ਆਪਣੀ ਛਾਪ ਛੱਡਣ ਵਿਚ ਸਫਲ ਰਹੇ। ਦੇਸ਼ ਵਾਸੀਆਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਮਣੀਪੁਰ ਹਿੰਸਾ ਤੋਂ ਕਰਨਗੇ ਅਤੇ ਮਣੀਪੁਰ ਲਈ ਕੁਝ ਵਿਸ਼ੇਸ਼ ਬੋਲਣਘਏ ਅਤੇ ਵਿਸ਼ੇਸ਼ ਕਰਨ ਦਾ ਐਲਾਣ ਕਰਨਗੇ। ਪਰ ਅਜਿਹਾ ਕੁਝ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਕਾਂਗਰਸ ’ਤੇ ਸ਼ੁਰੂ ਕਰਕੇ ਕਾਂਗਰਸ ’ਤੇ ਹੀ ਖਤਮ ਕਰ ਦਿੱਤਾ। ਨਹਿਰੂ ਗਾਂਧੀ ਪਰਿਵਾਰ ਹੀ ਉਨ੍ਹਾਂ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਨਿਸ਼ਾਨੇ ਤੇ ਰਹੇ। ਕਾਂਗਰਸ ਪਾਰਟੀ ਨੂੰ ਪਾਣੀ ਪੀ ਕੇ ਕੋਸਿਣ ਵਿਚ ਲੱਗੇ ਰਹੇ। ਪ੍ਰਧਾਨ ਮੰਤਰੀ ਦੇਸ਼ ਪ੍ਰਤੀ ਆਪਣੇ ਜਿੰਮੇਵਾਰੀ ਦੀ ਗੱਲ ਕਰਨ ਦੀ ਬਜਾਏ ਕਾਂਗਰਸ ਦੇ ਖਿਲਾਫ ਬੋਲਦੇ ਰਹੇ। ਕਈ ਵਾਰ ਇੰਡੀਆ ਸੰਗਠਨ ਦਾ ਨਾਮ ਵੀ ਲੈਂਦੇ ਰਹੇ। ਕਾਂਗਰਸ ਦੇ ਸ਼ਾਸਨ ਦੌਰਾਨ ਵਾਪਰੀਆਂ ਵੱਡੀਆਂ ਘਟਨਾਵਾਂ ਦਾ ਵੀ ਜ਼ਿਕਰ ਕਰਦੇ ਰਹੇ ਪਰ ਆਪਣੀ ਗੱਲ ਕਹਿਣ ਤੋਂ ਅੰਤ ਤੱਕ ਟਾਲਾ ਹੀ ਵੱਟਦੇ ਰਹੇ। ਲੰਮਾ ਸਮਾਂ ਇਕੋ ਗੱਲ ’ਤੇ ਭਾਸ਼ਣ ਦੇਣ ’ਤੇ ਵਿਰੋਧੀ ਧਿਰ ਨੇ ਸਦਨ ’ਚੋਂ ਹੰਗਾਮਾ ਕਰਕੇ ਵਾਕਆਊਟ ਕਰ ਦਿਤਾ ਤਾਂ ਜਦੋਂ ਵਿਰੋਧੀ ਧਿਰ ਦੇ ਸਾਰੇ ਮੈਂਬਰ ਸਦਨ ਤੋਂ ਬਾਹਰ ਚਲੇ ਗਏ ਤਾਂ ਪ੍ਰਧਾਨ ਮੰਤਰੀ ਨੇ ਤੁਰੰਤ ਮਣੀਪੁਰ ਮੁੱਦੇ ਤੇ ਬੋਲਣਾ ਸ਼ੁਰੂ ਕੀਤਾ।ਨੂੰ ਅੱਗੇ ਵਧਾਉਣ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨ ਦੀ ਗੱਲ ਕੀਤੀ। ਪਰ ਕਿਉਂ ਹਿੰਸਾ ਹੋਈ, ਸਰਕਾਰ ਦੀ ਕੀ ਜ਼ਿੰਮੇਵਾਰੀ ਸੀ, ਹਿੰਸਾ ਤੋਂ ਬਾਅਦ ਪਰਚਾ ਦਰਜ ਕਰਨ ’ਚ ਇੰਨੀ ਦੇਰੀ ਕਿਉਂ ਹੋਈ, ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕੀ ਕੀਤਾ, ਇਨ੍ਹਾਂ ਸਾਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਅਤੇ ਨਾ ਹੀ ਕਿਸੇ ਹੋਰ ਨੇਤਾ ਨੇ ਦਿਤਾ। ਜੇਕਰ ਕਾਂਗਰਸ ਨੇ ਸੱਤਾ ਸਮੇਂ ਗਲਤੀਆਂ ਕੀਤੀਆਂ ਤਾਂ ਉਸਦਾ ਖਮਿਆਜਾ ਵੀ ਕਾਂਗਰਸ ਨੂੰ ਭੁਗਤਨਾ ਪਿਆ। ਕਾਂਗਰਸ ਪਾਰਟੀ ਵਲੋਂ ਸਭ ਤੋਂ ਵੱਡੀ ਗਲਤੀ ਪੰਜਾਬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਵਾਉਣਾ ਰਹੀ। ਇਸਤੋਂ ਇਲਾਵਾ ਹੋਰਨਾਂ ਰਾਜਾਂ ਵਿੱਚ ਕਾਂਗਰਸੀਆਂ ਤੋਂ ਵੀ ਕੁਝ ਗਲਤੀਆਂ ਹੋਈਆਂ ਹਨ। ਪਰ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਕਾਂਗਰਸ ਨੇ ਕੀ ਕੀਤਾ ਜਾਂ ਹੋਰ ਪਾਰਟੀਆਂ ਨੇ ਕੀ ਕੀਤਾ। ਦੇਸ਼ ਦੀ ਜਨਤਾ ਨੂੰ ਇੱਕ ਇੱਕ ਗੱਲ ਚੰਗੀ ਤਰ੍ਹਾਂ ਯਾਦ ਹੈ। ਦੇਸ਼ ਦੇ ਕੇਂਦਰ ਅਤੇ ਵਧੇਰੇਤਰ ਸੂਬਿਆਂ ਵਿੱਚ ਕਾਂਗਰਸ ਨੇ ਸੱਤਾ ਲੰਬਾ ਸਮਾਂ ਸੱਤਾ ਦਾ ਆਨੰਦ ਮਾਣਿਆਂ ਅਤੇ ਆਪਣੀਆਂ ਗਲਤੀਆਂ ਕਾਰਨ ਅੱਜ ਕਾਂਗਰਸ ਜੋ ਕਦੇ ਇਹ ਸੋਚਗੀ ਸੀ ਕਿ ਉਨ੍ਹਾਂ ਦਾ ਸੂਰਜ ਕਦੇ ਵੀ ਅਸਤ ਨਹੀਂ ਹੋਵੇਗਾ ਉਹ ਅੱਜ ਸਿਰਫ ਦੇਸ਼ ਭਰ ਵਿਚ 40 ਲੋਕ ਸਭਾ ਸੀਟਾਂ ਤੱਕ ਸਿਮਟ ਕੇ ਰਹਿ ਗਈ ਹੈ। ਜਿਹੜੀਆਂ ਖੇਤਰੀ ਪਾਰਟੀਆਂ ਕਦੇ ਵੀ ਕਾਂਗਰਸ ਦੇ ਸਾਹਮਣੇ ਖੜ੍ਹਨ ਦੀ ਹਿੰਮਤ ਨਹੀਂ ਸਨ ਕਰਦੀਆਂ, ਕਾਂਗਰਸ ਪਾਰਟੀ ਨੂੰ ਉਨ੍ਹਾਂ ਪਾਰਟੀਆਂ ਨਾਲ ਚੋਣ ਸਮਝੌਤੇ ਕਰਨੇ ਪਏ ਹਨ। ਜੇਕਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਨ੍ਹਾਂ ਦੀ ਭਾਜਪਾ ਇਹ ਸੋਚਦੀ ਹੈ ਕਿ ਉਹ ਦੂਜੀਆਂ ਪਾਰਟੀਆਂ ਦੀਆਂ ਕਮੀਆਂ ਨੂੰ ਉਜਾਗਰ ਕਰਕੇ ਹੀ ਆਪਣਾ ਰਸਤਾ ਸੁਰੱਖਿਅਤ ਕਰ ਲੈਣਗੇ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਇਸ ਲਈ ਕਿਸੇ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਦੇਸ਼ ਦੀ ਜਨਤਾ ਕੋਈ ਫੈਸਲਾ ਲੈਂਦੀ ਹੈ ਤਾਂ ਫਿਰ ਕਿਸ ਨੇ ਫਰਸ਼ ਤੋਂ ਅਰਸ਼ ’ਤੇ ਪਹੁੰਚਣਾ ਹੈ, ਅਤੇ ਕਿਸ ਨੂੰ ਅਰਸ਼ ਤੋਂ ਫਰਸ਼ ’ਤੇ ਬਿਠਾਉਣਾ ਹੈ ਇਹ ਪੂਰੀ ਤਰ੍ਹਾਂ ਸੋਚ ਸਮਝ ਕੇ ਫੈਸਲਾ ਲੈਂਦੀ ਹੈ। ਇਸ ਲਈ ਜਿਸ ਰਾਹ ’ਤੇ ਭਾਜਪਾ ਹੁਣ ਚੱਲ ਰਹੀ ਹੈ, ਉਹੀ ਰਾਹ ਕਾਂਗਰਸ ਨੇ ਪਹਿਲਾਂ ਅਜ਼ਮਾਇਆ ਹੈ। ਪਰ ਕੁਝ ਵੀ ਇਥੇ ਸਥਾਈ ਨਹੀਂ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਵੀ.ਪੀ. ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਉਨਾ ਦੇਸ਼ ਵਿਚ ਕਾਥਵਾਂਕਰਣ ਲਾਗੂ ਕੀਤਾ ਸੀ। ਉਸਦੇ ਵਿਰੋਧ ’ਚ ਸਮੱੁਚਾ ਦੇਸ਼ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ਸੀ ਅਤੇ ਬਹੁਤ ਸਾਰੇ ਨੌਜਵਾਨਾਂ ਨੇ ਕੀਤੀ ਆਤਮਦਾਹ ਤੱਕ ਕਰ ਲਿਆ ਸੀ। ਹੌਲੀ-ਹੌਲੀ ਸਭ ਕੁਝ ਆਮ ਵਾਂਗ ਹੋ ਗਿਆ। ਇਸ ਲਈ ਉਸ ਸਮੇਂ ਵੀ ਬੀ.ਪੀ. ਸਿੰਘ ਨੂੰ ਵੀ ਲੱਗਾ ਸੀ ਕਿ ਉਨ੍ਹਾਂ ਨੇ ਦੇਸ਼ ਲਈ ਇੰਨਾ ਵੱਡਾ ਕੰਮ ਕੀਤਾ ਹੈ, ਹੁਣ ਉਨ੍ਹਾਂ ਨੂੰ ਮੁੜ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ। ਪਰ ਅਜਿਹਾ ਨਹੀਂ ਹੋਇਆ। ਦੇਸ਼ ਦੀ ਰਾਜਨੀਤੀ ਵਿੱਚ ਹੋਰ ਵੀ ਬਹੁਤ ਸਾਰੇ ਮਾਮਲੇ ਦੇਖੇ ਜਾ ਸਕਦੇ ਹਨ। ਜੋ ਗਲਤੀ ਪਹਿਲਾਂ ਕਾਂਗਰਸ ਕਰਦੀ ਰਹੀ ਹੈ, ਹੁਣ ਭਾਜਪਾ ਵੀ ਉਸੇ ਰਸਤੇ ’ਤੇ ਚੱਲ ਰਹੀ ਹੈ। ਕਾਂਗਰਸ ਦੀ ਬੁਰੀ ਹਾਰ ਦਾ ਕਾਰਨ ਸਮੇਂ ਸਮੇਂ ਤੇ ਕੀਤੀਆਂ ਹੋਈਆਂ ਗਲਤੀਆਂ ਸਨ ਅਤੇ ਹੁਣ ਭਾਜਪਾ ਉਸੇ ਰਾਹ ’ਤੇ ਚੱਲ ਰਹੀ ਹੈ। ਇਸ ਲਈ ਕੰਡੇ ਵਿਛਾ ਕੇ ਮਖਮਲ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਹਰਵਿੰਦਰ ਸਿੰਘ ਸੱਗੂ।