“ਰਹਿੰਦੀ ਦੁਨੀਆਂ ਤੱਕ ਸੁਰਿੰਦਰ ਛਿੰਦਾ ਦੇ ਗੀਤ ਕੰਨਾਂ ਵਿੱਚ ਗੂੰਜਦੇ ਰਹਿਣਗੇ”
ਚੰਡੀਗੜ੍ਹ, 4 ਅਗਸਤ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) :
ਲੋਕ ਗਾਥਾਵਾਂ ਤੇ ਲੋਕ ਗਾਇਕੀ ਦੇ ਥੰਮ੍ਹ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਤੇ ਗੁਰਮੀਤ ਸਿੰਘ ਖੁੱਡੀਆ ਨੇ ਪੰਜਾਬ ਸਰਕਾਰ ਤਰਫੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਰਾਜਸੀ ਆਗੂਆਂ ਤੋਂ ਇਲਾਵਾ ਸੰਗੀਤ ਜਗਤ ਦੀਆਂ ਉੱਘੀਆਂ ਹਸਤੀਆਂ ਵੱਲੋਂ ਵਿਛੜੇ ਗਾਇਕ ਨੂੰ ਯਾਦ ਕੀਤਾ।ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਸੂਬਾ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸੁਰਿੰਦਰ ਛਿੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਦੇ ਗੀਤ ਕੰਨਾਂ ਵਿੱਚ ਰਸ ਘੋਲਦੇ ਹਨ ਅਤੇ ਉਹ ਅਜਿਹੇ ਸੁਨਿਹਰੀ ਦੌਰ ਦਾ ਹਸਤਾਖਰ ਹੈ ਜਦੋੰ ਗਾਇਕੀ ਕੰਨਾਂ ਨਾਲ ਸੁਣੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸੁਰਿੰਦਰ ਛਿੰਦਾ ਦੇ ਜੱਦੀ ਪਿੰਡ ਇਆਲੀ ਵਿਖੇ ਪੰਚਾਇਤ ਵੱਲੋਂ ਜਗ੍ਹਾਂ ਦਿੱਤੀ ਜਾਵੇਗੀ ਤਾਂ ਸੂਬਾ ਸਰਕਾਰ ਵੱਲੋਂ ਅਜਾਇਬ ਘਰ ਰੂਪੀ ਢੁੱਕਵੀਂ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਯਾਦਗਾਰ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਨੇ ਆਪਣੀ ਦਮਦਾਰ ਆਵਾਜ਼ ਨਾਲ ਲੋਕ ਗਾਇਕੀ ਦਾ ਝੰਡਾ ਬੁਲੰਦ ਕੀਤਾ।ਉਨ੍ਹਾਂ ਮਰਹੂਮ ਗਾਇਕੀ ਨਾਲ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੁਰਿੰਦਰ ਛਿੰਦਾ ਨੇ ਉਨ੍ਹਾਂ ਦੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਹਾਸ਼ਮ ਸ਼ਾਹ ਯਾਦਗਾਰੀ ਮੇਲੇ ਦੌਰਾਨ ਵੱਡੀ ਹਾਜ਼ਰੀ ਲਗਾਉਂਦੇ ਸਨ।ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਸੁਰਿੰਦਰ ਛਿੰਦਾ ਨਾਲ ਆਪਣੇ ਪੁਰਾਣੀ ਸਾਂਝ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਅਪਣੱਤ ਭਰੇ, ਮਿਲਾਪੜੇ ਤੇ ਹਸਮੁੱਖ ਸੁਭਾਅ ਨਾਲ ਪਹਿਲੀ ਵਾਰ ਮਿਲਣ ਵਾਲੇ ਨੂੰ ਆਪਣਾ ਬਣਾ ਲੈਂਦਾ ਸੀ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਨੇ ਆਪਣੀ ਆਵਾਜ਼ ਨਾਲ ਲੋਕ ਗਾਇਕ ਜਿਉਣਾ ਮੌੜ ਨੂੰ ਸਦਾ ਲਈ ਅਮਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ ਨਾਲ ਲੋਕ ਗਾਇਕੀ ਤੇ ਪੰਜਾਬੀ ਸੱਭਿਆਚਾਰ ਨੂੰ ਅਮੀਰੀ ਬਖ਼ਸ਼ੀ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੇ ਗਾਇਕ ਨਵੀਂ ਪੀੜ੍ਹੀ ਦੇ ਗਾਇਕਾਂ ਲਈ ਚਾਨਣ ਮੁਨਾਰੇ ਹਨ। ਉਸ ਦੇ ਤੁਰ ਜਾਣ ਨਾਲ ਪੰਜਾਬੀ ਮਾਂ ਬੋਲੀ ਤੇ ਲੋਕ ਗਾਇਕੀ ਨੂੰ ਵੱਡਾ ਘਾਟਾ ਪਿਆ।ਲੋਕ ਸਭਾ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਸੁਰਿੰਦਰ ਛਿੰਦਾ ਨਾਲ ਯਾਦਾਂ ਸਾਂਝੀਆ ਕੀਤੀਆਂ। ਇਸ ਮੌਕੇ ਲੋਕ ਸਭਾ ਮੈਂਬਰ ਤੇ ਗਾਇਕ ਮੁਹੰਮਦ ਸਦੀਕ, ਗੀਤਕਾਰ ਬਾਬੂ ਸਿੰਘ ਮਾਨ, ਗੋਲਡਨ ਸਟਾਰ ਮਲਕੀਤ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਸੁਰਿੰਦਰ ਛਿੰਦਾ ਦੇ ਪੁੱਤਰਾਂ ਮਨਿੰਦਰ ਛਿੰਦਾ ਤੇ ਸ਼ਿਵ ਸਿਮਰਨ ਛਿੰਦਾ ਨਾਲ ਦੁੱਖ ਸਾਂਝਾ ਕੀਤਾ।ਮਾਸਟਰ ਜਗਦੇਵ ਸਿੰਘ ਸਰਾਂ ਤੇ ਜਸਵੀਰ ਜੱਸੀ ਨੇ ਸ਼ੋਕ ਸੰਦੇਸ਼ ਭੇਜਿਆ।ਸੁਰਿੰਦਰ ਛਿੰਦਾ ਦੇ ਸਭ ਤੋਂ ਨੇੜਲੇ ਰਹੇ ਹਰਪ੍ਰੀਤ ਸਿੰਘ ਸੇਖੋਂ ਤੇ ਜਰਨੈਲ ਸਿੰਘ ਤੂਰ ਨੇ ਸਭਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਵਿੰਦਰ ਸਿੰਘ ਸੋਢੀ ਜੀ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਤੇ ਦੇਵ ਮਾਨ (ਸਾਰੇ ਵਿਧਾਇਕ), ਮਹੇਸ਼ਇੰਦਰ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ ਤੇ ਹੀਰਾ ਸਿੰਘ ਗਾਬੜੀਆ (ਸਾਰੇ ਸਾਬਕਾ ਮੰਤਰੀ), ਸ਼ਮਸ਼ੇਰ ਸੰਧੂ, ਪ੍ਰੋ ਗੁਰਭਜਨ ਗਿੱਲ, ਕ੍ਰਿਸ਼ਨ ਕੁਮਾਰ ਬਾਵਾ, ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾ, ਰਣਜੀਤ ਕੌਰ, ਜਸਵਿੰਦਰ ਭੱਲਾ, ਹਰਜੀਤ ਹਰਮਨ, ਹਰਦੀਪ, ਅਜਮੇਰ ਔਲਖ, ਜਗਦੇਵ ਮਾਨ, ਸੁਰਿੰਦਰ ਲਾਡੀ, ਪਾਲੀ ਦੇਤਵਾਲੀਆ, ਹੌਬੀ ਧਾਲੀਵਾਲ, ਯੁੱਧਵੀਰ ਮਾਣਕ, ਕਾਮੇਡੀਅਨ ਮਣਕੂ, ਨਰਿੰਦਰ ਜੱਸਲ, ਜਸਵੰਤ ਸੰਦੀਲਾ, ਮਾਨ ਸਿੰਘ ਗਰਚਾ, ਮਨਮੋਹਨ ਗੁੱਡੂ, ਸਰਪੰਚ ਜਗਦੀਸ਼ ਗਰੇਵਾਲ, ਜਗਦੀਪ ਗਿੱਲ, ਜਸਵਿੰਦਰ ਜੱਸੀ, ਹਰਿੰਦਰ ਸਿੰਘ ਕਾਕਾ, ਗਿੱਲ ਨੱਥੂਹੇੜੀ, ਲਵਲੀ ਨਿਰਮਾਣ, ਬਚਨ ਬੇਦਿਲ, ਰਣਜੀਤ ਮਨੀ, ਸ਼ਮਸ਼ੇਰ ਗੁੱਡੂ, ਸ਼ਿਵ ਕੁਮਾਰ, ਗੁਰਪ੍ਰੀਤ ਸਿੰਘ ਤੂਰ, ਕੁਲਦੀਪ ਕੌਰ, ਸਰਬਜੀਤ ਮਾਂਗਟ, ਡਾ ਨਿਰਮਲ ਜੌੜਾ, ਨਵਦੀਪ ਸਿੰਘ ਗਿੱਲ, ਪੁਨੀਤ ਪਾਲ ਸਿੰਘ ਗਿੱਲ, ਗੁਰਬਹਾਰ ਸਿੰਘ ਤੇ ਵਰਿੰਦਰ ਸਿੰਘ ਨਿਰਵਾਣ ਵੀ ਹਾਜ਼ਰ ਸਨ।