ਜਗਰਾਉਂ (ਪ੍ਰਤਾਪ ਸਿੰਘ): ਕੌਮ ਦੇ ਸਿਰਦਾਰ ਸਿੱਖ ਬੁੱਧੀਜੀਵੀ, ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੇ ਰਚੇਤਾ, ਸਿੱਖ ਸੋਚ ਦੀ ਡੂੰਘਾਈ ਦੇ ਮਾਲਕ, ਪਹਿਲੇ ਸਿੱਖ ਆਈ. ਸੀ. ਐੱਸ., ਲੋਕ ਸਭਾ ਤੇ ਵਿਧਾਨ ਸਭਾ ਦੇ ਸਾਬਕਾ ਮੈਂਬਰ ਸਿਰਦਾਰ ਕਪੂਰ ਸਿੰਘ ਜੀ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਉਨ੍ਹਾਂ ਦੇ ਪਰਿਵਾਰ ਵੱਲੋਂ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਗੁਰਮਤਿ ਸਮਾਗਮ ਦੀ ਜਾਣਕਾਰੀ ਦਿੰਦਿਆਂ ਬਾਬਾ ਆਗਿਆਪਾਲ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦੇ ਪੋਤਰੇ ਤੇ ਪ੍ਰਸਿੱਧ ਸਮਾਜ ਸੇਵੀ ਤੇ ਧਾਰਮਕ ਸ਼ਖਸੀਅਤ ਸਵਰਗੀ ਨੰਬਰਦਾਰ ਚੰਚਲ ਸਿੰਘ ਧਾਲੀਵਾਲ ਦੇ ਬੇਟੇ ਗੁਰਨਾਮ ਸਿੰਘ ਗੋਗੀ ਨੇ ਦੱਸਿਆ ਕਿ ਸਿਰਦਾਰ ਕਪੂਰ ਸਿੰਘ ਫਾਰਮ ਹਾਊਸ ਅਗਵਾਡ਼ ਖੁਆਜਾ ਬਾਜੂ ਵਿਖੇ ਗੁਰਮਤਿ ਸਮਾਗਮ ਹੋਣਗੇ, ਜਿਸ ਵਿਚ ਪ੍ਰਸਿੱਧ ਵਿਦਵਾਨ ਅਤੇ ਹੋਰ ਪੰਥਕ ਸ਼ਖਸੀਅਤਾਂ ਸਿਰਦਾਰ ਕਪੂਰ ਸਿੰਘ ਜੀ ਦੀ ਯਾਦ ਵਿੱਚ ਹੋ ਰਹੇ ਸਮਾਗਮ ਸਮੇਂ ਸ਼ਿਰਕਤ ਕਰਨਗੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 11 ਤੋਂ 2 ਵਜੇ ਤਕ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਇਸ ਮੌਕੇ ਜਿਥੇ ਪੰਥਕ ਸ਼ਖ਼ਸੀਅਤਾਂ ਸਿਰਦਾਰ ਕਪੂਰ ਸਿੰਘ ਦੇ ਜੀਵਨ ਤੇ ਰੋਸ਼ਨੀ ਪਾਉਣਗੀਆਂ, ਉੱਥੇ ਸਿੱਖ ਕੌਮ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵੀ ਪੰਥਕ ਵਿਦਵਾਨ ਚਰਚਾ ਕਰਨਗੇ।