ਦਸੂਹਾ, 28 ਅਗਸਤ (ਰਾਜੇਸ਼ ਜੈਨ – ਅਸ਼ਵਨੀ) : ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦਸੂਹਾ ਦੇ ਪਿੰਡ ਆਲਮਪੁਰ ਦੀ ਦਾਣਾ ਮੰਡੀ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ‘ਗੁਰੂ ਲਾਧੋ ਰੇ’ ਦਿਵਸ ਮੌਕੇ ਕਰਵਾਏ ਵਿਸ਼ਾਲ ਕੀਰਤਨ ਦਰਬਾਰ ਵਿਚ ਹਾਜ਼ਰੀ ਭਰੀ। ਇਸ ਮੌਕੇ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਇੰਚਾਰਜ ਮੁਕੇਰੀਆਂ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਵੀ ਹਾਜ਼ਰੀ ਲਗਵਾਈ।ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਸਾਨੂੰ ਆਪਣੇ ਗੁਰੂ ਸਾਹਿਬਾਨ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਉਹ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਮਨੁੱਖਤਾ ਨੂੰ ਸੱਚੇ ਗੁਰੂ ਦੇ ਦਰਸ਼ਨ ਕਰਵਾਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜੀ ਰੱਖਣ ਲਈ ਅਹਿਮ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਜਗਮੋਹਨ ਸਿੰਘ ਬੱਬੂ ਘੁੰਮਣ, ਬਲਾਕ ਪ੍ਰਧਾਨ ਦਿਲਬਾਗ ਸਿੰਘ ਗੋਰਸੀਆ ਤੇ ਹੋਰਨਾਂ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਵੱਖ-ਵੱਖ ਰਾਗੀ ਤੇ ਢਾਡੀ ਜਥਿਆਂ ਨੇ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ, ਜਿਨ੍ਹਾਂ ਵਿਚ ਬਾਬਾ ਹਰਭਜਨ ਸਿੰਘ ਸੋਤਲਾ ਵਾਲੇ, ਸੋਈ ਬ੍ਰਦਰਜ਼ ਮਹਿਤਾ ਦਾ ਜਥਾ, ਢਾਡੀ ਜਥਾ ਸਰੂਪ ਸਿੰਘ ਖਡਿਆਣਾ ਆਦਿ ਸ਼ਾਮਿਲ ਸਨ |