ਚੋਰੀ ਦਾ ਮੋਬਾਈਲ ਖਰੀਦਣ ਵਾਲੇ ਨੂੰ ਵੀ ਨਾਮਜ਼ਦ ਕੀਤਾ ਗ੍ਰਿਫ਼ਤਾਰ
ਜੋਧਾਂ, 2 ਅਗਸਤ ( ਬੋਬੀ ਸਹਿਜਲ, ਧਰਮਿੰਦਰ )-ਰਸਤੇ ਵਿਚ ਘੇਰ ਕੇ ਕਿਰਪਾਨ ਦਿਖਾ ਕੇ ਮੋਬਾਇਲ ਫੋਨ ਅਤੇ ਨਗਦੀ ਖੋਹਣ ਵਾਲੇ ਤਿੰਨ ਲੁਟੇਰਿਆਂ ਨੂੰ ਪੁਲਿਸ ਨੇ ਗਿ੍ਰਫਤਾਰ ਕਰਨ ਦੇ ਨਾਲ ਖੋਹਿਆ ਹੋਇਆ ਮੋਬਾਇਲ ਫੋਨ ਖਰੀਦ ਕਰਨ ਵਾਲੇ ਨੂੰ ਵੀ ਗਿ੍ਰਫਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਖੋਹਿਆ ਹੋਇਆ ਮੋਬਾਇਲ ਫੋਨ, ਵਾਰਦਾਤ ਸਮੇਂ ਵਰਤਿਆ ਮੋਟਰਸਾਇਕਿਲ ਅਤੇ ਕਿਰਪਾਨ ਬਪਾਮਦ ਕਰ ਲਈ ਗਈ। ਪੁਲੀਸ ਚੌਕੀ ਛਪਾਰ ਤੋਂ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਕਾਲਖ ਥਾਣਾ ਡੇਹਲੋਂ ਦੇ ਵਸਨੀਕ ਰਣਦੀਪ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੀ 20 ਜੁਲਾਈ ਨੂੰ ਉਹ ਆਪਣਾ ਕੰਮ ਖ਼ਤਮ ਕਰਕੇ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ। ਜਦੋਂ ਮੈਂ ਮਹਿਤਾਬ ਪੈਲੇਸ ਚੌਕ ਘੁੱਗਰਾਣਾ ਨੇੜੇ ਪਹੁੰਚਿਆ ਤਾਂ ਮੰਡੀ ਅਹਿਮਦਗੜ੍ਹ ਵਾਲੇ ਪਾਸਿਓਂ ਇੱਕ ਮੋਟਰਸਾਈਕਲ ਮੇਰਾ ਪਿੱਛਾ ਕਰ ਰਿਹਾ ਸੀ। ਜਿਸ ’ਤੇ 3 ਵਿਅਕਤੀ ਬੈਠੇ ਸਨ। ਉਨ੍ਹਾਂ ਨੇ ਆਪਣੇ ਮੋਟਰਸਾਈਕਲ ਨੂੰ ਮੇਰੇ ਨਾਲ ਬਰਾਬਰ ਕਰਕੇ ਆਪਣੇ ਮੋਟਰਸਾਈਕਲ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਵਿਚਕਾਰ ਬੈਠੇ ਲੜਕੇ ਨੇ ਮੇਰੇ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਪਰ ਮੇਰੀ ਬਾਂਹ ਵਿਚ ਕੜਾ ਪਾਇਆ ਹੋਇਆ ਹੋਣ ਕਰਕੇ ਤਲਵਾਰ ਦਾ ਵਾਰ ਕੜੇ ਤੇ ਲੱਗਿਆ ਅਤੇ ਮੇਰਾ ਬਚਾਅ ਹੋ ਗਿਆ। ਉਨ੍ਹਾਂ ਨੇ ਮੇਰਾ ਸਾਈਕਲ ਰੋਕ ਲਿਆ। ਪਿੱਛੇ ਬੈਠਾ ਵਿਅਕਤੀ ਮੋਟਰਸਾਈਕਲ ਤੋਂ ਹੇਠਾਂ ਉਤਰ ਗਿਆ, ਜਿਸ ਦੇ ਹੱਥ ਵਿੱਚ ਕਿਰਪਾਨ ਸੀ ਅਤੇ ਇੱਕ ਲੜਕਾ ਮੋਟਰਸਾਈਕਲ ਸਟਾਰਟ ਕਰਕੇ ਉੱਪਰ ਬੈਠ ਰਿਹਾ। ਉਨ੍ਹਾਂ ਦੋਵਾਂ ਨੇ ਮੇਰੇ ਗਲੇ ’ਤੇ ਕਿਰਪਾਨ ਰੱਖ ਕੇ ਮੇਰੇ ਕੋਲੋਂ ਮੋਬਾਈਲ ਖੋਹ ਲਿਆ ਅਤੇ ਮੇਰੀ ਜੇਬ ’ਚੋਂ ਇਕ ਪਰਸ ਕੱਢ ਲਿਆ, ਜਿਸ ’ਚ ਦੋ ਹਜ਼ਾਰ ਰੁਪਏ ਨਕਦ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਦਸਤਾਵੇਜ਼ ਸਨ। ਇਸ ਤੋਂ ਬਾਅਦ ਉਹ ਸਾਰੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਲਵਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ, ਗੁਰਵਿੰਦਰ ਸਿੰਘ ਵਾਸੀ ਪਿੰਡ ਜੜਤੌਲੀ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਖੋਹਿਆ ਮੋਬਾਈਲ ਫੋਨ ਅਮਰਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਲੁਧਿਆਣਾ ਨੂੰ ਵੇਚਿਆ ਸੀ। ਜਿਸ ’ਤੇ ਅਮਰਜੀਤ ਸਿੰਘ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।