ਕਿਸਾਨਾਂ ਦੀ ਜਿਣਸ ਕੰਪਿਊਟਰ ਕੰਢੇ ਨਾਲ ਤੋਲਣ ਦੀ ਮੰਗ ਵੀ ਉਠਾਈ
ਡੇਹਲੋ, 29 ਅਗਸਤ ( ਬਾਰੂ ਸੱਗੂ) ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਪਿੰਡ ਘੁੰਗਰਾਣਾ ਨਿਵਾਸੀ ਵਫ਼ਦ ਵੱਲੋਂ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿੱਚ ਜਾ ਕੇ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਪਵਨਇੰਦਰ ਸਿੰਘ ਘੁੰਗਰਾਣਾ, ਗੁਰਉਪਦੇਸ਼ ਸਿੰਘ ਘੁੰਗਰਾਣਾ, ਕੁਲਦੀਪ ਸਿੰਘ ਸਿੰਘ ਦੀਪਾ, ਤਰਲੋਚਨ ਸਿੰਘ ਅਤੇ ਹਰਨੇਕ ਸਿੰਘ ਨੇ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਪਿੰਡ ਘੁੰਗਰਾਣਾ ਵਿੱਚ ਜੋ ਚੱਕਾ ਰਸਤਾ ਕੋਆਪਰੇਟਿਵ ਸੁਸਾਇਟੀ ਤੋ ਸ਼ਮਸ਼ਾਨਘਾਟ ਤੱਕ ਜਾਂਦਾ ਹੈ, ਜਿਸ ਦੀ ਹਾਲਤ ਬਹੁਤ ਖਰਾਬ ਹੈ, ਉਸ ਨੂੰ ਪੱਕਾ ਕੀਤਾ ਜਾਵੇ। ਇਸ ਰਸਤੇ ਉੱਪਰ ਮਾਤਾ ਰਾਣੀ ਦਾ ਮੰਦਰ ਵੀ ਹੈ। ਜਿਸ ਕਰਕੇ ਲੋਕਾ ਦਾ ਇਸ ਰਸਤੇ ਉੱਪਰ ਆਮ ਆਉਣਾ ਜਾਣਾ ਹੈ। ਖਰਾਬ ਰਸਤੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫ਼ਦ ਨੇ ਪਿੰਡ ਘੁੰਗਰਾਣਾ ਦੇ ਆਸ ਪਾਸ ਪਿੰਡਾਂ ਦੀਆਂ ਪੰਜਾਬ ਮੰਡੀ ਬੋਰਡ ਅਧੀਨ ਆਉਂਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਤੇ ਚੌੜੀਆਂ ਕਰਨ ਦੀ ਮੰਗ ਵੀ ਕੀਤੀ। ਵਫ਼ਦ ਵਿੱਚ ਸ਼ਾਮਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਆਗੂ ਅਮਰੀਕ ਸਿੰਘ ਜੜਤੌਲੀ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਕੰਪਿਊਟਰ ਕੰਢੇ ਨਾਲ ਤੋਲਣ ਦੀ ਮੰਗ ਕਰਦਿਆਂ ਕਿਹਾ ਕਿ ਫ਼ਰਸ਼ੀ ਕੰਢੇ ਨਾਲ ਜਿਣਸ ਤੋਲਣ ਮੌਕੇ ਕਿਸਾਨਾਂ ਨਾਲ ਉਹਨਾਂ ਦੀ ਫ਼ਸਲ ਮਾਪਦੰਡ ਤੋਂ ਵੱਧ ਤੋਲ ਕੇ ਠੱਗੀ ਮਾਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਤੋਲ ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਆਗੂ ਨੇ ਸੀਜਨ ਤੋ ਪਹਿਲਾਂ ਮੰਡੀਆਂ ਵਿੱਚ ਜਿਣਸ ਖ਼ਰੀਦਣ ਦੇ ਪ੍ਰਬੰਧ ਮੁਕੰਬਲ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਆਏ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।