ਦੇਸ਼ ਵਿੱਚ ਭਾਜਪਾ ਵਿਰੋਧੀ ਪਾਰਟੀਆਂ ਵਲੋਂ ਵੱਲੋਂ ਬਣਾਏ ਗਏ ਇੰਡੀਆ ਗਠਜੋੜ ਨੇ ਦੇਸ਼ ਭਰ ਦੇ 14 ਪ੍ਰਾਈਵੇਟ ਚੈਨਲਾਂ ਦੇ ਪੱਤਰਕਾਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਜਿਨ੍ਹਾਂ ਤੇ ਉਨ੍ਹਾਂ ਹਮੇਸ਼ਾ ਸੱਤਾਧਾਰੀਆਂ ਦਾ ਗੁਣਗਾਣ ਕਰਨ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦੇ ਕਿਸੇ ਵੀ ਪ੍ਰੋਗਰਾਮ ’ਚ ਆਪਣੇ ਕਿਸੇ ਵੀ ਨੁਮਾਇੰਦੇ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ। ਜਿਹੜੇ ਪੱਤਰਕਾਰਾਂ ਦਾ ਬਾਈਕਾਟ ਕੀਤਾ ਹੈ ਉਨ੍ਹਾਂ ਦੇ ਨਾਮ ਅਤੇ ਫੋਟੋਆਂ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਲੋਕ ਉਨ੍ਹਾਂ ਪ੍ਰਤੀ ਬੇਹੱਦ ਤਿੱਖੇ ਪ੍ਰਤੀਕਰਮ ਵੀ ਦੇ ਰਹੇ ਹਨ। ਮੀਡੀਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਜਦੋਂ ਬਾਕੀ ਤਿੰਨ ਥੰਮ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਤਾਂ ਇਸ ਚੌਥੇ ਥੰਮ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਅਤੇ ਦੇਸ਼ ਭਰ ਵਿੱਚ ਹੋਏ ਵੱਡੇ-ਵੱਡੇ ਘੁਟਾਲਿਆਂ ਦਾ ਪਰਦਾਫਾਸ਼ ਕੀਤਾ। ਹਾਲਾਂਕਿ ਸੱਚ ’ਤੇ ਪਹਿਰਾ ਦੇਣ ਵਾਲੇ ਨਿਧੜਕ ਅਤੇ ਬੇਬਾਕ ਲਿਖਣ ਬੋਲਣ ਵਾਲੇ ਪੱਤਰਕਾਰਾਂ ਨੂੰ ਇਸਦੀ ਕੀਮਤ ਵੀ ਅਦਾ ਕਰਨੀ ਪਈ ਅਤੇ ਅੱਜ ਵੀ ਕਰ ਰਹੇ ਹਨ। ਹੁਣ ਜੇਕਰ ਦੇਸ਼ ਦੀ ਕਿਸੇ ਵੱਡੀ ਸਿਆਸੀ ਪਾਰਟੀ ਨੇ ਨਾਮਚੀਨ ਕਹਾਉਣ ਵਾਲੇ ਵੱਡੇ ਪੱਤਰਕਾਰਾਂ ਦਾ ਬਾਈਕਾਟ ਕੀਤਾ ਹੈ ਤਾਂ ਇਹ ਸਾਡੇ ਲਈ ਵੀ ਸੱਚਮੁੱਚ ਹੀ ਸਵੈ ਪੜਚੋਲ ਕਰਨ ਦਾ ਵਿਸ਼ਾ ਹੈ। ਦੇਸ਼ ਭਰ ਦੇ ਪੱਤਰਕਾਰ ਭਾਈਚਾਰੇ ਨੂੰੰ ਇਸ ਬਾਈਕਾਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਕੱਠੇ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋਇਆ ? ਜਦੋਂ ਤੋਂ ਦੇਸ਼ ਵਿੱਚ ਸੱਤਾ ਪਰਿਵਰਤਨ ਹੋਇਆ ਹੈ, ਉਦੋਂ ਤੋਂ ਹੀ ਅਜਿਹਾ ਮੰਨਿਆ ਜਾਂਦਾ ਹੈ ਕਿ ਕੁਝ ਵੱਡੇ ਪ੍ਰਾਈਵੇਟ ਚੈਨਲ ਸੱਤਾਧਾਰੀ ਧਿਰ ਦਾ ਹੀ ਹਮੇਸ਼ਾ ਗੁਣਗਾਣ ਕਰਦੇ ਹਨ। ਜੋ ਕਿ ਉਹ ਸਵੇਰੇ ਤੋਂ ਹੀ ਸ਼ੁਰੂ ਕਰਦੇ ਹਨ ਅਤੇ ਨਿਰੰਤਰ ਰਾਤ ਤੱਕ ਕਰੀ ਹੀ ਜਾਂਦੇ ਹਨ। ਜਿੱਥੇ ਕਿਤੇ ਵੀ ਸਰਕਾਰ ਦੇ ਖਿਲਾਫ ਗੱਲ ਹੁੰਦੀ ਹੈ, ਉਸ ਦੀ ਕਵਰੇਜ ਤੱਕ ਨਹੀਂ ਹੁੰਦੀ। ਆਮ ਤੌਰ ’ਤੇ ਕਿਸੇ ਵੀ ਵਿਸ਼ੇ ’ਤੇ ਰੋਜ਼ਾਨਾ ਹੋਣ ਵਾਲੀ ਬਹਿਸ ਵਿਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਕੋਈ ਵਿਰੋਧੀ ਧਿਰ ਦਾ ਨੇਤਾ ਸੱਤਾਧਾਰੀ ਪਾਰਟੀ ਦੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ ਤਾਂ ਐਂਕਰ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਵਿਰੋਧੀ ਧਿਰ ਸੱਤਾਧਾਰੀ ਧਿਰ ’ਤੇ ਹਾਵੀ ਹੋ ਰਹੀ ਹੈ ਤਾਂ ਉਹ ਤੁਰੰਤ ਬਹਿਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਜਾਂ ਉਸਦਾ ਵਿਸ਼ਾ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੀਆਂ ਪੱਖਪਾਤੀ ਬਹੁਤ ਸਾਰੀਆਂ ਗੱਲਾਂ ਵਾਪਰਦੀਆਂ ਹਨ ਅਤੇ ਜਿਸ ਕਾਰਨ ਹੁਣ ਲੋਕਾਂ ਦੀ ਟੀਵੀ ਬਹਿਸਾਂ ਦੇਖਣ ਵਿੱਚ ਦਿਲਚਸਪੀ ਘੱਟ ਗਈ ਹੈ ਅਤੇ ਜਿਆਦਾਤਰ ਲੋਕ ਇਸਨੂੰ ਡਰਾਮੇਬਾਜੀ ਤੋਂ ਬਗੈਰ ਹੋਰ ਕੁਝ ਮਹਤੱਵ ਨਹੀਂ ਦਿੰਦੇ। ਜਾਂਦੀ ਹੈ। ਜਿਹੜੇ ਪੱਤਰਕਾਰਾਂ ਨੇ ਸਰਕਾਰ ਦੀ ਮਰਜੀ ਅਨੁਸਾਰ ਚੱਲਣ ਮਨਜੂਰ ਨਹੀਂ ਕੀਤਾ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿਤਾ ਗਿਆ। ਜਿਸ ਦੀ ਮਿਸਾਲ ਰਵੀਸ਼ ਕੁਮਾਰ ਵਰਗੇ ਦਿੱਗਜ ਪੱਤਰਕਾਰਾਂ ਤੋਂ ਦੇਖੀ ਜਾ ਸਕਦੀ ਹੈ। ਸੱਤਾ ਪਰਿਵਰਤਨ ਤੋਂ ਬਾਅਦ ਦੇਸ਼ ਭਰ ਦੇ ਮੀਡੀਆ ਨੂੰ ਨਵਾਂ ਨਾਮ ਗੋਦੀ ਮੀਡੀਆ ਦਾ ਦਿਤਾ ਗਿਆ ਹੈ। ਜੋ ਸਾਡੇ ਮੱਥੇ ਤੇ ਗਹਿਰਾ ਅਤੇ ਬਦਨਾਮੀ ਦਾ ਕਾਲਾ ਧੱਬਾ ਹੈ। ਇਹ ਨਾਮ ਕਿਉਂ ਦਿਤਾ ਗਿਆ ਅਤੇ ਕਿਹੜੇ ਪੱਤਰਕਾਰਾਂ ਦੀ ਬਦੌਲਤ ਮਿਲਿਆ ਹੈ ਇਹ ਗੰਭੀਰ ਜਾਂਚ ਦਾ ਵਿਸ਼ਾ ਹੈ। ਇਸਦੀ ਪੱਤਰਕਾਰ ਭਾਈਚਾਰੇ ਵਲੋਂ ਹੀ ਜਾਂਚ ਕਰਨੀ ਬਣਦੀ ਹੈ। ਜੋ ਲਲੋਕ ਇਸਦੇ ਜਿੰਮੇਵਾਰ ਹਨ ਉਨ੍ਹਾਂ ਖਿਲਾਫ ੁੱਤਰਕਾਰ ਭਾਈਚਾਰੇ ਨੂੰ ਹੀ ਡਟ ਕੇ ਖੜ੍ਹੇ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਸਿਰ ਨੀਵਾਂ ਕਰਕੇ ਰੱਖ ਦਿਤਾ ਹੈ। ਇਥੇ ਵੱਡੀ ਗੱਲ ਇਹ ਵੀ ਹੈ ਕਿ ਇਹਨਾਂ 14 ਪੱਤਰਕਾਰਾਂ ਦਾ ਬਾਈਕਾਟ ਕੀਤਾ ਗਿਆ ਤਾਂ ਦੇਸ਼ ਭਰ ਦੀ ਕੋਈ ਵੀ ਪੱਤਰਕਾਰ ਜਥੇਬੰਦੀ ਇਹਨਾਂ ਦੇ ਸਮਰਥਨ ਵਿੱਚ ਸਾਹਮਣੇ ਨਹੀਂ ਆਈ। ਸਿਰਫ ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਦੀ ਸਹਿਯੋਗੀ ਰਾਜਨੀਤਿਕ ਆਗੂ ਹੀ ਇੰਡੀਆ ਸੰਗਠਨ ਦੇ ਇਸ ਫੈਸਲੇ ਨੂੰ ਗਲਤ ਕਰਾਰ ਦੇ ਰਹੇ ਹਨ। ਪੱਤਰਕਾਰ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਦਿਆਂ ਹੀ ਸਾਹਮਣੇ ਵਾਲਾ ਉਮੀਦ ਨਾਲ ਦੇਖਣ ਲੱਗਦਾ ਹੈ। ਆਮ ਲੋਕਾਂ ਨੂੰ ਪੁਲਿਸ ਅਤੇ ਰਾਜਨੀਤਿਕ ਲੋਕਾਂ ਨਾਲੋਂ ਪੱਤਰਕਾਰਾਂ ਤੇ ਵੱਧ ਵਿਸਵਾਸ਼ ਹੈ। ਇਸ ਭਰੋਸੇ ਕਾਰਨ ਲੋਕ ਪਹਿਲਾਂ ਪੁਲਿਸ ਅਤੇ ਰਾਜਨੀਤਿਕ ਪਾਰਟੀਆਂ ਕੋਲ ਜਾਣ ਦੇ ਬਜਾਏ ਪੱਤਰਕਾਰਾਂ ਕੋਲ ਆਉਂਦੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਭਰੋਸੇ ਨੂੰ ਕਾਇਮ ਰੱਖੀਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਤਰ੍ਹਾਂ ਹੋਰ ਸਾਰੇ ਖੇਤਰਾਂ ਵਿੱਚ ਗਲਤ ਲੋਕ ਘੁਸਪੈਠ ਕਰ ਚੁੱਕੇ ਹਨ, ਉਸੇ ਤਰ੍ਹਾਂ ਪੱਤਰਕਾਰ ਭਾਈਚਾਰੇ ਵਿਚ ਸਭ ਨਾਲੋਂ ਵੱਧ ਗਲਤ ਲੋਕ ਘੁਸਪੈਠ ਕਰ ਲਗਏ ਹਨ। ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਿਰਫ ਫੋਕੀ ਚੌਧਰ, ਕਾਲੇ ਧੰਦਿਆਂ ਨੂੰ ਸਫੈਦ ਚਾਦਰ ਵਿਚ ਕਰਨ ਅਤੇ ਰਾਜਨੀਤਿਕ, ਪੁਲਿਸ ਪ੍ਰਸਾਸ਼ਨ ਦੀ ਦਲਾਲੀ ਕਰਕੇ ਪੈਸਾ ਕਮਾਉਣ ਤੋਂ ਇਲਾਵਾ ਉਨ੍ਹਾਂ ਪਾਸ ਹੋਰ ਕੋਈ ਕੰਮ ਨਹੀਂ ਹੈ। ਅਜਿਹੀਆਂ ਕਾਲੀਆਂ ਭੇਡਾਂ ਹੀ ਸਮੁੱਚੇ ਪੱਤਰਕਾਰ ਭਾਈਚਾਰੇ ਦੀ ਬਦਨਾਮੀ ਦਾ ਹਮੇਸ਼ਾ ਕਾਰਨ ਬਣਦੀਆਂ ਹਨ। ਹੁਣ ਤਾਂ ਹਾਲ ਇਹ ਹੋ ਗਿਆ ਹੈ ਕਿ ਸਿਆਸੀ ਲੋਕ ਆਪਣੀ ਭਾਸ਼ਾ ਬੋਲਣ ਵਾਲੇ ਆਪਣੇ ਹੀ ਪੱਤਰਕਾਰਾਂ ਨੂੰ ਨਾਲ ਰੱਖਣ ਲੱਗ ਪਏ ਹਨ। ਇਸ ਵੱਡੀ ਤਬਦੀਲੀ ਕਾਰਨ ਅੱਜ ਪੱਤਰਕਾਰੀ ਦੀ ਭਰੋਸੇਯੋਗਤਾ ਘਟ ਗਈ ਹੈ ਅਤੇ ਲੋਕਤੰਤਰ ਦਾ ਇਹ ਚੌਥਾ ਥੰਮ ਡੋਲਣ ਲੱਗ ਪਿਆ ਹੈ। ਦੇਸ਼ ਭਰ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਇਸ ਮੁੱਦੇ ਨੂੰ ਲੈ ਕੇ ਚਿੰਤਤ ਹੋ ਕੇ ਮੰਥਨ ਕਰੇ ਤਾਂ ਜੋ ਇਸ ਚੌਥੇ ਥੰਮ ਵਾਲੀ ਭਰੋਸੇਯੋਗਤਾ ਨੂੰ ਕਾਇਮ ਰੱਖਿਆ ਜਾ ਸਕੇ।
ਹਰਵਿੰਦਰ ਸਿੰਘ ਸੱਗੂ।