ਸਿੱਧਵਾਂਬੇਟ, 11 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ )—ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜ ਰਹੀ ਪੰਜਾਬ ਸਰਕਾਰ ਹਰ ਰੋਜ਼ ਸਰਕਾਰੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਦਲਾਲਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ। ਇਸ ਦੇ ਬਾਵਜੂਦ ਭ੍ਰਿਸ਼ਟਾਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਥਾਣਾ ਸਿੱਧਵਾਂਬੇਟ ਅਧੀਨ ਸ਼ੁੱਕਰਵਾਰ ਸਵੇਰੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ 25 ਸਾਲਾ ਨੌਜਵਾਨ ਨੇ ਉਸਦੀ ਕਾਰ ਵਿੱਚ ਨਸ਼ੇ ਦਾ ਹਵਾਲਾ ਦਿੰਦੇ ਹੋਏ ਦੋ ਪੁਲਿਸ ਮੁਲਾਜ਼ਮਾਂ ਤੇ 50 ਹਜਾਰ ਰੁਪਏ ਉਸਦੀ ਗੱਡੀ ਵਿਚੋਂ ਚੁੱਕਣ ਦੇ ਦੋਸ਼ ਲਗਾਏ। ਜਦਕਿ ਪੁਲਿਸ ਮੁਲਾਜ਼ਮ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਰਹੇ ਹਨ।
ਕੀ ਕਹਿਣਾ ਹੈ ਥਾਣਾ ਸਿੱਧਵਾਂਬੇਟ ਦੇ ਇੰਚਾਰਜ ਦਾ-
ਥਾਣਾ ਸਿੱਧਵਾਂਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਪਿੰਡ ਸ਼ਾਹਕੋਟ ਮਲਸੀਹਾਂ ਦਾ ਰਹਿਣ ਵਾਲਾ ਪੁਨੀਤ ਗੁਪਤਾ ਆਪਣੀ ਇਨੋਵਾ ਕਾਰ ’ਚ ਸਿੱਧਵਾਂਬੇਟ ਤੋਂ ਭੂੰਦੜੀ ਵੱਲ ਜਾ ਰਿਹਾ ਸੀ। ਉਸ ਨੇ ਰਸਤੇ ਵਿੱਚ ਇੱਕ ਬੰਦ ਢਾਬੇ ਕੋਲ ਆਪਣੀ ਗੱਡੀ ਖੜ੍ਹੀ ਕੀਤੀ ਹੋਈ ਸੀ ਅਤੇ ਉਸ ਗੱਡੀ ਦੀ ਡਰਾਈਵਰ ਸੀਟ ’ਤੇ ਕੋਈ ਨਹੀਂ ਸੀ ਅਤੇ ਪਿਛਲੀ ਸੀਟ ’ਤੇ ਪੁਨੀਤ ਗੁਪਤਾ ਬੈਠਾ ਸੀ। ਜੀ.ਟੀ.ਰੋਡ ’ਤੇ ਗਸ਼ਤ ਲਈ ਤਾਇਨਾਤ 2 ਪੁਲਿਸ ਮੁਲਾਜ਼ਮਾਂ ਨੇ ਲਾਵਾਰਿਸ ਹਾਲਤ ਵਿਚ ਖੜੀ ਗੱਡੀ ਦੇ ਸ਼ੱਕ ਦੇ ਆਧਾਰ ’ਤੇ ਉਸ ਕੋਲ ਜਾੰਚ ਲਈ ਚਲੇ ਗਏ ਅਤੇੇ ਪਿੱਛੇ ਬੈਠੇ ਪੁਨੀਤ ਗੁਪਤਾ ਨੂੰ ਦੇਖਿਆ ਤਾਂ ਉਸ ਪਾਸੋਂ ਪੁੱਛਗਿੱਛ ਕੀਤੀ ਅਤੇ ਉਸ ਦੀ ਗੱਡੀ ਦੀ ਚੈਕਿੰਗ ਕਰਨ ਉਪਰੰਤ ਉਸ ਨੂੰ ਛੱਡ ਦਿੱਤਾ ਗਿਆ। ਪਰ ਕੁਝ ਸਮੇਂ ਬਾਅਦ ਪੁਨੀਤ ਗੁਪਤਾ ਕਈ ਲੋਕਾਂ ਨੂੰ ਆਪਣੇ ਨਾਲ ਲੈ ਕੇ ਪੁਲਿਸ ਥਾਣੇ ਪਹੁੰਚ ਗਿਆ ਅਤੇ ਉਸਨੇ ਦੋਸ਼ ਲਾਇਆ ਕਿ ਉਹ ਬੈਂਕ ਤੋਂ ਕਰੀਬ 3 ਲੱਖ ਰੁਪਏ ਕਢਵਾ ਲਿਆਇਆ ਸੀ। ਪੁਲੀਸ ਮੁਲਾਜ਼ਮਾਂ ਨੇ ਉਸਦੀ ਗੱਡੀ ਦੀ ਚੈਕਿੰਗ ਦੇ ਨਾਂ ’ਤੇ ਗੱਡੀ ਵਿੱਚ ਰੱਖੇ ਪੈਸਿਆਂ ਵਿੱਚੋਂ ਪੰਜਾਹ ਹਜ਼ਾਰ ਰੁਪਏ ਕੱਢ ਲਏ । ਜਦੋਂ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਦੋਵੇਂ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਤੁਹਾਡੀ ਕਾਰ ’ਚੋਂ ਚਿੱਟਾ ਮਿਲਿਆ ਹੈ। ਉਸ ਸਮੇਂ ਉਹ ਡਰ ਦੇ ਮਾਰੇ ਉਥੋਂ ਚਲਾ ਗਿਆ ਅਤੇ ਬਾਅਦ ਵਿਚ ਆਪਣੇ ਸਾਥੀਆਂ ਨਾਲ ਉਕਤ ਪੁਲਸ ਮੁਲਾਜ਼ਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆ ਗਿਆ। ਥਾਣਾ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਨੀਤ ਗੁਪਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਉਸ ਵਲੋਂ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਵੀ ਹਕੀਕਤ ਸਾਹਮਣੇ ਆਏਗੀ ਅਤੇ ਦੋਵਾਂ ਵਿੱਚੋਂ ਜੋ ਵੀ ਗਲਤ ਸਾਬਤ ਹੋਇਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਡੀਐਸਪੀ ਦਾ-
ਇਸ ਸਬੰਧੀ ਡੀਐਸਪੀ ਸਤਵਿੰਦਰ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਹੈ। ਮਾਮਲੇ ਦੀ ਜਾਂਚ ਥਾਣਾ ਸਿੱਧਵਾਂਬੇਟ ਦੇ ਇੰਚਾਰਜ ਕਰ ਰਹੇ ਹਨ। ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਸ ਮਾਮਲੇ ਵਿੱਚ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ।