ਜਗਰਾਉਂ (ਪ੍ਰਤਾਪ ਸਿੰਘ): ਬੀਤੀ ਰਾਤ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਰੈਣ ਸਬਾਈ ਕੀਰਤਨ ਸਮਾਗਮ ਜੋ ਅੰਮ੍ਰਿਤ ਵੇਲੇ ਤਕ ਨਿਰੰਤਰ ਜਾਰੀ ਰਿਹਾ। ਰੈਣ ਸਬਾਈ ਕੀਰਤਨ ਸਮਾਗਮ ਦੀ ਇਹ ਵਿਸ਼ੇਸ਼ਤਾ ਸੀ ਕਿ ਸਾਰੀ ਰਾਤ ਸ਼ਬਦਾਂ ਦੀ ਲੜੀ ਨਹੀਂ ਟੁੱਟੀ। ਇੱਕ ਜਥਾ ਕੀਰਤਨ ਕਰ ਕੇ ਸਮਾਂ ਹੋਣ ਤੇ ਹਟਦਾ ਉਸੇ ਸ਼ਬਦ ਦੀ ਧੁਨੀ ਤੇ ਚਲਦਿਆਂ ਚਲਦਿਆਂ ਦੂਜਾ ਜਥਾ ਸ਼ਬਦ ਪੜ੍ਹਨ ਦੀ ਡਿਊਟੀ ਸੰਭਾਲ ਲੈਂਦਾ। ਜਥਿਆਂ ਨੇ ਇਕ ਮਿੰਟ ਵੀ ਖਰਾਬ ਨਹੀਂ ਹੋਣ ਦਿੱਤਾ ਤੇ ਨਿਰੰਤਰ ਸ਼ਬਦਾਂ ਦੀਆਂ ਛਹਿਬਰਾਂ ਦਾ ਸੰਗਤਾਂ ਰਸ ਪੀਂਦੀਆਂ ਰਹੀਆਂ। ਇਸ ਮੌਕੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਭਜਨਗੜ੍ਹ ਨੇ ਆਖਿਆ ਕੀ ਇਹ ਕੀਰਤਨ ਸਮਾਗਮ ਨੌਜਵਾਨਾਂ ਵੱਲੋਂ ਕਰਵਾਇਆ ਗਿਆ ਜੋ ਪਿਛਲੇ ਕਈ ਦਿਨਾਂ ਤੋਂ ਸਮਾਗਮ ਦੀ ਸਫਲਤਾ ਲਈ ਲਗਾਤਾਰ ਮਿਹਨਤ ਕਰ ਰਹੇ ਸਨ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਨੌਜਵਾਨਾਂ ਦੀ ਮਿਹਨਤ ਦੀ ਗਵਾਹੀ ਭਰਦਾ ਹੈ। ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤਾਂ ਅੰਮ੍ਰਿਤ ਵੇਲੇ ਤਕ ਨਾਮ ਬਾਣੀ ਦੇ ਰਸ ਦਾ ਆਨੰਦ ਮਾਣਦੀਆਂ ਰਹੀਆਂ। ਜਿੱਥੇ ਸੰਗਤਾਂ ਆਤਮਕ ਰਸ ਦਾ ਆਨੰਦ ਲੈਂਦੀਆਂ ਰਹੀਆਂ। ਉੱਥੇ ਸਰੀਰਕ ਤ੍ਰਿਪਤੀ ਵਾਸਤੇ ਵੀ ਸਾਰੀ ਰਾਤ ਨਿਰੰਤਰ ਲੰਗਰ ਵੀ ਚਲਦਾ ਰਿਹਾ । ਕੀਰਤਨ ਦਾ ਆਨੰਦ ਮਾਨਣ ਵਾਲਿਆਂ ਚ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਦੀਪਇੰਦਰ ਸਿੰਘ ਭੰਡਾਰੀ, ਤਰਲੋਕ ਸਿੰਘ ਸਿਡਾਨਾ, ਰਜਿੰਦਰਪਾਲ ਸਿੰਘ ਮੱਕਡ਼, ਅਪਾਰ ਸਿੰਘ, ਆੜ੍ਹਤੀ ਪਰਮਜੀਤ ਸਿੰਘ ਪੰਮਾ, ਸਤਨਾਮ ਸਿੰਘ ਆਡ਼੍ਹਤੀ, ਜਤਵਿੰਦਰਪਾਲ ਸਿੰਘ ਜੇ ਪੀ , ਰਜਿੰਦਰ ਸਿੰਘ, ਜਗਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਖਾਲਸਾ ਏਡ ਦੇ ਸਾਰੇ ਮੈਂਬਰ ਹਾਜ਼ਰ ਸਨ। ਅਖੀਰ ਵਿੱਚ ਖਾਲਸਾ ਏਡ ਦੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।