ਬਰਨਾਲਾ, 1 ਸਿਤੰਬਰ ( ਜਗਰੂਪ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਨਾਲ ਨਾਲ ਹੋਰ ਬਹੁਤ ਸਾਰੇ ਭੱਖਦੇ ਮਸਲੇ ਵਿਚਾਰੇ ਗਏ। ਉਹਨਾਂ ਕਿਹਾ ਕਿ ਨਰੇਂਦਰ ਮੋਦੀ ਦੀ ਕੇਂਦਰ ਸਰਕਾਰ ਇਨ੍ਹਾਂ ਹੜ੍ਹਾਂ ਨੂੰ ਫੌਰੀ ਕੌਮੀ ਆਫਤ ਐਲਾਨ ਕਰਕੇ ਪੰਜਾਬ ਨੂੰ ਦੱਸ ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਵੇ। ਹੜਾਂ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਮੁਆਵਜਾ ਵੰਡਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਜਾਨ-ਮਾਲ ਦੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜਾ ਮਿਲ ਸਕੇ।ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਦੇ ਕੀਤੇ ਹੁਕਮਾਂ ’ਤੇ ਅਮਲਦਾਰੀ ਯਕੀਨੀ ਬਣਾਵੇ। ਪੱਖਪਾਤ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਫੌਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿੰਨ੍ਹਾਂ ਕਿਸਾਨਾਂ ਨੇ ਤਬਾਹ ਹੋਈਆਂ ਫ਼ਸਲਾਂ ਮੁੜ ਬੀਜੀਆਂ ਹਨ, ਉਨ੍ਹਾਂ ਦੇ ਨੁਕਸਾਨ ਨੂੰ ਗਿਰਦਾਵਰੀ ਵਿੱਚ ਗਿਣਿਆ ਜਾਵੇ, ਇਸ ਸਬੰਧੀ ਪਿੰਡ ਦੀ ਪੰਚਾਇਤ, ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੀ ਗਵਾਹੀ ਨੂੰ ਸਬੂਤ ਮੰਨਿਆ ਜਾਵੇ ਅਤੇ ਫ਼ਸਲਾਂ ਦੇ ਹੋਏ ਖਰਾਬੇ ਦਾ ਕਿਸਾਨਾਂ ਨੂੰ ਸਲੈਬਾਂ ਬਣਾ ਕੇ ਮੁਆਵਜ਼ਾ ਦਿੱਤਾ ਜਾਵੇ।
ਜਿਨ੍ਹਾਂ ਕਿਸਾਨਾਂ ਦੀ ਇਸ ਸੀਜਨ ਦੀ ਪੂਰੀ ਫ਼ਸਲ ਖਰਾਬ ਅਤੇ ਅਗਲੇ ਸੀਜ਼ਨ ਦੀ ਫ਼ਸਲ ਉੱਪਰ ਵੀ ਸੰਕਟ ਮੰਡਰਾ ਰਿਹਾ, ਉਸਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੀ ਇਸ ਸੀਜ਼ਨ ਦੀ ਫ਼ਸਲ ਖਰਾਬ ਹੋਣ ਕਾਰਨ ਪੈਦਾਵਾਰ ਨਹੀਂ ਹੋਵੇਗੀ, ਉਨ੍ਹਾਂ ਨੂੰ ਸੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।ਜਿਨ੍ਹਾਂ ਕਿਸਾਨਾਂ ਦੇ ਝੋਨਾ ਜਾਂ ਕੋਈ ਹੋਰ ਫ਼ਸਲ ਖਰਾਬ ਹੋਈ ਪ੍ਰੰਤੂ ਪਾਣੀ ਉੱਤਰਨ ਮਗਰੋਂ ਉਨ੍ਹਾਂ ਫਸਲ ਬੀਜ ਲਈ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।
ਜਿਨ੍ਹਾਂ ਕਿਸਾਨਾਂ ਦੇ ਟਿਊਬਵੈੱਲ ਖੜ ਗਏ ਹਨ ਜਾਂ ਖੇਤਾਂ ਵਿੱਚ ਮਿੱਟੀ ਜਾਂ ਰੇਤ ਭਰ ਗਈ ਹੈ, ਉਨ੍ਹਾਂ ਨੂੰ ਰੇਤਾ ਅਤੇ ਮਿੱਟੀ ਚੁਕਾਉਣ ਲਈ ਨਿਯਮਾਂ ਵਿੱਚ ਛੋਟ ਦਿੱਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਪਿੱਛਲੀ ਸੰਯੁਕਤ ਮੋਰਚਾ ਪੰਜਾਬ ਦੀ ਹੰਗਾਮੀ ਮੀਟਿੰਗ ਵਿੱਚ ਉਪਰੋਕਤ ਮੰਗਾਂ ਬਾਬਤ ਪੰਜਾਬ ਤੇ ਸੈਂਟਰ ਦੀ ਸੁੱਤੀ ਸਰਕਾਰ ਨੂੰ ਜਗਾਉਣ ਲਈ 11,12,13 ਸਤੰਬਰ ਨੂੰ ਆਪ ਤੇ ਭਾਜਪਾ ਦੇ ਵੱਖ ਵੱਖ ਮੰਤਰੀਆਂ, ਸੀਨੀਅਰ ਲੀਡਰਾਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਕੇ ਰੋਸ਼ ਪ੍ਰਦਰਸਨ ਕੀਤਾ ਜਾਵੇਗਾ ਤਾਂ ਜੌ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਇਨਸਾਫ ਮਿਲ ਸਕੇ। ਇਸ ਸਮੇਂ ਸ਼੍ਰੀ ਗਿੱਲ ਨੇ ਕਿਹਾ ਕਿ 2 ਸਤੰਬਰ ਦੀ ਹੋਣ ਵਾਲੀ ਭਾਰਤ ਪੱਧਰ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਵਿਚਾਰਿਆ ਜਾਵੇਗਾ ਅਗਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਭਾਰਤ ਪੱਧਰ ਤੇ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਉੱਪਲ ਨੇ ਕਿਹਾ ਕਿ ਜੱਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਪੂਰੀ ਹੋਣ ਤੋਂ ਬਾਅਦ ਹੁਣ ਬਲਾਕ ਚੋਣਾਂ ਦਾ ਕੰਮ ਜੋਸ਼ੋ ਖਰੋਸ਼ ਨਾਲ ਚੱਲ ਰਿਹਾ ਹੈ ਜਿਸ ਤੋ ਬਾਅਦ ਜ਼ਿਲ੍ਹਾ ਕਮੇਟੀ ਚੋਣਾਂ ਸ਼ੁਰੂ ਕੀਤੀਆਂ ਜਾਣਗੀਆਂ। ਉਹਨਾਂ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਜੱਥੇਬੰਦੀ ਦੀ ਕਾਰਜੁਗਾਰੀ ਵੇਖ ਵੱਖ ਵੱਖ ਪਿੰਡਾਂ ਵਿੱਚੋਂ ਕਿਸਾਨ ਜੱਥੇਬੰਦੀ ਨਾਲ ਜੁੜ ਰਹੇ ਹਨ ਅਤੇ ਆਏ ਦਿਨ ਨਵੀਆਂ ਇਕਾਈਆਂ ਗਠਿਤ ਹੋ ਰਹੀਆਂ ਹਨ। ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕੀ ਮਾਨ ਸਰਕਾਰ ਵੱਲੋਂ ਹੜਤਾਲੀ ਕਰਮਚਾਰੀਆਂ, ਪਟਵਾਰੀਆਂ ਤੇ ਐਸਮਾ ਅਰਗੇ ਕਾਲੇ ਕਨੂੰਨ ਥੋਪਣਾ ਲੋਕ ਤੰਤਰ ਦਾ ਘਾਣ ਹੈ। ਉਹਨਾਂ ਕਿਹਾ ਕਿ ਸਰਕਾਰ ਪਹਿਲਾਂ ਸਰਕਾਰੀ ਅਦਾਰਿਆਂ ਵਿੱਚ ਪੂਰੇ ਅਧਿਕਾਰੀ ਭਰਤੀ ਕਰੇ ਜਿਵੇਂ ਕਿ ਮਿਸਾਲ ਦੇ ਤੌਰ ਤੇ ਬਰਨਾਲਾ ਜ਼ਿਲੇ ਵਿੱਚ ਪਟਵਾਰੀਆਂ ਦੀਆਂ 120 ਅਸਾਮੀਆਂ ਹਨ ਜਿੰਨਾ ਵਿੱਚੋ 80 ਖਾਲੀ ਹਨ ਤੇ ਕਿਹੜੀਆਂ 40 ਅਸਾਮੀਆਂ ਤੇ ਪਟਵਾਰੀ ਤਾਇਨਾਤ ਹਨ ਉਹਨਾਂ ਤੋ ਹੀ ਵਾਧੂ ਚਾਰਜ ਦੇਕੇ 120 ਅਸਾਮੀਆਂ ਦਾ ਕੰਮ ਲਿਆ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦਾ ਜਮੀਨ ਨਾਲ ਸੰਬਧਤ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ ਅਤੇ ਠੀਕ ਇਸੇ ਤਰ੍ਹਾਂ ਵੱਡੇ ਪੱਧਰ ਤੇ ਕਿਸਾਨਾਂ ਦੀ ਖੱਜਲਖੁਆਰੀ ਪੂਰੇ ਪੰਜਾਬ ਵਿੱਚ ਹੋ ਰਹੀ ਹੈ।ਇਸ ਲਈ ਭਾਕਿਯੂ ਡਕੌਂਦਾ ਪਟਵਾਰੀਆ ਦੀ ਹੜਤਾਲ ਦਾ ਪੁਰਜ਼ੋਰ ਸਮਰਥਨ ਕਰਦੀ ਹੈ। ਇਸ ਸਮੇਂ ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ,ਸੂਬਾ ਖ਼ਜਾਨਚੀ ਰਾਮ ਸਿੰਘ ਮਟੋਰੜਾ,ਬਰਨਾਲੇ ਤੋ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,ਮਲਕੀਤ ਈਨਾ,ਬਠਿੰਡਾ ਤੋ ਬਲਦੇਵ ਭਾਈਰੂਪਾ, ਰਾਜਮਹਿੰਦਰ ਸਿੰਘ,ਮਾਨਸਾ ਤੋ ਮਹਿੰਦਰ ਸਿੰਘ ਭੈਣੀ ਬਾਘਾ,ਇਕਬਾਲ ਮਾਨਸਾ,ਸੰਗਰੂਰ ਤੋਂ ਕਰਮ ਸਿੰਘ ਬਲਿਆਲ,ਕੁਲਦੀਪ ਕੁਮਾਰ ਜੋਸ਼ੀ, ਪਟਿਆਲਾ ਤੋ ਜਗਮੇਲ ਸਿੰਘ, ਲੁਧਿਆਣਾ ਤੋ ਮਹਿੰਦਰ ਸਿੰਘ ਕਮਾਲਪੁਰਾ, ਬਚਿੱਤਰ ਸਿੰਘ ਜਨੇਤਪੁਰਾ,ਫਰੀਦਕੋਟ ਤੋ ਸੁਖਦੇਵ ਸਿੰਘ ਫੌਜੀ,ਗੁਰਜੀਤ ਸਿੰਘ ,ਫਾਜ਼ਿਲਕਾ ਤੋ ਜੋਗਾ ਸਿੰਘ ਭੋਡੀਪੁਰਾ, ਤਰਤਾਰਨ ਤੋ ਨਿਰਪਾਲ ਸਿੰਘ, ਗੁਰਦਾਸਪੁਰ ਤੋ ਗੁਰਵਿੰਦਰ ਸਿੰਘ ਜੀਵਨਚੱਕ, ਮੁਕਤਸਰ ਤੋ ਤੇਜਿੰਦਰ ਸਿੰਘ ਸਮਰਾ,ਪੂਰਨ ਸਿੰਘ ਆਦਿ ਜ਼ਿਲ੍ਹਾ ਆਗੂ ਹਾਜਰ ਸਨ।