ਸਿੱਧਵਾਂਬੇਟ, 2 ਅਗਸਤ ( ਅਸ਼ਵਨੀ, ਮੋਹਿਤ ਜੈਨ )-ਵਿਅਕਤੀ ਨੂੰ ਘੇਰ ਕੇ ਮੋਬਾਈਲ ਫ਼ੋਨ ਖੋਹਣ ਵਾਲੇ ਦੋ ਮੁਲਜ਼ਮਾਂ ਵਿੱਚੋਂ ਇੱਕ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਖੋਹਿਆ ਮੋਬਾਈਲ ਬਰਾਮਦ ਕਰ ਲਿਆ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਅਜੇ ਫਰਾਰ ਹੈ। ਥਾਣਾ ਸਿੱਧਵਾਂਬੇਟ ਤੋਂ ਏ.ਐਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਰਣਜੀਤ ਕੁਮਾਰ ਵਾਸੀ ਰਾਣੀਗੰਜ ਜ਼ਿਲ੍ਹਾ ਅਰਰੀਆ ਬਿਹਾਰ ਮੌਜੂਦਾ ਵਾਸੀ ਬਸੰਤ ਸਿੰਘ ਵਾਸੀ ਭਰੋਵਾਲ ਕਲਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 30 ਜੁਲਾਈ ਦੀ ਰਾਤ ਕਰੀਬ 8 ਵਜੇ ਉਹ ਭੂੰਦੜੀ ਤੋਂ ਆਪਣੇ ਪਿੰਡ ਭਰੋਵਾਲ ਕਲਾਂ ਨੂੰ ਜਾ ਰਿਹਾ ਸੀ। ਜਦੋਂ ਉਹ ਭਰੋਵਾਲ ਕਲਾਂ ਤੋਂ ਥੋੜ੍ਹਾ ਬਾਹਰ ਆਇਆ ਤਾਂ ਦੋ ਲੜਕੇ ਮੋਟਰਸਾਈਕਲ ’ਤੇ ਮੇਰੇ ਪਿੱਛੇ ਆ ਗਏ। ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰਾ ਮੋਬਾਈਲ ਖੋਹ ਲਿਆ। ਜਦੋਂ 1 ਅਗਸਤ ਨੂੰ ਉਹ ਪਿੰਡ ਕੋਟਮਾਨ ਤੋਂ ਭੂੰਦੜੀ ਨੂੰ ਜਾ ਰਿਹਾ ਸੀ ਤਾਂ ਚੌਕ ਕੋਟਮਾਨ ਕੋਲ ਖੜ੍ਹੇ ਇਕ ਲੜਕੇ ਨੂੰ ਦੇਖਿਆ, ਜਿਸ ਨੇ ਮੇਰਾ ਮੋਬਾਈਲ ਫੋਨ ਖੋਹ ਲਿਆ ਸੀ। ਇਸ ਸੰਬੰਧ ਵਿਚ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਸੁਰਜੀਤ ਸਿੰਘ ਵਾਸੀ ਖੁਰਸ਼ੈਦਪੁਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਖੋਹਿਆ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ। ਜਦਕਿ ਉਸਦਾ ਦੂਜਾ ਸਾਥੀ ਮਨਜੀਤ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਖੁਰਸ਼ੈਦਪੁਰਾ ਅਜੇ ਫਰਾਰ ਹੈ।