25 ਅਗਸਤ ਤੋਂ 8 ਸਤੰਬਰ 2023 ਤੱਕ ਮਨਾਇਆ ਜਾਵੇਗਾ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ
ਲੁਧਿਆਣਾ, 24 ਅਗਸਤ ( ਰਾਜਨ ਜੈਨ)-ਪੁਨਰਜੋਤ ਆਈ ਬੈਂਕ ਲੁਧਿਆਣਾ ਵੱਲੋਂ ਡਾ. ਰਮੇਸ਼ ਸੁਪਰਸਪੈਸ਼ਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਿਖੇ 38ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜੇ ਦੀ ਸ਼ੁਰੂਆਤ ਕੀਤੀ। ਇਸ ਸਾਲ 38 ਵੇਂ ਜਾਗਰੂਕਤਾ ਪੰਦਰਵਾੜੇ ਦੋਰਾਨ ਪੁਨਰਜੋਤ ਪੰਜਾਬ ਦੇ ਕੋ-ਆਰਡੀਨੇਟਰਾਂ ਵਲੋਂ ਪੁਨਰਜੋਤ ਆਈ ਬੈਂਕ ਸੁਸਾਇਟੀ (ਰਜਿ:) ਲੁਧਿਆਣਾ ਦੇ ਡਾਇਰੈਕਟਰ ਡਾ: ਰਮੇਸ਼ ਜੀ, ਸੈਕਟਰੀ ਸੁਭਾਸ਼ ਮਲਿਕ ਜੀ ਅਤੇ ਨੈਸ਼ਨਲ ਅਤੇ ਇੰਟਰਨੈਸ਼ਨ ਕੋਆਰਡੀਨੇਟਰ ਸ਼੍ਰੀ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ ਅੱਖਾਂ ਦਾਨ – ਮਹਾਂ ਦਾਨ ਦੀ ਮੁਹਿੰਮ ਬੜੇ ਜੋਰ ਸ਼ੋਰ ਨਾਲ ਪੂਰੇ ਪੰਜਾਬ ਵਿੱਚ ਚਲਾਈ ਗਈ। ਇਸ ਦੋਰਾਨ ਪੁਨਰਜੋਤ ਦੀਆਂ ਟੀਮਾਂ ਵਲੋਂ ਫਗਵਾੜਾ, ਨਵਾਂਸ਼ਹਿਰ, ਅੰਮ੍ਰਿਤਸਰ, ਫਾਜਿਲਕਾ, ਫਿਰੋਜ਼ਪੁਰ, ਮਹਿਤਪੁਰ, ਪਠਾਨਕੋਟ, ਗੁਰਦਾਸਪੁਰ, ਤਪਾ ਮੰਡੀ, ਮੋਗਾ, ਬਰਨਾਲਾ, ਬਠਿੰਡਾ, ਰਾਮਪੁਰਾ ਫੂਲ, ਲੁਧਿਆਣਾ, ਬੰਗਾ, ਮਲੇਰਕੋਟਲਾ, ਸੰਗਰੂਰ, ਗੁਰਾਇਆਂ, ਜਲੰਧਰ, ਬਰੇਟਾ, ਝੁਨੇਰ, ਰਾਏਕੋਟ, ਨਕੋਦਰ, ਤਰਨ ਤਾਰਨ, ਪੱਟੀ ਅਤੇ ਵਿੱਚ ਸਕੂਲਾਂ ਕਾਲਜਾਂ ਵਿੱਚ ਸੈਮੀਨਾਰਾਂ ਅਤੇ ਸੜਕ ਰੈਲੀਆਂ ਰਾਂਹੀ ਲੋਕਾਂ ਨੂੰ ਅੱਖਾਂ ਦਾਨ ਦੇ ਪ੍ਰਣ ਲੈਣ ਲਈ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ। ਸਕੂਲਾਂ ਅਤੇ ਕਾਲਜਾਂ ਵਿੱਚ ਪੁਨਰਜੋਤ ਵਲੋਂ ਵਿਦਿਆਰਥੀਆਂ ਤੋਂ ਕਸਮ ਲਈ ਗਈ ਕਿ ਉਹ ਅੱਗੇ ਸਮਾਜ ਅਤੇ ਪਰਿਵਾਰ ਵਿੱਚ ਘੱਟੋ ਘੱਟ 10 ਇਨਸਾਨਾਂ ਨੂੰ ਇਹ ਜਾਣਕਾਰੀ ਦੇਣਗੇ ਕਿ ਅੱਖਾਂ ਮਰਨ ਤੋਂ ਬਾਅਦ 6 ਘੰਟੇ ਦੇ ਵਿੱਚ ਵਿੱਚ ਦਾਨ ਕਰਵਾਈਆਂ ਜਾ ਸਕਦੀਆਂ ਹਨ। ਅੱਜ ਵੀ ਭਾਰਤ ਵਿੱਚ ਮਰਨ ਤੋਂ ਬਾਅਦ ਇਕ ਕਰੋੜ ਜੀਉਂਦੀ ਪਈ ਅੱਖ ਸਾੜ ਕੇ ਸਵਾਹ ਕੀਤੀ ਜਾਂਦੀ ਹੈ। ਜਦੋਂ ਕਿ 11 ਲੱਖ ਦੇ ਕਰੀਬ ਪੁਤਲੀਆਂ ਦੀ ਬਿਮਾਰੀ ਦਾ ਸ਼ਿਕਾਰ ਨੇਤਰਹੀਣ ਲੋਕ ਹਰ ਵੇਲੇ ਇਸ ਉਡੀਕ ਵਿੱਚ ਰਹਿੰਦੇ ਹਨ ਕਿ ਕੋਈ ਪਰਿਵਾਰ ਆਪਣੇ ਸਦੀਵੀਂ ਵਿਛੋੜਾ ਦੇ ਚੁੱਕੇ ਰਿਸ਼ਤੇਦਾਰਾਂ ਦੀਆਂ ਸਲਾਮਤ ਪਈਆਂ ਅੱਖਾਂ ਉਹਨਾਂ ਨੂੰ ਦਾਨ ਵਿੱਚ ਦੇ ਕੇ ਇਸ ਦੁਨੀਆਂ ਨੂੰ ਦੇਖਣ ਯੋਗ ਕਰ ਜਾਣ। ਸਾਡੀਆਂ ਅੱਖਾਂ ਮਰ ਕੇ ਵੀ ਜਿੰਦਾ ਰਹਿ ਸਕਦੀਆਂ ਹਨ ਅਤੇ ਦੋ ਨੇਤਰਹੀਣਾਂ ਨੂੰ ਰੋਸ਼ਨੀ ਦੇ ਸਕਦੀਆਂ ਹਨ।
ਡਾ. ਰਮੇਸ਼, ਅੱਖਾਂ ਦੇ ਮਾਹਿਰ, ਮੈਡੀਕਲ ਡਾਇਰੈਕਟਰ, ਪੁਨਰਜੋਤ ਆਈ ਬੈਂਕ ਸੁਸਾਇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਜਨਤਾ ਨੂੰ ਅੱਖਾਂ ਦਾਨ ਪ੍ਰਤੀ ਜਾਗਰੂਕ ਕਰਨ ਲਈ ਪੂਰੇ ਦੇਸ਼ ਵਿਚ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਜਾਗਰੂਕਤਾ ਪੰਦੜਵਾੜ੍ਹਾ ਮਨਾਇਆ ਜਾਂਦਾ ਹੈ।ਜਿਸ ਵਿਚ ਲੋਕਾ ਨੂੰ ਅੱਖਾਂ ਦਾਨ ਕਰਨ ਸੰਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ।ਉਹਨਾਂ ਅੱਗੇ ਦੱਸਿਆ ਕਿ ਪੁਨਰਜੋਤ ਆਈ ਬੈਂਕ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਲੋਕਾ ਨੂੰ ਅੱਖਾਂ ਦਾਨ ਕਰਨ ਸੰਬੰਧੀ ਪ੍ਰੇਰਿਤ ਕਰਕੇ ਅੱਖਾਂ ਦਾਨ ਕਰਵਾ ਰਹੀ ਹੈ ਅਤੇ ਪੁਤਲੀ ਬਦਲਣ ਦੇ ਅਪ੍ਰੇਸ਼ਨ ਬਿਲਕੁਲ ਮੁਫਤ ਕਰਕੇ ਦੇਸ਼ ਨੂੰ ਪੁਤਲੀ ਦੇ ਅੰਨੇਪਣ ਤੋਂ ਮੁਕਤ ਕਰਵਾਉਣ ਲਈ ਵੱਢਮੁਲਾ ਯੋਗਦਾਨ ਪਾ ਰਹੀ ਹੈ। ਦੁਨੀਆ ਭਰ ਵਿੱਚ ਹਰ 70 ਕੋਰਨੀਆ ਪ੍ਰਾਪਤ ਕਰਨ ਵਾਲਿਆਂ ਲਈ ਸਿਰਫ 1 ਕੋਰਨੀਆ ਉਪਲਬਧ ਹੈ। ਭਾਰਤ ਵਿੱਚ 11 ਲੱਖ ਤੋਂ ਵੱਧ ਲੋਕਾਂ ਨੂੰ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਦੀ ਲੋੜ ਹੈ। ਅੱਖ ਦਾਨੀਆਂ ਦੀ ਇਸ ਕਮੀ ਨੂੰ ਦੂਰ ਕਰਨ ਲਈ, ਭਾਰਤ ਲਈ 3-ਪੱਧਰੀ ਭਾਈਚਾਰਕ ਪ੍ਰਣਾਲੀ ਦਾ ਪ੍ਰਸਤਾਵ ਕੀਤਾ ਗਿਆ ਹੈ, ਅਤੇ ਇਹ ਹਨ: ਅੱਖਾਂ ਦਾਨ ਕੇਂਦਰ,ਅੱਖਾਂ ਦੇ ਬੈਂਕ, ਅਤੇ ਅੱਖਾਂ ਦੇ ਬੈਂਕ ਸਿਖਲਾਈ ਕੇਂਦਰ। ਕੋਵਿਡ ਮਹਾਂਮਾਰੀ ਕਾਰਨ ਅੱਖਾਂ ਦਾਨ ਕਰਨ ਵਿੱਚ 52% ਕਮੀ ਆਈ ਹੈ।
ਪੁਨਰਜੋਤ ਆਈ ਬੈਂਕ ਲੁਧਿਆਣਾ ਵੱਲੋਂ ਹੁਣ ਤੱਕ 5700 ਦੇ ਲਗਭਗ ਪੁਤਲੀਆਂ ਬਦਲਣ ਦੇ ਮੁਫਤ ਅਪ੍ਰੇਸ਼ਨ ਕਰ ਚੁਕੀ ਹੈ। ਸੁਭਾਸ਼ ਮਲਿਕ, ਆਨਰੇਰੀ ਸਕੱਤਰ, ਪੁਨਰਜੋਤ ਆਈ ਬੈਂਕ ਲੁਧਿਆਣਾ ਨੇ ਦੱਸਿਆ ਕਿ ਸਾਡੀ ਸੰਸਥਾਂ ਵਲੋਂ ਇਸ ਪੰਦਰਵਾੜੇ ਦੌਰਾਨ ਪੂਰੇ ਪੰਜਾਬ ਵਿਚ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕ ਕਰਨ ਲਈ ਕੈਂਪ ਅਤੇ ਸੈਮੀਨਾਰ ਲਗਾਏ ਜਾਣਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਡਾ. ਰਮੇਸ਼ ਸੁਪਰ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਦੇ ਮੈਡੀਕਲ ਸੁਪਰੀਟੈਨਡੈਂਟ ਡਾਕਟਰ ਪਰਵੇਸ਼ ਨੇ ਦਸਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਅੱਖਾਂ ਦਾਨ ਸੰਬੰਧੀ ਜਾਗਰੂਕ ਕਰਨ ਲਈ ਅੱਖਾਂ ਦਾਨ ਦੇ ਵਿਸ਼ੇ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ, ਤਾਂ ਜੋ ਨੌਜਵਾਨ ਪੀੜੀ ਵੀ ਇਸ ਮੁਹਿੰਮ ਨਾਲ ਜੁੜ ਸਕੇ।
ਡਾ. ਆਕਰਸ਼ਨ ਮਹਿਤਾ ਐਮ.ਡੀ (ਅੱਖਾਂ ਦੇ ਮਾਹਿਰ) ਨੇ ਮੀਡੀਆ, ਸਰਕਾਰ, ਡਾਕਟਰਜ, ਪੈਰਾ-ਮੈਡੀਕਲ ਸਟਾਫ, ਧਾਰਮਿਕ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿਚੋਂ ਅੰਨਾਪਣ ਦੂਰ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ।