Home Education ਬਾਬਾ ਫਰੀਦ ਪੁਸਤਕ ਮੇਲਾ 2023; ਸਪੀਕਰ ਸੰਧਵਾਂ ਨੇ ਪੁਸਤਕ ਮੇਲੇ ਦਾ ਕੀਤਾ...

ਬਾਬਾ ਫਰੀਦ ਪੁਸਤਕ ਮੇਲਾ 2023; ਸਪੀਕਰ ਸੰਧਵਾਂ ਨੇ ਪੁਸਤਕ ਮੇਲੇ ਦਾ ਕੀਤਾ ਆਗਾਜ਼

59
0


ਫਰੀਦਕੋਟ 19 ਸਤੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਬਿਨ੍ਹਾਂ ਕਿਤਾਬ ਦਾ ਕਮਰਾ ਬਿਨ੍ਹਾਂ ਆਤਮਾ ਤੇ ਸਰੀਰ ਦੇ ਸਮਾਨ ਹੈ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਫਰੀਦ ਮੇਲੇ ਦੌਰਾਨ ਲਗਾਏ ਜਾਣ ਵਾਲੇ ਪੁਸਤਕ ਮੇਲੇ ਦੀ ਸ਼ੁਰੂਆਤ ਕਰਨ ਉਪਰੰਤ ਕੀਤਾ। ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਉਨ੍ਹਾਂ ਦੇ ਨਾਲ ਉਚੇਚੇ ਤੌਰ ਤੇ ਹਾਜ਼ਰ ਸਨ। ਆਏ ਸਾਲ ਇਹ ਪੁਸਤਕ ਮੇਲਾ ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਲਗਾਇਆ ਜਾਂਦਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਪ੍ਰਕਾਸ਼ਕ ਆਪਣੀਆਂ ਕਿਤਾਬਾਂ ਪ੍ਰਦਰਸ਼ਿਤ ਕਰਦੇ ਹਨ। ਇਨ੍ਹਾਂ ਪ੍ਰਕਾਸ਼ਕਾਂ ਵਿੱਚ ਮੇਲੇ ਦੌਰਾਨ ਦਿੱਲੀ ਤੋਂ ਪਹਿਲੀ ਵਾਰ ਭਾਰਤੀ ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਤੋਂ ਇਲਾਵਾ ਅੰਮ੍ਰਿਤਸਰ ਤੋਂ ਨਾਥ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਧਾ ਸੁਆਮੀ ਪ੍ਰਕਾਸ਼ਨ ਵੀ ਉਚੇਚੇ ਤੌਰ ਤੇ ਪਹੁੰਚੇ।ਸਪੀਕਰ ਸੰਧਵਾਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ 70 ਪ੍ਰਕਾਸ਼ਕਾਂ ਵੱਲੋਂ ਲੱਖਾਂ ਦੀ ਤਦਾਤ ਵਿੱਚ ਪੁਸਤਕਾਂ ਵੇਖ ਕੇ ਅਤੇ ਬੱਚਿਆਂ,ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਕਿਤਾਬਾਂ ਪ੍ਰਤੀ ਵਧ ਰਹੀ ਰੁਚੀ ਤੇ ਖੁਸ਼ ਹੁੰਦਿਆਂ ਕਿਹਾ ਕਿ “ਪੁਸਤਕਾਂ ਅਜਿਹਾ ਸ਼ਾਹੀ ਖਜ਼ਾਨਾ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੋਨਾ, ਚਾਂਦੀ ਜਾਂ ਹੀਰੇ ਜਵਾਹਰਾਤ ਨਹੀਂ ਬਲਕਿ ਗਿਆਨ ਤੇ ਬੁੱਧੀ ਦੇ ਵਿਚਾਰ ਤੇ ਭਾਵਨਾਵਾਂ ਸੰਗ੍ਰਹਿ ਕਰਕੇ ਰੱਖੀਆਂ ਹੁੰਦੀਆਂ ਹਨ”।