ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਮੰਨਿਆ ਜਾਂਦਾ ਹੈ। ਜਿਸ ਵਿੱਚ ਸਾਰੇ ਧਰਮਾਂ, ਜਾਤਾਂ, ਵਰਣਾਂ ਦੇ ਲੋਕ ਇੱਕ ਸੁੰਦਰ ਗੁਲਦਸਤੇ ਵਾਂਗ ਰਹਿੰਦੇ ਹਨ ਅਤੇ ਇਹ ਗੁਲਦਸਤਾ ਪੂਰੀ ਦੁਨੀਆ ਵਿੱਚ ਭਾਰਤ ਦਾ ਮਾਣ ਹੈ। ਪਿਛਲੇ ਸਮੇਂ ਤੋਂ ਇਥੇ ਆਪਸੀ ਸਦਭਾਵਨਾਂ ਵਾਲੇ ਮਾਹੌਲ ਵਿਚ ਜਹਿਰ ਘੋਲੀ ਜਾ ਰਹੀ ਹੈ। ਜੋ ਇਸ ਸੁੰਦਰ ਗੁਲਦਸਤੇ ਨੂੰ ਗ੍ਰਹਿਣ ਲੱਗ ਰਿਹਾ ਹੈ ਅਤੇ ਇਸ ਗੁਲਦਸਤੇ ਦੇ ਬਹੁਰੰਗੇ ਫੁੱਲਾਂ ਨੂੰ ਮੁਰਝਾ ਰਿਹਾ ਹੈ। ਹਰਿਆਣੇ ਦੇ ਨੂੰਹ ਹਲਕੇ ਵਿਚ ਜਲਭਿਸ਼ੇਕ ਯਾਤਰਾ ਸਮੇਂ ਹੋਈ ਹਿੰਸਕ ਘਟਨਾ ਤੋਂ ਬਾਅਦ ਉਥੇ ਗੁਰੂ ਗ੍ਰਾਮ ਦੀ ਮਸਜਿਦ ਦੇ ਨਾਇਬ ਇਮਾਮ ਦੀ ਹੱਤਿਆ ਤੋਂ ਬਾਅਦ ਮਾਹੌਲ ਬੁਰੀ ਤਰ੍ਹਾਂ ਵਿਗੜ ਗਿਆ ਹੈ। ਨਾਇਬ ਇਮਾਮ ਦੇ ਕਤਲ ਦੇ ਦੋਸ਼ ਹੇਠ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ। ਮਸਜਿਦ ਦੇ ਨਾਇਬ ਇਮਾਮ ਦੇ ਕਤਲ ਦੇੇ ਦੋਸ਼ ਵਿੱਚ ਗਿਰਫਤਾਰ ਕੀਤੇ ਗਏ ਚਾਰ ਲੜਕਿੱਾਂ ਦੇ ਹੱਕ ਵਿਚ ਉਥੋਂ ਦੇ ਹਿੰਦੂ ਭਾਈਚਾਰੇ ਵਲੋਂ ਮਹਾਪੰਚਾਇਤ ਬੁਲਾ ਕੇ ਮੁਸਲਿਮ ਭਾਈਚਾਰੇ ਦਾ ਮੁਰਮੰਲ ਬਾਈਕਾਟ ਕਰਨ ਦਾ ਐਲਾਣ ਕਰ ਦਿਤਾ ਅਤੇ ਇਥੋਂ ਤੱਕ ਕਹਿ ਦਿਤਾ ਗਿਆ ਕਿ ਕੋਈ ਵੀ ਕਿਸੇ ਵੀ ਮੁਸਲਮਾਨ ਨੂੰ ਆਪਣਾ ਮਕਾਨ ਜਾਂ ਦੁਕਾਨ ਕਿਰਾਏ ਤੇ ਨਾ ਦੇਵੇ। ਮਹਾਂ ਪੰਚਾਇਤ ਦੇ ਇਸ ਫੁਰਮਾਨ ਨਾਲ ਨਾ ਸਿਰਫ ਹਰਿਆਣਾ ਵਿਚ ਹੀ ਸੰਪਰਦਾਇਕ ਮਾਹੌਲ ਖਰਾਬ ਹੋਵੇਗਾ ਬਲਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਇਸ ਮੁੱਦੇ ਨੂੰ ਲੈ ਕੇ ਹੋਰਨਾ ਸੂਬਿਆਂ ਵਿਚ ਵੀ ਸਥਿਤੀ ਵਿਗੜ ਸਕਦੀ ਹੈ। ਮਹਾਂ ਪੰਚਾਇਤ ਦੇ ਇਸ ਫੈਸਲੇ ਦਾ ਹਰਿਆਣਾ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਆਉਣ ਵਾਲੇ ਸਮੇਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਦੇਸ਼ ਦੇ ਸਾਰੇ ਸੂਬੇ ਹਿੰਦੂ ਬਹੁਤਾਤ ਵਾਲੇ ਨਹੀ ਹਨ। ਦੇਸ਼ ਵਿਚ ਬਹੁਤ ਸਾਰੇ ਸੂਬੇ ਅਜਿਹੇ ਹਨ ਜਿਥੇ ਕਿਧਰੇ ਹਿੰਦੂ ਬਹੁਤਾਤ ਹੈ, ਕਿਤੇ ਮੁਸਲਿਮ ਬਹੁਤਾਤ ਹੈ, ਕਿਤੇ ਇਸਾਈ ਅਤੇ ਕਿਤੇ ਸਿੱਖ ਧਰਮ ਦੇ ਲੋਕ ਬਹੁਤਾਤ ਵਿਚ ਹਨ। ਜੇਕਰ ਹਰਿਆਣਾ ਦੀ ਮਹਾਂ ਪੰਚਾਇਤ ਦੇ ਫੈਸਲੇ ਤੇ ਬਾਕੀ ਸੂਬਿਆਂ ਵਿਚ ਵੀ ਇਸ ਤਰ੍ਹਾਂ ਦੀ ਸੋਚ ਅਪਨਾਉਣੀ ਸ਼ੁਰੂ ਹੋ ਜਾਵੇ ਤਾਂ ਦੇਸ਼ ਦਾ ਮਾਹੌਲ ਕੀ ਹੋਵੇਗਾ ? ਜੇਕਰ ਹਰਿਆਣਾ ਵਿਚ ਹਿੰਦੂ ਮਹਾਂ ਪੰਚਾਇਤ ਮੁਸਲਮਾਨਾਂ ਨੂੰ ਮਕਾਨ ਅਤੇ ਦੁਕਾਨਾਂ ਕਿਰਾਏ ’ਤੇ ਨਾ ਦੇਣ ਦਾ ਹੁਕਮ ਜਾਰੀ ਕਰਕੇ ਅਤੇ ਉਨ੍ਹਾਂ ਦਾ ਬਾਈਕਾਟ ਕਰਦੀ ਹੈ ਤਾਂ ਫਿਰ ਇਹ ਦੂਜੇ ਰਾਜਾਂ ਵਿੱਚ ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਵੀ ਜਾਰੀ ਕੀਤਾ ਜਾ ਸਕਦਾ ਹੈ। ਇਸ ਲਈ ਹਰਿਆਣਾ ਵਿੱਚ ਕੀਤੇ ਗਏ ਇਸ ਐਲਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਇਹ ਫੈਸਲਾ ਉੱਥੇ ਲਾਗੂ ਹੁੰਦਾ ਹੈ ਤਾਂ ਅਜਿਹੇ ਫੈਸਲਿਆਂ ਨੂੰ ਪੂਰੇ ਦੇਸ਼ ਦੇ ਦੂਜੇ ਰਾਜਾਂ ਵਿੱਚ ਰੋਕਿਆ ਨਹੀਂ ਜਾ ਸਕੇਗਾ। ਇਥੇ ਇਹ ਵੀ ਸੱਚ ਹੈ ਕਿ ਕਿਸੇ ਵੀ ਰਾਜ ਵਿੱਚ ਕਿਸੇ ਵੀ ਧਰਮ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਕਾਰਵਾਈ ਨੂੰ ਕੋਈ ਵੀ ਸਵੀਕਾਰ ਨਹੀਂ ਕਰਦਾ ਅਤੇ ਨਾ ਹੀ ਅਜਿਹੇ ਲੋਕਾਂ ਦਾ ਸਮਰਥਨ ਕਰਦਾ ਹੈ। ਜੇਕਰ ਕੋਈ ਅਜਿਹੀ ਹਿੰਸਾ ਕਰਦਾ ਹੈ ਤਾਂ ਇਸਦੇ ਪਿੱਛੇ ਸਿਆਸੀ ਸਰਪ੍ਰਸਤੀ ਜ਼ਰੂਰ ਹੁੰਦੀ ਹੈ। ਜੇਕਰ ਕਿਤੇ ਵੀ ਲੋਕ ਧਰਮ ਦੇ ਨਾਂ ’ਤੇ ਹਿੰਸਾ ਕਰਦੇ ਹਨ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਦੇ ਹਿੰਸਕ ਹੋ ਕੇ ਸੰਪਰਦਾਇਕ ਭਾਵਨਾਵਾਂ ਦੇ ਉਲਟ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕ ਆਮ ਨਹੀਂ ਹਨ ਕਿਉਂਕਿ ਆਮ ਲੋਕਾਂ ਨੂੰ ਤਾਂ ਆਪਣੇ ਘਰ ਦੀ ਦੇਖਭਾਲ ਕਰਨ ਵਿਚ ਰੁੱਝੇ ਹੋਏ ਹੁੰਦੇ ਹਨ। ਉਨ੍ਹਾਂ ਕੋਲ ਇਸ ਤਰ੍ਹਾਂ ਦੀ ਹਿੰਸਾ ਲਈ ਸਮਾਂ ਨਹੀਂ ਹੈ। ਇਸ ਲਈ ਜੋ ਲੋਕ ਕਿਸੇ ਲਾਲਚ ਜਾਂ ਬਹਿਕਾਵੇ ਵਿਚ ਆਕੇ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਰਿਆਣਾ ਦੇ ਨੂੰਬ ਬਲਕੇ ਵਿਚ ਜਲਭਿਸ਼ੇਕ ਯਾਤਰਾ ਦੌਰਾਨ ਅਤੇ ਇਮਾਮ ਨੂੰ ਮਾਰਨ ਵਾਲੇ ਲੋਕ ਚਾਹੇ ਉਹ ਕੋਈ ਵੀ ਕਿਉਂ ਨਾ ਹੋਣ ਇਨ੍ਹਾਂ ਸਾਰਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ। ਇਹ ਸਾਡੇ ਆਪਸੀ ਪਿਆਰ ਅਤੇ ਸਦਭਾਵਨਾ ਦਾ ਮਾਹੌਲ ਵਿਗਾੜ ਰਹੀਆਂ ਹਨ। ਭਾਰਤ ਵਿਚ ਕਿਸੇ ਵੀ ਧਰਮ ਦੇ ਖਿਲਾਫ ਨਫਰਤ ਦੀ ਕੋਈ ਥਾਂ ਨਹੀਂ ਹੈ। ਇਥੇ ਸਦੀਆਂ ਤੋਂ ਸਭ ਧਰਮਾਂ ਦੇ ਲੋਕ ਆਪਸ ਵਿਚ ਮਿਲ ਜੁਲ ਕੇ ਰਹਿੰਦੇ ਹਨ ਅਤੇ ਅਤੇ ਇਕ ਦੂਸਰੇ ਦੇ ਦਿਨ ਤਿਉਹਾਰ ਸਭ ਮਿਲ ਕੇ ਮਨਾਉਂਦੇ ਆ ਰਹੇ ਹਨ । ਇਸ ਲਈ ਸਿਰਫ ਕੁਝ ਲੋਕਾਂ ਦੇ ਗਲਤ ਫੈਸਲੇ ਲਈ ਸਮੁੱਚੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ ਅਤੇ ਕੁਝ ਲੋਕਾਂ ਦੇ ਕਾਰਨ ਸਾਰੇ ਭਾਈਚਾਰੇ ਦੇ ਵਿਰੁੱਧ ਫੈਸਲਾ ਦੇਣਾ ਇਸ ਤੋਂ ਵੀ ਗਲਤ ਹੈ। ਇਸ ਲਈ ਹਰਿਆਣਾ ਵਿਚ ਮਹਾਪੰਚਾਇਤ ਨੇ ਉਥੋਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ, ਉਸ ਮਹਾਪੰਚਾਇਤ ਨੂੰ ਵੀ ਆਪਣੇ ਫੈਸਲੇ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਸਾਰੇ ਰੰਗਾਂ ਨਾਲ ਸਜਿਆ ਭਾਰਤ ਇਕ ਸੁੰਦਰ ਗੁਲਦਸਤਾ ਮੁਰਝਾਏ ਨਾਂ ਸਗੋਂ ਇਸਦੇ ਰੰਗਾ ਦੀ ਮਹਿਕ ਪੂਰੀ ਦੁਨੀਆਂ ਵਿਚ ਬਿਖਰਦੀ ਰਹੇ।
ਹਰਵਿੰਦਰ ਸਿੰਘ ਸੱਗੂ।