ਖੰਨਾ, 11 ਸਤੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਖੰਨਾ ਪੁਲਿਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਾਜੀ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ 15 ਅਸਲਿਆਂ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਅਨੁਸਾਰ ਡਾ.ਕੌਸਤੁਭ ਸ਼ਰਮਾ ਆਈ.ਜੀ ਲੁਧਿਆਣਾ ਰੇਂਜ ਅਤੇ ਐਸਐਸਪੀ ਅਮਨੀਤ ਕੌਂਡਲ ਨੇ ਦਿਤੀ ਗਈ। ਉਨ੍ਹਾਂ ਦੱਸਿਆ ਕਿ 15 ਪਿਸਟਲ, 5 ਮੈਗਜ਼ੀਨ ਤੇ 12 ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ 4 ਸਤੰਬਰ ਨੂੰ ਪਿੰਡ ਲਲਹੇਡ਼ੀ ਨੇਡ਼ੇ ਪੁਲਿਸ ਪਾਰਟੀ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਕ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗਾਂ ਤਾਂ ਉਸ ਨੂੰ ਕਾਬੂ ਕਰਕੇ ਚੈਕ ਕੀਤਾ ਗਿਆ। ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਪਹਿਚਾਣ ਵਿਸ਼ਾਲ ਕੁਮਾਰ ਵਾਸੀ ਵਾਰਡ ਨੰਬਰ-4 ਖੰਨਾ ਵਜੋਂ ਹੋਈ। ਪੁਲਿਸ ਨੇ ਪੁੱਛਗਿੱਛ ਦੌਰਾਨ ਵਿਸ਼ਾਲ ਦੀ ਨਿਸ਼ਾਨਦੇਹੀ ਤੇ ਦੋ ਦੇਸੀ ਕੱਟੇ 315 ਬੋਰ ਹੋਰ ਬਰਾਮਦ ਕੀਤੇ।ਮੁਲਜ਼ਮ ਨੇ ਦੱਸਿਆ ਕਿ ਉਹ ਅਸਲਾ ਵੀਰਪਾਲ ਸਿੰਘ ਉਰਫ਼ ਟੋਨੀ ਪਿੰਡ ਸਿਗਨੂਰ (ਮੱਧ ਪ੍ਰਦੇਸ਼) ਤੋਂ ਲੈ ਕੇ ਆਇਆ ਸੀ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਵੀਰਪਾਲ ਸਿੰਘ ਉਰਫ਼ ਟੋਨੀ ਨੂੰ ਅਦਾਲਤ ਤੋਂ ਗ੍ਰਿਫ਼ਤਾਰੀ ਵਰੰਟ ਹਾਸਲ ਕਰ ਕੇ ਮੱਧ ਪ੍ਰਦੇਸ਼ ਤੋਂ 11 ਦੇਸੀ ਪਿਸਟਲ 32 ਬੋਰ ਬਰਾਮਦ ਕੀਤੇ। ਦੱਸਣਯੋਗ ਹੈ ਕਿ ਪੁਲਿਸ ਨੇ ਕਰੀਬ 2 ਮਹੀਨੇ ਪਹਿਲਾ ਵੀਰਪਾਲ ਸਿੰਘ ਦੇ ਰਿਸ਼ਤੇਦਾਰ ਤਕਦੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 4 ਪਿਸਟਲ 32 ਬੋਰ ਅਤੇ 8 ਮੈਗਜ਼ੀਨ ਬਰਾਮਦ ਕੀਤੇ ਸਨ ਅਤੇ ਇਹ ਦੋਵੇਂ ਅਸਲਾ ਬਣਾਉਣ ਦਾ ਕੰਮ ਕਰਦੇ ਸਨ।ਇਸੇ ਤਰ੍ਹਾਂ ਇਥੋਂ ਦੇ ਭਾਂਦਲਾ ਕੱਟ ਸਰਵਿਸ ਰੋਡ ‘ਤੇ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਕ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾ ਗਿਆ।ਜਿਸ ਨੂੰ ਸ਼ੱਕ ਦੇ ਅਧਾਰ ਤੇ ਚੈਕ ਕੀਤਾ ਗਿਆ ਤਾਂ ਉਸਦੇ ਬੈਗ ਵਿਚੋਂ ਇਕ ਦੇਸੀ ਪਿਸਟਲ 32 ਬੋਰ, 2 ਮੈਗਜ਼ੀਨ, 1 ਦੇਸੀ ਕੱਟਾ 9 ਐਮਐਮ ਸਮੇਤ 3 ਮੈਗਜ਼ੀਨ ਤੇ 12 ਕਾਰਤੂਸ ਬਰਾਮਦ ਹੋਏ। ਉਸਦੀ ਦੀ ਪਹਿਚਾਣ ਮੁਹੰਮਦ ਯਾਸਿਨ ਵਾਸੀ ਪਿੰਡ ਬਿਲਾਰੀ (ਉੱਤਰ ਪ੍ਰਦੇਸ਼) ਹਾਲ ਵਾਸੀ ਲਾਲਡ਼ੂ ਮੁਹਾਲੀ ਵਜੋਂ ਹੋਈ। ਐਸ.ਐਸ.ਪੀ ਕੌਂਡਲ ਅਨੁਸਾਰ ਉਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।