ਇਸ ਮੌਕੇ ਬੋਲਦਿਆਂ ਵਿਧਾਇਕ ਸੇਖੋਂ ਨੇ ਕਿਹਾ ਕਿ ਪੁਸਤਕਾਂ ਗਿਆਨ ਦਾ ਸੋਮਾ ਹੁੰਦੀਆਂ ਹਨ। ਇਹ ਮਨੁੱਖ ਨੂੰ ਸੁਚੱਜੀ ਜੀਵਨ ਜਾਂਚ ਸਿਖਾਉਂਦੀਆਂ ਹਨ। ਨੇਕ ਆਚਰਨ ਵਾਲਾ ਬਣਾਉਂਦੀਆਂ ਹਨ। ਚੰਗੇ-ਮਾੜੇ ਦੀ ਸੋਝੀ ਕਰਵਾਉਂਦੀਆਂ ਹਨ। ਆਪਣੇ ਤੇ ਦੂਜੇ ਦੇਸ਼ਾਂ ਦੇ ਸਾਹਿਤ, ਇਤਿਹਾਸ, ਸੱਭਿਆਚਾਰ, ਧਰਮ, ਵੇਦ, ਉਪਨਿਸ਼ਦਾਂ ਅਤੇ ਹੋਰ ਅਣਗਿਣਤ ਗਿਆਨ-ਵਿਗਿਆਨ ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਹ ਮਨੁੱਖ ਦੀ ਇਕੱਲਤਾ ਦੀਆਂ ਸਾਥੀ ਹੁੰਦੀਆਂ ਹਨ, ਕਿਉਂਕਿ ਇਹ ਕੇਵਲ ਗਿਆਨ ਹੀ ਪ੍ਰਦਾਨ ਨਹੀਂ ਕਰਦੀਆਂ ਬਲਕਿ ਜੀਵਨ ਜਾਂਚ ਵੀ ਸਿਖਾਉਂਦੀਆਂ ਹਨ।ਇਸ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਇਸ ਪੁਸਤਕ ਮੇਲੇ ਨੂੰ ਵਧੇਰੇ ਹੁੰਗਾਰਾ ਮਿਲਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕੁੱਲ 40 ਦੇ ਕਰੀਬ ਪ੍ਰਕਾਸ਼ਕ ਅਤੇ ਕਿਤਾਬ ਵਿਕਰੇਤਾ ਇਸ ਮੇਲੇ ਵਿੱਚ ਪਹੁੰਚੇ ਸਨ। ਇਸ ਦੇ ਮੱਦੇਨਜ਼ਰ ਕਿਆਸ ਲਗਾਇਆ ਜਾ ਰਿਹਾ ਹੈ ਕਿ ਪਿਛਲੇ ਸਾਲ ਤਕਰੀਬਨ 10 ਹਜ਼ਾਰ ਲੋਕਾਂ ਦੇ ਮੁਕਾਬਲੇ, ਹੁਣ ਇਸ ਵਾਰ ਤਕਰੀਬਨ 15 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਹਿਲੀ ਵਾਰ 200 ਕਹਾਣੀਆਂ, ਨਾਵਲ, ਨਾਟਕ, ਕਵਿਤਾਵਾ, ਧਾਰਮਿਕ ਸਾਹਿਤ ਅਤੇ ਅਨੁਵਾਦ ਕੀਤੀਆਂ ਅਜਿਹੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ ਜਿਹੜੀਆਂ ਕਿ ਹਾਲ ਹੀ ਵਿੱਚ ਛਾਪੀਆਂ ਗਈਆਂ ਹਨ।ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ, ਆਲਮੀ ਪੰਜਾਬੀ ਅਦਬ ਫਾਊਡੇਸ਼ਨ ਪ੍ਰਧਾਨ ਅਮਨਪ੍ਰੀਤ ਸਿੰਘ, ਬ੍ਰਿਜਿੰਦਰਾ ਕਾਲਜ ਪ੍ਰਿ. ਰਾਜੇਸ਼ ਕੁਮਾਰ, ਪ੍ਰੋ. ਕੁਲਵਿੰਦਰ ਕੌਰ, ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here