Home Sports ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੇ ਮਸ਼ਾਲ ਮਾਰਚ ਦਾ ਚੁੰਨੀ ਕਲਾਂ ਵਿਖੇ...

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੇ ਮਸ਼ਾਲ ਮਾਰਚ ਦਾ ਚੁੰਨੀ ਕਲਾਂ ਵਿਖੇ ਜ਼ੋਰਦਾਰ ਸਵਾਗਤ

36
0

ਵਿਧਾਇਕ ਰੁਪਿੰਦਰ ਸਿੰਘ ਹੈਪੀ ਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਸਵਾਗਤੀ ਸਮਾਗਮ ਵਿੱਚ ਹੋਏ ਸ਼ਾਮਲ

ਬੱਸੀ ਪਠਾਣਾਂ/ਫਤਹਿਗੜ੍ਹ ਸਾਹਿਬ, 26 ਅਗਸਤ ( ਬੌਬੀ ਸਹਿਜਲ, ਧਰਮਿੰਦਰ) –
ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-2 ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਸੂਬੇ ਭਰ ਵਿੱਚ ਮਸ਼ਾਲ ਮਾਰਚ ਕੀਤਾ ਜਾ ਰਿਹਾ ਹੈ।
22 ਅਗਸਤ 2023 ਤੋਂ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਹੋਇਆ ਇਹ ਮਾਰਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ ਅੱਜ ਚੁੰਨੀ ਕਲਾਂ ਵਿਖੇ ਜ਼ਿਲ੍ਹਾ ਐੱਸ. ਏ.ਐੱਸ. ਨਗਰ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਦਾਖਲ ਹੋਇਆ। ਇਸ ਦੇ ਸਵਾਗਤ ਲਈ ਅਕਾਲ ਅਕੈਡਮੀ ਨੇੜੇ ਰੱਖੇ ਸਮਾਗਮ ਵਿਚ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀ, ਕੌਮਾਂਤਰੀ ਖਿਡਾਰੀ ਜਸਪੂਰਨ ਸਿੰਘ (ਕੁਸ਼ਤੀ), ਮਨਵੀਰ ਕੌਰ (ਅਥਲੈਟਿਕਸ), ਮਨੀਸ਼ਾ (ਵਾਟਰ ਸਪੋਰਟਸ) ਤੇ ਪਤਵੰਤੇ ਸ਼ਾਮਲ ਹੋਏ।
ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-2 ਉਲੀਕਿਆ ਗਿਆ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਇਤਿਹਾਸਕ ਕਦਮ ਹਨ। ਇਹਨਾਂ ਨਾਲ ਜਿੱਥੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਢੁਕਵਾਂ ਮੌਕਾ ਮਿਲਦਾ ਹੈ। ਉਥੇ ਨੌਜਵਾਨਾਂ ਨੂੰ ਵੱਖ ਵੱਖ ਅਲਾਮਤਾਂ ਤੋਂ ਬਚਾਅ ਕੇ ਸਹੀ ਰਾਹ ਉੱਤੇ ਵੀ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਦੀ ਸਫਲਤਾ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਹਲਕਾ ਵਿਧਾਇਕ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਬਲਾਕ ਪੱਧਰੀ ਖੇਡਾਂ 01 ਸਤੰਬਰ 2023 ਤੋਂ 10 ਸਤੰਬਰ 2023 ਤੱਕ ਜ਼ਿਲ੍ਹੇ ਵਿੱਚ ਵੱਖੋ-ਵੱਖ ਥਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਖੇਡਾਂ 16 ਸਤੰਬਰ ਤੋਂ 28 ਸਤੰਬਰ ਤੱਕ ਕਰਵਾਈਆਂ ਜਾਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਹਨਾਂ ਖੇਡਾਂ ਤਹਿਤ ਤਲਵਾਰਬਾਜ਼ੀ/ ਫੈਂਸਿੰਗ ਦੇ ਸੂਬਾ ਪੱਧਰੀ ਮੁਕਾਬਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾਣੇ ਹਨ। ਇਹਨਾਂ ਖੇਡਾਂ ਬਾਬਤ ਤਿਆਰੀਆਂ ਜ਼ੋਰਾਂ ‘ਤੇ ਹਨ। ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਸਬੰਧੀ ਰਜਿਸਟ੍ਰੇਸ਼ਨ ਜਾਰੀ ਹੈ ਤੇ ਵੱਧ ਤੋਂ ਵੱਧ ਨੌਜਵਾਨ ਰਜਿਸਟ੍ਰੇਸ਼ਨ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਸ਼ਾਲ ਮਾਰਚ ਦਾ ਮੁੱਖ ਮਕਸਦ ਲੋਕਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ, ਖਾਸਕਰ ਨੌਜਵਾਨ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਖੇਡਾਂ ਨਾਲ ਜੁੜੇ ਨੌਜਵਾਨ ਜਿੱਥੇ ਨਸ਼ਿਆਂ ਅਤੇ ਹੋਰ ਭੈੜੀਆਂ ਆਦਤਾਂ ਤੋਂ ਬਚੇ ਰਹਿੰਦੇ ਹਨ ਉੱਥੇ ਉਹ ਆਪਣੀ ਮਿਹਨਤ ਨਾਲ ਆਪਣਾ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕਰ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਸਿੰਗਲ, ਐਸ.ਡੀ.ਐਮ. ਖਮਾਣੋਂ ਡਾ.ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ ਸ੍ਰੀ ਅਭਿਸ਼ੇਕ ਸ਼ਰਮਾ, ਡੀ.ਐਸ.ਓ. ਕੁਲਦੀਪ ਚੁੱਘ, ਮਨੀਸ਼ ਕੁਮਾਰ (ਹਾਕੀ ਕੋਚ), ਕੁਲਵਿੰਦਰ ਸਿੰਘ (ਹੈਂਡਬਾਲ ਕੋਚ) , ਲਖਬੀਰ ਸਿੰਘ (ਐਥਲੈਟਿਕ ਕੋਚ), ਰਮਣੀਕ ਅਹੂਜਾ (ਬਾਸਕਟਬਾਲ ਕੋਚ), ਸੁਖਦੀਪ ਸਿੰਘ (ਫੁੱਟਬਾਲ ਕੋਚ), ਮਨਜੀਤ ਸਿੰਘ (ਕੁਸ਼ਤੀ ਕੋਚ), ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਵੀਰਨ ਦੇਵੀ (ਖੋ-ਖੋ ਕੋਚ),ਮਨੋਜ ਕੁਮਾਰ (ਜਿਮਨਾਸਟਿਕ ਕੋਚ), ਭੁਪਿੰਦਰ ਕੌਰ (ਅਥਲੈਟਿਕਸ ਕੋਚ), ਮਨਵੀਰ ਕੌਰ (ਅਥਲੈਟਿਕਸ ਕੋਚ), ਰਾਹੁਲਦੀਪ ਸਿੰਘ (ਬਾਸਕਟਬਾਲ ਕੋਚ) ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here