ਲੁਧਿਆਣਾ (ਰਾਜੇਸ ਜੈਨ) ਸਿੰਮ ਕਾਰਡ ਹਾਸਲ ਕਰਨ ਲਈ ਜੇ ਕਰ ਦੁਕਾਨਦਾਰ ਬਾਇਓਮੈਟ੍ਰਿਕ ਲਈ ਦੋਬਾਰਾ ਅੰਗੂਠਾ ਲਗਾਉਣ ਲਈ ਆਖੇ ਤਾਂ ਇੱਥੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਹੋ ਸਕਦਾ ਹੈ ਕਿ ਉਹ ਤੁਹਾਡੇ ਦਸਤਾਵੇਜ਼ਾਂ ਦੇ ਆਧਾਰ ਤੇ ਇਕ ਹੋਰ ਨੰਬਰ ਹਾਸਲ ਕਰ ਲਵੇ। ਅਜਿਹਾ ਹੀ ਇਕ ਮਾਮਲਾ ਸਾਨੇਵਾਲ ਦੇ ਨੰਦਪੁਰਾ ਇਲਾਕੇ ਵਿੱਚ ਸਾਹਮਣੇ ਆਇਆ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨੰਦਪੁਰਾ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਮੋਬਾਇਲ ਫੋਨ ਡਿਗ ਪਿਆ। ਦੋਬਾਰਾ ਤੋਂ ਸਿਮ ਹਾਸਲ ਕਰਨ ਲਈ ਉਹ ਨੰਦਪੁਰਾ ਇਲਾਕੇ ਵਿਚ ਇਕ ਮੋਬਾਈਲ ਸ਼ਾਪ ਤੇ ਗਈ। ਦੁਕਾਨਦਾਰ ਨੇ ਉਸ ਦੇ ਦੋ ਵਾਰ ਬਾਇਓਮੈਟ੍ਰਿਕ ਕੀਤੇ। ਸਿੰਮ ਐਕਟਿਵ ਹੋਣ ਤੋਂ ਬਾਅਦ ਉਹ ਘਰ ਵਾਪਸ ਆ ਗਈ। ਕੁਝ ਦਿਨਾਂ ਬਾਅਦ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਨਾਮ ਉਪਰ ਇਕ ਹੋਰ ਸਿਮ ਕਾਰਡ ਚੱਲ ਰਿਹਾ ਹੈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਔਰਤ ਦੇ ਆਧਾਰ ਕਾਰਡ ਅਤੇ ਫੋਟੋ ਦੀ ਦੁਰਵਰਤੋਂ ਕਰਕੇ ਕਿਸੇ ਹੋਰ ਵਿਅਕਤੀ ਨੂੰ ਉਸਦੇ ਨਾਮ ਉਪਰ ਸਿੰਮ ਵੇਚ ਦਿੱਤਾ । ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਤਫਤੀਸ਼ ਤੋਂ ਬਾਅਦ ਨੰਦਪੁਰਾ ਦੇ ਰਾਜੀਵ ਮੋਬਾਈਲ ਕੇਅਰ ਦੇ ਮਾਲਕ ਰਾਜੀਵ ਭਾਟੀਆ ਦੇ ਖਿਲਾਫ ਧੋਖਾਧੜੀ ਅਪਰਾਧਿਕ ਸਾਜ਼ਿਸ਼ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਕਾਰੀ ਸਬ-ਇੰਸਪੈਕਟਰ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।