ਜਗਰਾਓਂ, 19 ਸਤੰਬਰ ( ਭਗਵਾਨ ਭੰਗੂ )-ਸ਼ਹਿਰ ਅਤੇ ਪਿੰਡਾਂ ਦੀਆਂ ਸੁੰਨਸਾਨ ਰਸਤਿਆਂ ਅਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿਚ ਚੋਰ ਅਤੇ ਲੁਟੇਰੇ ਕਾਫੀ ਸਮੇਂ ਤੋਂ ਸਰਗਰਮ ਹਨ, ਪਰ ਹੁਣ ਇਨ੍ਹਾਂ ਰੇਲ ਗੱਡੀਆਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਾਰੋਬਾਰ ਲਈ ਜਗਰਾਉਂ ਤੋਂ ਰੋਜ਼ਾਨਾ ਰੇਲਗੱਡੀ ਰਾਹੀਂ ਸਫ਼ਰ ਕਰਨ ਵਾਲੇ ਰਮੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਰੇਲਗੱਡੀ ਨਾਨਕਸਰ, ਚੌਕੀਮਾਨ, ਮੁੱਲਾਂਪੁਰ ਅਤੇ ਬੱਦੋਵਾਲ ਮਾਡਲ ਟਾਊਨ ਸਟੇਸ਼ਨਾਂ ’ਤੇ ਰੁਕਦੀ ਹੈ ਤਾਂ ਸਵਾਰੀਆਂ ਹੇਠਾਂ ਉਤਰਦੀਆਂ ਚੜ੍ਰਦੀਆਂ ਹਨ ਤਾਂ ਕੇ ਸਵਾਰ ਹੋ ਜਾਂਦੀਆਂ ਹਨ। ਇਸ ਸਮੇਂ ਯਾਤਰੀਆਂ ਦੇ ਨਾਲ-ਨਾਲ ਚੋਰ ਅਤੇ ਲੁਟੇਰੇ ਵੀ ਟਰੇਨਾਂ ਦੇ ਡੱਬਿਆਂ ’ਤੇ ਚੜ੍ਹ ਜਾਂਦੇ ਹਨ। ਜਦੋਂ ਟਰੇਨ ਚੱਲਣ ਲੱਗਦੀ ਹੈ ਤਾਂ ਇਹ ਲੋਕ ਯਾਤਰੀਆਂ ਦੇ ਹੱਥ ’ਚ ਫੜਿਆ ਮੋਬਾਇਲ ਫੋਨ ਖੋਹ ਕੇ ਚੱਲਦੀ ਟਰੇਨ ’ਚੋਂ ਛਾਲ ਮਾਰ ਦਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਸਾਰੇ ਸਟੇਸ਼ਨਾਂ ’ਤੇ ਘਟਨਾਵਾਂ ਰੋਜ਼ਾਨਾ ਦੀ ਗੱਲ ਬਣ ਗਈਆਂ ਹਨ। ਰਮੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਇਸ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਕੋਈ ਵੀ ਵਿਅਕਤੀ ਜਗਰਾਓਂ ਰੇਲਵੇ ਸਟੇਸ਼ਨ ’ਤੇ ਸਥਿਤ ਪੁਲੀਸ ਚੌਕੀ ਵਿੱਚ ਸ਼ਿਕਾਇਤ ਦੇਣ ਲਈ ਜਾਂਦਾ ਹੈ ਤਾਂ ਉਥੇ ਉਸ ਦਾ ਮੋਬਾਈਲ ਚੋਰੀ ਜਾਂ ਖੋਹਣ ਦੀ ਸ਼ਿਕਾਇਤ ਦਰਜ ਨਹੀਂ ਹੁੰਦੀ ਪਰ ਮੋਬਾਈਲ ਫੋਨ ਗੁੰਮ ਹੋਣ ਦੀ ਰਿਪੋਰਟ ਦਰਜ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਜਗਰਾਉਂ ਰੇਲਵੇ ਸਟੇਸ਼ਨ ਤੋਂ ਇਲਾਵਾ ਚੌਕੀਮਾਨ, ਮੁੱਲਾਂਪੁਰ ਬੱਦੋਵਾਲ ਰੇਲਵੇ ਸਟੇਸ਼ਨਾਂ ’ਤੇ ਵੀ ਕੋਈ ਪੁਲੀਸ ਮੁਲਾਜ਼ਮ ਤਾਇਨਾਤ ਨਹੀਂ ਹਨ ਅਤੇ ਚੋਰ ਅਤੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਇਸ ਸੰਬੰਧੀ ਕੇ ਕੇ ਯੂਨੀਅਨ ਦੇ ਪ੍ਰਧਾਨ ਜਗਦੀਸ਼ ਕਾਲੜਾ ਅਤੇ ਵਾਇਸ ਪ੍ਰਧਾਨ ਸੰਜੀਵ ਕੁਮਾਰ ਬਾਂਸਲ ਨੇ ਕਿਹਾ ਕਿ ਰੇਲਵੇ ਪੁਲਿਸ ਨੂੰ ਰੇਲ ਗੱਡੀ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ ਅਤੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।