ਮਾਲੇਰਕੋਟਲਾ 22 ਸਤੰਬਰ ( ਵਿਕਾਸ ਮਠਾੜੂ)-ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਦੱਸਿਆ ਕਿ ਸਰਕਾਰ ਨੇ ਆਮ ਜਨਤਾ ਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਹੈ ਕਿ ਜਿਹੜੇ ਵਿਅਕਤੀਆਂ ਵੱਲੋਂ ਮਿਤੀ 31 ਮਾਰਚ 2023 ਤੱਕ ਦਾ ਬਣਦਾ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਅਜੇ ਤੱਕ ਜਮ੍ਹਾਂ ਨਹੀਂ ਕਰਵਾਇਆ, ਜੇਕਰ ਉਹ ਮਿਤੀ 31 ਦਸੰਬਰ 2023 ਤੱਕ ਇਹ ਟੈਕਸ ਯਕਮੁਸ਼ਤ ਨਗਰ ਕੌਸਲਾਂ/ਨਗਰ ਪੰਚਾਇਤਾਂ ਵਿਖੇ ਜਮ੍ਹਾਂ ਕਰਵਾਉਂਦੇ ਹਨ ਤਾਂ ਇਸ ’ਤੇ ਲੱਗੇ ਜੁਰਮਾਨੇ ਅਤੇ ਵਿਆਜ ਦੀ ਅਦਾਇਗੀ ਦੀ ਮੁਆਫ਼ੀ ਉਨ੍ਹਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਚਾਲੂ ਸਾਲ ਦਾ ਬਣਦਾ ਪ੍ਰਾਪਰਟੀ ਟੈਕਸ ਜੇਕਰ ਮਿਤੀ 30 ਸਤੰਬਰ 2023 ਤੱਕ ਯਕਮੁਸ਼ਤ ਜਮ੍ਹਾਂ ਕਰਵਾਇਆ ਜਾਂਦਾ ਹੈ ਤਾਂ ਇਸ ਬਣਦੇ ਟੈਕਸ ਵਿਚ ਵੀ 10 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮਿਤੀ 31 ਦਸੰਬਰ 2023 ਤੋਂ ਬਾਅਦ ਮਿਤੀ 31 ਮਾਰਚ 2024 ਤੱਕ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਯਕਮੁਸ਼ਤ ਜਮ੍ਹਾਂ ਕਰਵਾਉਣ ਵਾਲੇ ਟੈਕਸ ਦਾਤਾ ਨੂੰ ਲੱਗੇ ਵਿਆਜ ਅਤੇ ਜੁਰਮਾਨੇ ਵਿਚ 50 ਫ਼ੀਸਦੀ ਛੋਟ ਦਿੱਤੀ ਜਾਵੇਗੀ ਅਤੇ ਮਿਤੀ 31 ਮਾਰਚ 2024 ਤੋਂ ਬਾਅਦ ਬਣਦੇ ਟੈਕਸ ਦੀ ਵਸੂਲੀ ਡਿਫਾਲਟਰਾਂ ਤੋਂ ਸਮੇਤ ਜੁਰਮਾਨੇ ਅਤੇ ਵਿਆਜ ਵਸੂਲੀ ਜਾਵੇਗੀ । ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਦਿੱਤੀ ਇਸ ਸੁਨਹਿਰੀ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।