ਸਮਰਾਲਾ(ਰਾਜੇਸ ਜੈਨ -ਭਗਵਾਨ ਭੰਗੂ)ਪੰਜਾਬ ਪੁਲਸ ਅਕਸਰ ਆਪਣੇ ਕਾਰਨਾਮਿਆਂ ਨੂੰ ਲੈ ਕੇ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। ਹੁਣ ਪੰਜਾਬ ਪੁਲਸ ਦਾ ਨਵਾਂ ਕਾਰਨਾਮਾ ਸਾਮਣੇ ਆਇਆ। ਪੁਲਸ ਦੀ ਵੱਡੀ ਲਾਪਰਵਾਹੀ ਦੇ ਕਾਰਨ ਟੋਲ ਟੈਕਸ ਘੁਲਾਲ ਦਾ ਇੱਕ ਅਧਿਕਾਰੀ ਕਿਡਨੈਪਿੰਗ ਦੇ ਕੇਸ ‘ਚ ਲੁਧਿਆਣਾ ਜੇਲ੍ਹ ਬੰਦ ਹੈ। ਉਸਦੀ ਪਤਨੀ ਠੋਕਰਾਂ ਖਾ ਕੇ ਇਨਸਾਫ ਦੀ ਮੰਗ ਕਰ ਰਹੀ ਹੈ। ਮਾਮਲਾ ਵੀ ਅਜੀਬੋ ਗਰੀਬ ਹੈ। ਇੱਕ ਥਾਣੇ ਦੀ ਪੁਲਸ ਵੱਲੋਂ ਗ੍ਰਿਫਤਾਰੀ ਨੂੰ ਦੂਜੇ ਥਾਣੇ ਦੀ ਪੁਲਸ ਨੇ ਕਿਡਨੈਪਿੰਗ ਬਣਾ ਦਿੱਤਾ। ਸਮਰਾਲਾ ਦੇ ਪਿੰਡ ਢੰਡੇ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਜਤਿੰਦਰਪਾਲ ਸਿੰਘ ਟੋਲ ਪਲਾਜਾ ਘੁਲਾਲ ਵਿਖੇ ਬਤੌਰ ਸ਼ਿਫਟਿੰਗ ਇੰਚਾਰਜ ਕੰਮ ਕਰਦਾ ਸੀ। ਉਸਦੇ ਪਤੀ ਨੂੰ ਔਰਤਾਂ ਦਾ ਇੱਕ ਗਿਰੋਹ ਬਲੈਕਮੇਲ ਕਰ ਰਿਹਾ ਸੀ। ਇਸੇ ਗਿਰੋਹ ਦੇ ਨਾਲ ਇੱਕ ਆਦਮੀ ਜੁੜਿਆ ਸੀ। ਇਹਨਾਂ ਨੇ ਮਿਲ ਕੇ ਉਸਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸਦੀ ਸ਼ਿਕਾਇਤ ਉਸਦੇ ਪਤੀ ਜਤਿੰਦਰਪਾਲ ਸਿੰਘ ਵੱਲੋਂ ਸਮਰਾਲਾ ਥਾਣਾ ਵਿਖੇ ਕੀਤੀ ਗਈ। 7 ਮਾਰਚ 2023 ਨੂੰ ਪੁਲਸ ਨੇ ਜਤਿੰਦਰਪਾਲ ਸਿੰਘ ਦੇ ਬਿਆਨਾਂ ‘ਤੇ ਤਿੰਨ ਔਰਤਾਂ ਸਮੇਤ ਗੁਰਪ੍ਰੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਦੇ ਖਿਲਾਫ ਫਿਰੌਤੀ ਮੰਗਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਸੀ। 11 ਮਾਰਚ ਨੂੰ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸਮਰਾਲਾ ਥਾਣਾ ਤੋਂ ਪੁਲਸ ਦੀ ਇੱਕ ਟੀਮ ਗਈ ਸੀ। ਪੁਲਸ ਉਸਦੇ ਪਤੀ ਨੂੰ ਸ਼ਨਾਖਤ ਕਰਨ ਲਈ ਨਾਲ ਲੈ ਕੇ ਗਈ ਸੀ। ਉਸੇ ਦਿਨ ਗੁਰਪ੍ਰੀਤ ਸਿੰਘ ਨੂੰ ਉਸਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮੇ ‘ਚ ਲੁਧਿਆਣਾ ਜੇਲ੍ਹ ਭੇਜਿਆ। ਕਰੀਬ ਇੱਕ ਮਹੀਨਾ ਜੇਲ੍ਹ ਰਹਿਣ ਮਗਰੋਂ ਗੁਰਪ੍ਰੀਤ ਸਿੰਘ ਜਮਾਨਤ ‘ਤੇ ਬਾਹਰ ਆ ਗਿਆ। ਇੱਥੋਂ ਹੀ ਇਸ ਕਹਾਣੀ ‘ਚ ਨਵਾਂ ਮੋੜ ਆਉਂਦਾ ਹੈ। ਗੁਰਪ੍ਰੀਤ ਸਿੰਘ ਦੀ ਮਾਂ ਵੱਲੋਂ ਪੁਲਸ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਸਦੇ ਬੇਟੇ ਨੂੰ ਕਿਡਨੈਪ ਕੀਤਾ ਗਿਆ। ਉਪਰੋਂ ਮੰਡੀ ਗੋਬਿੰਦਗੜ੍ਹ ਥਾਣੇ ਦੀ ਪੁਲਸ ਵੀ ਗੁਰਪ੍ਰੀਤ ਦੀ ਕਿਡਨੈਪਿੰਗ ਦਾ ਕੇਸ ਦਰਜ ਕਰ ਦਿੰਦੀ ਹੈ ਅਤੇ ਇਸ ਕੇਸ ‘ਚ ਜਤਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਅਮਨਦੀਪ ਕੌਰ ਨੇ ਕਿਹਾ ਕਿ ਇਸਦੇ ਪਿੱਛੇ ਪੁਲਸ ਦੀ ਡੂੰਘੀ ਸਾਜ਼ਿਸ ਹੈ। ਪੁਲਸ ਨੇ ਕਿਡਨੈਪਿੰਗ ਦਾ ਝੂਠਾ ਕੇਸ ਇਸ ਕਰਕੇ ਦਰਜ ਕੀਤਾ ਤਾਂ ਕਿ ਉਹ ਆਪਣਾ ਕੇਸ ਵਾਪਸ ਲੈ ਲੈਣ। ਅਮਨਦੀਪ ਕੌਰ ਵੱਲੋਂ ਸਮਰਾਲਾ ਦੇ ਸਾਬਕਾ ਡੀਐਸਪੀ ਵਰਿਆਮ ਸਿੰਘ ਨਾਲ ਹੋਈ ਗੱਲਬਾਤ ਦੀਆਂ ਰਿਕਾਰਡਿੰਗਾਂ ਵੀ ਪੇਸ਼ ਕੀਤੀਆਂ ਗਈਆਂ। ਜਿਸ ਵਿੱਚ ਡੀਐਸਪੀ ਵਰਿਆਮ ਸਿੰਘ ਇਹ ਕਹਿੰਦੇ ਸੁਣ ਰਹੇ ਹਨ ਕਿ ਕਿਡਨੈਪਿੰਗ ਦਾ ਪਰਚਾ ਝੂਠਾ ਹੈ। ਇਸ ਵਿੱਚ ਉਹਨਾਂ ਦੇ ਇੱਕ ਐਸਐਚਓ ਦੀ ਸ਼ਮੂਲੀਅਤ ਦੀ ਗੱਲ ਵੀ ਆਖੀ ਜਾਂਦੀ ਹੈ। – ਦੂਜੇ ਪਾਸੇ ਸਮਰਾਲਾ ਦੇ ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਿਹੜਾ ਮੁਕੱਦਮਾ ਸਮਰਾਲਾ ਥਾਣਾ ਵਿਖੇ ਦਰਜ ਹੋਇਆ ਸੀ ਉਸ ਵਿੱਚ ਗੁਰਪ੍ਰੀਤ ਸਿੰਘ ਸਣੇ ਬਾਕੀ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਚਾਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਕਿਡਨੈਪਿੰਗ ਦਾ ਕੇਸ ਦੂਜੇ ਜਿਲ੍ਹੇ ਦੀ ਪੁਲਸ ਨੇ ਦਰਜ ਕੀਤਾ ਹੈ। ਇਸ ਬਾਰੇ ਉਹ ਹੀ ਦੱਸ ਸਕਦੇ ਹਨ।