ਦੇਸ਼ ਵਿੱਚ ਅਜਿਹਾ ਸਿਆਸੀ ਤੌਰ ਤੇ ਇਸ ਕਦਰ ਨਿਘਾਰ ਆ ਗਿਆ ਹੈ ਕਿ ਸਿਆਸਤ ਦਾ ਊਠ ਕਦੋਂ ਕਿਸ ਕਰਵਟ ਬੈਠ ਜਾਏਗਾ ਇਹ ਕੋਈ ਨਹੀਂ ਕਹਿ ਸਕਦਾ। ਮੌਜੂਦਾ ਸਿਆਸਤ ’ਤੇ ਇੱਕ ਪੁਰਾਣਾ ਸ਼ੇਅਰ ‘‘ ਸਿਆਸਤ ਇਕ ਤਵਾਇਫ ਹੈ ਕੋਠੇ ਕੀ, ਇਸ਼ਾਰਾ ਕਿਧਰ ਕਰਤੀ ਹੈ ਔਰ ਨਾਚਤੀ ਕਿਧਰ ਹੈ ’’ ਬਿਲਕੁਲ ਮੌਜੂਦਾ ਰਾਜਨੀਤਿਕ ਸਥਿਤੀ ਦੇ ਨਾਲ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਇਸ ਸਮੇਂ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਸਮੇਂ ਤੋਂ ਪਹਿਲਾਂ ਕਿਸੇ ਵੀ ਸਮੇਂ ਲੋਕ ਸਭਾ ਚੋਣਾਂ ਦਾ ਐਲਾਣ ਹੋ ਸਕਦਾ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਆਪਣੇ ਆਪਣੇ ਤੌਰ ਤੇ ਲੱਗੀਆਂ ਹੋਈਆਂ ਹਨ। ਇਸ ਵਾਰ ਵਿਰੋਧੀ ਧਿਰਾਂ ਇਕ ਮੰਚ ਤੇ ਇਕੱਠੀਆਂ ਹੋ ਕੇ ਮਜ਼ਬੂਤੀ ਨਾਲ ਮੈਦਾਨ ਵਿਚ ਉਤਰ ਜਾ ਰਹੀਆਂ ਹਨ। ਜਿਸ ਲਈ ਉਨ੍ਹਾਂ ਵਲੋਂ ਲਗਾਤਾਰ ਮੀਟਿੰਗਾ ਦਾ ਸਿਲਸਿਲਾ ਚੱਲ ਰਿਹਾ ਹੈ। ਇਸੇ ਦੌਰਾਨ ਹੀ ਭਾਜਪਾ ਵੀ ਆਪਣੇ ਸਹਿਯੋਗੀ ਦਲਾਂ ਨੂੰ ਇਕ ਧਾਗੇ ’ਚ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਮੌਜੂਦਾ ਸਮੇਂ ਅੰਦਰ ਰਾਜਨੀਤਿਕ ਤੌਰ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਸਾਤ ਪੂਰੀ ਤਰਾਂ ਨਾਲ ਸਜ ਕੇ ਤਿਆਰ ਹੋ ਗਈ ਹੈ। ਜਦਕਿ ਦੂਜੇ ਪਾਸੇ ਕਈ ਪਾਰਟੀਆਂ ਅਜਿਹੀਆਂ ਵੀ ਹਨ ਉਹ ਨਾ ਤਾਂ ਫਿਲਹਾਲ ਭਾਜਪਾ ਦੇ ਖੇਮੇ ਵਿਚ ਜਾ ਰਹੀਆਂ ਹਨ ਅਤੇ ਨਾ ਹੀ ਇੰਡੀਆ ਸੰਗਠਨ ਵਿਚ ਸ਼ਾਮਲ ਹੋ ਰਹੀਆਂ ਹਨ। ਉੁਨ੍ਹਾਂ ਵਿੱਚੋਂ ਇੱਕ ਪੰਜਾਬ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਰਾਸ਼ਟਰੀ ਪੱਧਰ ਤੱਕ ਰਾਜਨੀਤਿਕ ਤੌਰ ਤੇ ਸਰਗਰਮ ਰਿਹਾ ਅਤੇ ਦੇਸ਼ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਮਹੱਤਤਾ ਦਿਤੀ ਜਾਂਦੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਕੌਮੀ ਪੱਧਰ ’ਤੇ ਸਿਆਸੀ ਤੌਰ ’ਤੇ ਅਹਿਮ ਭੂਮਿਕਾ ਨਿਭਾਉਂਦਾ ਰਿਹਾ। ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਨਹੀਂ ਹੈ। ਜਦੋਂ ਭਾਜਪਾ ਨੇ ਇੰਡੀਆ ਗਠਜੋੜ ਸਾਹਮਣੇ ਅਪਣਾ ਸ਼ਕਤੀਪ੍ਰਦਰਸ਼ਨ ਕੀਤਾ ਸੀ ਤਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਬੁਲਾਉਣ ਦੀ ਬਜਾਏ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਸਟੇਜ ’ਤੇ ਬੁਲਾਇਆ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਭਾਜਪਾ ਦੇ ਗਠਜੋੜ ਦੀਆਂ ਚੱਲਰਹੀਆਂ ਕਿਆਸ ਅਰਾਈਆਂ ਨੂੰ ਪੂਰੀ ਤਰ੍ਹਾਂ ਨਾਲ ਵਿਰਾਮ ਚਿੰਨ੍ਹ ਲਗਾ ਦਿਤਾ। ਭਾਜਪਾ ਵਲੋਂ ਕਿਸੇ ਵੀ ਤਰ੍ਹਾਂ ਦਾ ਹੁੰਗਾਰਾ ਨਾ ਮਿਲਣ ਅਤੇ ਦੂਜੇ ਪਾਸੇ ਇੰਡੀਆ ਸੰਗਠਨ ਦੀ ਲਗਾਤਾਰ ਮਜ਼ਬੂਤੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਝੁਕਾਅ ਵੀ ਇੰਡੀਆ ਸੰਗਠਨ ਵੱਲ ਹੋ ਗਿਆ। ਜਦੋਂ ਸੰਗਠਨ ਦੀ ਮੀਟਿੰਗ ’ਚ ਇਕ ਵੱਡੇ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਤੋਂ ਵੀ ਨਿਤੀਸ਼ ਕੁਮਾਰ ਦੇ ਸੰਪਰਕ ’ਚ ਹਨ। ਇਹ ਮਾਮਲਾ ਸਾਹਮਣੇ ਆਉਣ ’ਤੇ ਪੰਜਾਬ ਦੀ ਸਿਆਸਤ ’ਚ ਭੂਚਾਲ ਆ ਗਿਆ ਅਤੇ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਅਤੇ ਆਪ ਦੀ ਲੀਡਰਸ਼ਿਪ ਵੱਲੋਂ ਖੁੱਲ੍ਹੇਆਮ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿੰਦਗੀ ਵਿਚ ਕਦੇ ਵੀ ਗਠਜੋੜ ਨਹੀਂ ਹੋਵੇਗਾ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਪਿਆ ਕਿ ਉਹ ਕਾਂਗਰਸ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ ਅਤੇ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਲਈ ਉਨ੍ਹਾਂ ਕੋਲ ਹੋਰ ਵੀ ਕਈ ਵੱਡੇ ਬਦਲ ਮੌਜੂਦ ਹਨ। ਇਸਦੇ ਨਾਲ ਹੀ ਬਸਪਾ ਸੁਪਰੀਮੋ ਮਾਇਆਵਤੀ ਵਲੋਂ ਇਕੱਲੇ ਤੌਰ ਤੇ ਹੀ ਦੇਸ਼ ਭਰ ਵਿਚ ਚੋਣਾਂ ਲੜਣ ਦਾ ਐਲਾਣ ਕਰ ਦੇਣ ਤੇ ਪੰਜਾਬ ਵਿਚ ਪਹਿਲਾਂ ਅਕਾਲੀ ਬਸਪਾ ਗਠਜੋੜ ਹੋਣ ਤੇ ਵੀ ਬੱਦਲ ਮੰਡਰਾਉਣ ਲੱਗੇ। ਜੇਕਰ ਹੁਣ ਅਕਾਲੀ ਦਲ ਕਿਸੇ ਵੀ ਪਾਰਟੀ ਨਾਲ ਗਠਜੋੜ ਤੋਂ ਬਗੈਰ ਮੈਦਾਨ ਵਿਚ ਉਤਰਦਾ ਹੈ ਤਾਂ ਪੰਜਾਬ ਵਿੱਚ ਇਸ ਸਮੇਂ ਜੋ ਥੋੜੀ ਬਹੁਤ ਸਿਆਸੀ ਜਮੀਨ ਉਨ੍ਹਾਂ ਪਾਸ ਬਚੀ ਹੋਈ ਹੈ ਉਹ ਪੂਰੀ ਤਰ੍ਹਾਂ ਨਾਲ ਖਿਸਕ ਜਾਵੇਗੀ। ਪਰ ਜਿਸ ਤਰ੍ਹਾਂ ਅਸੀਂ ਕਿਹਾ ਹੈ ਕਿ ਰਾਜਨੀਤੀ ਵਿੱਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਜਾਂ ਪੱਕਾ ਦੋਸਤ ਨਹੀਂ ਹੁੰਦਾ। ਕਦੇ ਵੀ ਕੁਝ ਵੀ ਸੰਭਵ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਇੰਡੀਆ ਸੰਗਠਨ ਦਾ ਹਿੱਸਾ ਬਣ ਜਾਂਦਾ ਹੈ ਤਾਂ ਜ਼ਰਾ ਸੋਚੋ ਕਿ ਪੰਜਾਬ ਦਾ ਰਾਜਸੀ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ? ਅਕਾਲੀ ਦਲ ਦਾ ਇੰਡੀਆ ਸੰਗਠਨ ਦਾ ਹਿੱਸਾ ਬਨਣ ਨਾਲ ਆਪਣੇ ਆਪ ਹੀ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਜਾਵੇਗਾ ਤਾਂ ਸਥਿਤੀ ਬਹੁਤ ਦਿਲਚਸਪ ਹੋ ਜਾਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ 1984 ਦੇ ਸਿੱਖ ਵਿਰੋਧੀ ਦੰਗੇ, ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਅਤੇ ਪੰਥ ਖਤਰੇ ਵਿਚ ਹੈ ਦਾ ਨਾਅਰੇ ਦੇ ਸਹਾਰੇ ਹੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਰਾਜਨੀਤਿਕ ਮਹਿਲ ਖੜਾ ਹੋਇਆ ਹੈ। ਇਸ ਗਠਜੋੜ ਨਾਲ ਇਹ ਮਹਿਲ ਢਹਿ ਢੇਰੀ ਹੋ ਜਾਵੇਗਾ ਕਿਉਂਕਿ ਅਕਾਲੀ ਦਲ ਜਿਸ ਤਰ੍ਹਾਂ ਪਹਿਲਾਂ ਕਾਂਹਰਸ ਨੂੰ ਚੋਣਾਂ ਆਉਣ ਤੇ ਇਹ ਤਿੰਨੇ ਗੱਲਾਂ ਉਭਾਰ ਕੇ ਨਿਸ਼ਾਨੇ ਤੇ ਲੈਂਦਾ ਰਿਹਾ ਹੈ ਉਹ ਨਹੀਂ ਲੈ ਸਕੇਗਾ। ਇਸ ਤੋਂ ਵੀ ਦਿਲਚਸਪ ਗੱਲ ਇਹ ਹੋਵੇਗੀ ਕਿ ਜੇਕਰ ਇੰਡੀਆ ਗਠਜੋੜ ਵਿੱਚ ਹੋਏ ਸਮਝੌਤੇ ਤਹਿਤ ਲੋਕ ਸਭਾ ਸੀਟਾਂ ਦੀ ਵੰਡ ਦਾ ਸਵਾਲ ਆਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹਿੱਸੇਦਾਰੀ 1-2 ਸੀਟਾਂ ਤੋਂ ਵੱਧ ਨਹੀਂ ਹੋਵੇਗੀ। ਇਸ ਲਈ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ, ਸਿਆਸੀ ਸਥਿਤੀ ਬਹੁਤ ਦਿਲਚਸਪ ਹੁੰਦੀ ਜਾਵੇਗੀ ਅਤੇ ਆਉਣ ਵਾਲਾ ਸਮਾਂ ਹੀ ਸਪੱਸ਼ਟ ਕਰੇਗਾ ਕਿ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਹੈ।
ਹਰਵਿੰਦਰ ਸਿੰਘ ਸੱਗੂ।