ਜਗਰਾਓਂ, 30 ਜੁਲਾਈ ( ਜਗਰੂਪ ਸੋਹੀ )-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਚੋਣਾਂ ਦੇ ਸਮੇਂ ਝੂਠੇ ਵਾਅਦਿਆਂ ਅਤੇ ਵੱਡੇ-ਵੱਡੇ ਦਾਅਵਿਆਂ ਦੇ ਸਹਾਰੇ ਸੱਤਾ ਵਿੱਚ ਆਈ ਹੈ। ਜੋ ਹੁਣ ਤੱਕ ਦੇ ਸਾਸ਼ਨ ਦੌਰਾਨ ਹਰ ਫ੍ਰੰਟ ਤੇ ਫੇਲ ਨਜ਼ਰ ਆ ਰਹੀ ਹੈ। ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਗੀਟਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਦੀ ਬਜਾਏ ਸਿਰਫ ਫੋਕੇ ਦਾਅਵੇ ਕਰਕੇ ਹੀ ਸਮਾਂ ਲੰਘਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਕੇ ਪਹਿਲਾਂ ਤੋਂ ਹੀ ਢੁੱਕਵੇਂ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਅੱਜ ਇਹ ਸਥਿਤੀ ਨਾ ਹੁੰਦੀ। ਪੰਜਾਬ ਭਰ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਸ਼ੂ ਧਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਕਿਸਾਨਾਂ-ਮਜ਼ਦੂਰਾਂ ਦੀ ਫ਼ਸਲ ਬਰਬਾਦ ਹੋ ਜਾਣ ਕਾਰਨ ਕਿਸਾਨ ਬਰਬਾਦੀ ਦੇ ਕੰਢੇ ਆ ਖੜੇ ਹੋਏ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸਿਰਫ ਸ਼ਬਦਾਂ ਨਾਲ ਨਹੀਂ ਭਰਮਾਇਆ ਜਾ ਸਕਦਾ ਹੈ ਬਲਕਿ ਹੁਣ ਉਨ੍ਹਾਂ ਲਈ ਅਸਲੀਅਤ ਵਿਚ ਕੁਝ ਕਰਨ ਦਾ ਸਮਾਂ ਹੈ। ਗੀਟਾ ਨੇ ਕਿਹਾ ਕਿ ਕੇਂਦਰ ਵੱਲੋਂ ਹੜ੍ਹ ਪੀੜਤਾਂ ਲਈ ਭੇਜੇ ਗਏ ਫੰਡ ਵੀ ਸਰਕਾਰ ਵੱਲੋਂ ਲੋੜਵੰਦਾਂ ਨੂੰ ਸਹੀ ਢੰਗ ਨਾਲ ਨਹੀਂ ਵੰਡੇ ਜਾ ਰਹੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਤਿੰਨ ਲੱਖ ਕਰੋੜ ਤੋਂ ਵਧੇਰੇ ਦਾ ਕਰਜਾਈ ਹੈ ਉਸਦੇ ਬਾਵਜੂਦ ਮੁੱਖ ਮੰਤਰੀ ਮਾਨ ਅਪਣਏ ਆਕਾ ਅਰਵਿੰਦ ਕੇਜਰੀਵਾਲ ਵੱਖ-ਵੱਖ ਰਾਜਾਂ ਵਿੱਚ ਪ੍ਰਚਾਰ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਾ ਰਹੇ ਹਨ ਅਤੇ ਅਰਬਾਂ ਰੁਪਏ ਇਸ਼ਤਿਹਾਰਬਾਜੀ ਤੇ ਖਰਚ ਕੀਤੇ ਜਾ ਹੇ ਹਨ। ਜਦਕਿ ਇਹ ਪੈਸਾ ਪੰਜਾਬ ਦੇ ਹਿੱਤ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਸਰਕਾਰ ਜੇਕਰ ਕੋਈ ਫੈਸਲਾ ਲੈਂਦੀ ਹੈ ਤਾਂ ਫਿਰ ਖੁਦ ਹੀ ਉਸ ਫੈਸਲੇ ਤੋਂ ਭੱਜ ਜਾਂਦੀ ਹੈ। ਗੀਟਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਦੇ ਤਹਿਸੀਲਦਾਰਾਂ , ਨੈਬ ਤਹਿਸੀਲਦਾਰ ਅਤੇ ਹੋਰ ਤਹਿਸੀਲ ਵਿਭਾਗ ਦੇ ਹੋਰ ਅਮਲੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਵਿਜੀਲੈਂਸ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ ਪਰ ਹੜਤਾਲ ’ਤੇ ਜਾਣ ਅਤੇ ਰੋਸ ਪ੍ਰਦਰਸ਼ਨ ਕਰਨ ’ਤੇ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹਟ ਗਈ ਹੈ। ਜਦੋਂਕਿ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਸਭ ਜਾਣਦੇ ਹਨ ਕਿ ਤਹਿਸੀਲ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਗੀਟਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਮੁਸੀਬਤ ਵਿੱਚ ਫਸੇ ਪੰਜਾਬ ਵਾਸੀਆਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਸਿਰਫ਼ ਬਿਆਨਬਾਜ਼ੀ ਨਾਲ ਸਮਾਂ ਲੰਘਾਉਣਾ ਚਾਹੀਦਾ ਹੈ , ਨਹੀਂ ਤਾਂ ਲੋਕ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ।