ਜਗਰਾਓਂ, 27 ਅਗਸਤ ( ਬੌਬੀ ਸਹਿਜਲ, ਧਰਮਿੰਦਰ )- ਸੀਟੂ ਜਗਰਾਉਂ ਦੇ ਤਹਿਸੀਲ ਕਮੇਟੀ ਮੈਂਬਰ ਕਾਮਰੇਡ ਭਰਪੂਰ ਸਿੰਘ ਛੱਜਾਵਾਲ ਨੇ ਪਾਰਟੀ ਮੈਂਬਰਸ਼ਿਪ ਅਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਮਰੇਡ ਭਰਪੂਰ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਕੁਝ ਸਥਾਨਕ ਆਗੂ ਜਾਣਬੁੱਝ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਕਿਉਂਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਬੇਇਨਸਾਫੀ ਹੋਣ ਤੇ ਉਨ੍ਹਾਂ ਦਾ ਸਾਥ ਦੇ ਰਹੇ ਹਨ ਅਤੇ ਉਨ੍ਹਾਂ ਦੇ ਕੇਸ ਦੀ ਕਾਨੂੰਨ ਪੈਰਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਵਾਸੀ ਚੀਮਾ ਦਾ 26 ਜਨਵਰੀ ਨੂੰ ਜਗਰਾਉਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪ੍ਰੇਸ਼ਨ ਕੀਤਾ ਗਿਆ ਸੀ ਅਤੇ ਡਾਕਟਰ ਵੱਲੋਂ ਗਲਤ ਆਪ੍ਰੇਸ਼ਨ ਕਰਨ ਕਾਰਨ ਪਰਿਵਾਰ ਭਾਰੀ ਪ੍ਰੇਸ਼ਾਨੀ ਵਿੱਚ ਸੀ। ਇਸ ਸਬੰਧੀ ਸ਼ਿਕਾਇਤ ਉਸ ਦੀ ਪਤਨੀ ਵੱਲੋਂ ਐਸਡੀਐਮ ਜਗਰਾਉਂ ਨੂੰ ਵੀ ਦਿੱਤੀ ਗਈ ਹੈ। ਜਿਸ ਦੀ ਜਾਂਚ ਜਾਰੀ ਹੈ। ਗਲਤ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਦੇ ਸਥਾਨਕ ਜਥੇਬੰਦੀ ਦੇ ਕੁਝ ਆਗੂਆਂ ਨਾਲ ਸਬੰਧ ਹਨ। ਜਿਸ ਕਾਰਨ ਉਹ ਉਨ੍ਹਾਂ ’ਤੇ ਪਿੱਛੇ ਹਟਣ ਲਈ ਦਬਾਅ ਪਾ ਰਹੇ ਹਨ ਅਤੇ ਉਨ੍ਹਾਂ ’ਤੇ ਮਨਘੜਤ ਦੋਸ਼ ਲਗਾ ਰਿਹਾ ਹੈ। ਜਿਸ ਕਾਰਨ ਉਹ ਪਾਰਟੀ ਦੀ ਮੈਂਬਰਸ਼ਿਪ ਅਤੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਲੋੜਵੰਦ ਅਤੇ ਪੀੜਤ ਪਰਿਵਾਰਾਂ ਦੇ ਨਾਲ ਡਟ ਕੇ ਖੜ੍ਹੇ ਰਹਿਣਗੇ।