ਲੁਧਿਆਣਾ, 25ਸਤੰਬਰ ( ਵਿਕਾਸ ਮਠਾੜੂ)-ਬਟਾਲਾ ਵਾਸੀ ਉੱਘੇ ਸਿੱਖਿਆ ਸ਼ਾਸਤਰੀ ਤੇ ਵਾਰਤਕ ਲੇਖਕ ਪ੍ਰੋ ਸੁਖਵੰਤ ਸਿੰਘ ਗਿੱਲ ਦੀ ਪੁਸਤਕ “ਯਾਦਾਂ ਦੀ ਪਟਾਰੀ” ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਪ੍ਰੋ ਗੁਰਭਜਨ ਸਿੰਘ ਗਿੱਲ , ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਸਾਥੀਆਂ ਵੱਲੋਂ ਲੁਧਿਆਣਾ ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਲੋਕ ਅਰਪਣ ਕੀਤੀ ਗਈ। ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਪ੍ਰੋ ਸੁਖਵੰਤ ਸਿੰਘ ਗਿੱਲ ਦੇ ਨਿੱਕੇ ਭਰਾ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਆਪਣੇ ਵੱਡੇ ਵੀਰਾਂ ਦੀ ਸੋਹਬਤ ਸਦਕਾ ਹੀ ਉਹ ਸ਼ਬਦ ਸੱਭਿਆਚਾਰ ਦੇ ਲੜ ਲੱਗਾ ਸੀ। ਹੁਣ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ 2016 ਤੋਂ ਬਾਅਦ ਮੇਰੇ ਵੱਡੇ ਵੀਰ ਦੀ ਚੌਥੀ ਕਿਤਾਬ ਹੈ। ਇਸ ਤੋਂ ਪਹਿਲਾਂ ਉਹ 2016 ਵਿੱਚ ਪੁਸਤਕ “ਸ਼ਬਦ ਯਾਤਰਾ “, 2017 ਵਿੱਚ ਕਹਾਣੀ ਸੰਗ੍ਰਹਿ “ਧਰਤੀ ਗਾਥਾ “ਤੇ 2019 ਵਿੱਚ “ਵਕਤਨਾਮਾ “ ਨਾਮਕ ਵਾਰਤਕ ਪੁਸਤਕ ਲਿਖ ਚੁਕੇ ਹਨ। ਗੁਰੂ ਨਾਨਕ ਗੌਰਮਿੰਟ ਕਾਲਿਜ ਕਾਲਾ ਅਫ਼ਗਾਨਾ (ਗੁਰਦਾਸਪੁਰ) ਤੇ ਗੌਰਮਿੰਟ ਕਾਲਿਜ ਗੁਰਦਾਸਪੁਰ ਵਿੱਚ ਪੁਲਿਟੀਕਲ ਸਾਇੰਸ ਵਿਸ਼ਾ ਪੜਾਉਂਦਿਆ ਵੀ ਉਹ ਸਿਰਜਣਸ਼ੀਲ ਰਹੇ। “ਯਾਦਾਂ ਦਾ ਪਰਾਗਾ “ ਪੁਸਤਕ ਵਿੱਚ ਜੀਵਨ ਪਟਾਰੀ ਵਿਚਲੇ ਲੇਖ ਹਨ ਜੋ ਪਰਿਵਾਰ ਦੁਆਲੇ ਘੁੰਮਦੇ ਹਨ। ਮੈਨੂੰ ਮਾਣ ਹੈ ਕਿ ਮੇਰੀ ਲਿਖਤ ਨੂੰ ਪੰਜਾਹ ਸਾਲ ਪਹਿਲਾਂ ਭਾ ਜੀ ਸੁਖਵੰਤ ਵੱਲੋਂ ਥਾਪੜਾ ਨਾ ਮਿਲਦਾ ਤਾਂ ਮੇਰਾ ਰਚਨਾ ਪ੍ਰਵਾਹ ਅੱਗੇ ਨਹੀਂ ਸੀ ਤੁਰਨਾ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰੋ ਸੁਖਵੰਤ ਸਿੰਘ ਗਿੱਲ ਵਰਗੇ ਨੇਕ ਨੀਅਤ ਅਧਿਆਪਕ ਹੀ ਕੌਮੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਰਹੇ ਹਨ। ਆਪਣੇ ਵਿਦਿਆਰਥੀ ਕਾਲ ਤੋਂ ਲੈ ਕੇ ਹੁਣ ਤੀਕ ਵੀ ਮੈਂ ਪ੍ਰੋਃ ਸੁਖਵੰਤ ਸਿੰਘ ਗਿੱਲ ਨੂੰ ਸਾਰਥਕ ਸੋਚ ਵਾਲੇ ਸਮਾਜਿਕ ਚਿੰਤਾ ਤੇ ਚਿੰਤਨ ਵਾਲੇ ਪੰਜਾਬੀ ਵਜੋਂ ਜਾਣਿਆ ਹੈ। ਉਨ੍ਹਾਂ ਦੇ ਸਮਾਜਿਕ ਸਰੋਕਾਰ ਲਗਾਤਾਰ ਪੇਂਡੂ ਵਿਕਾਸਮੁਖੀ ਰਹੇ ਹਨ ਤਾਂ ਕਰਕੇ ਹੀ ਉਹ ਪਿੰਡਾਂ ਵਿੱਚ ਖੇਡ ਸੱਭਿਆਚਾਰ ਦੀ ਉਸਾਰੀ, ਬਾਲਗ ਸਿੱਖਿਆ ਦੇ ਲਈ ਚਿੰਤਾਤੁਰ ਵਿਅਕਤੀ ਅਤੇ ਸਿਖਿਆ ਸੱਭਿਆਚਾਰ ਦੇ ਉਸਰੱਈਏ ਵਜੋਂ ਜਾਣੇ ਜਾਂਦੇ ਹਨ। ਪ੍ਰੋ ਸੁਖਵੰਤ ਸਿੰਘ ਗਿੱਲ ਤੇ ਉਨ੍ਹਾਂ ਵਰਗੇ ਅਧਿਆਪਕਾਂ ਦੀ ਸੋਚ ਦਾ ਹੀ ਨਤੀਜਾ ਹੈ ਕਿ ਲੋਕ ਮਸਲਿਆਂ ਨੂੰ ਸਮਝਣ ਤੇ ਸਮਝਾਉਣ ਦੀ ਸ਼ਕਤੀ ਮਿਲੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ ਤੇ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਪ੍ਰੋ ਸੁਖਵੰਤ ਸਿੰਘ ਗਿੱਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਹਨ। ਉਨ੍ਹਾਂ ਦੀ ਇਸ ਪੁਸਤਕ ਵਿੱਚ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ,ਬਾਬਾ ਸੋਹਣ ਸਿੰਘ ਭਕਨਾ ਨੂੰ ਯਾਦ ਕਰਦਿਆਂ, ਦਿਆਲੇ ਦੀ ਦਹਿਸ਼ਤ,ਸਟੇਜ ਉੱਪਰ ਪਹਿਲੀ ਵਾਰ ਬੋਲਣ ਦਾ ਆਨੰਦ, ਸਿਡਨੀ ਦੀ ਹਾਫ਼ ਮੈਰਾਥਨ ਦੌੜ 2022, ਸਿਡਨੀ ਅੰਦਰ ਬਜ਼ੁਰਗਾਂ ਦਾ ਸਤਿਕਾਰ, ਟਿਕਾਣਾ,ਪੰਜਾਬ ਨੂੰ ਸ਼ਰਾਬ ਲੈ ਬੈਠੀ ਏ, ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਸਿਡਨੀ ਵਿੱਚ ਵਿਰਸਾ ਸਮਾਗਮ 2022, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸੰਵਾਰੀਏ, ਚੌਥੀ ਜਮਾਤ ਚੜ੍ਹਨ ਦੀ ਇੱਕ ਅਹਿਮ ਯਾਦ, ਸੱਜਣਾਂ ਨੇ ਫੁੱਲ ਮਾਰਿਆ, ਆਸਟਰੇਲੀਆ ਵਿੱਚ ਵੱਸਿਆ ਪੰਜਾਬ, ਮੇਰੀ ਸਿਡਨੀ ਠਹਿਰ ਦਾ ਇੱਕ ਯਾਦਗਾਰੀ ਦਿਨ, ਸਿਡਨੀ ਅੰਦਰ ਮੇਰੀ ਇੱਕ ਦੁਖਦਾਈ ਸ਼ਾਮ, ਬਟਾਲਾ ਬਿਆਸ ਸੜਕ ਚੇਤਨਾ ਮਾਰਚ ਸ਼ਾਮਿਲ ਹਨ। ਇਸ ਸਮਾਗਮ ਵਿੱਚ ਉੱਘੇ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੇ ਪੋਤਰੇ ਗੁਰਜੀਤ ਸਿੰਘ ਢਿੱਲੋਂ, ਰਾਜਦੀਪ ਕੌਰ, ਜਸਵਿੰਦਰ ਕੌਰ ਗਿੱਲ, ਰਵਨੀਤ ਕੌਰ ਗਿੱਲ ਤੇ ਪੁਨੀਤਪਾਲ ਸਿੰਘ ਗਿੱਲ ਡੀ ਪੀ ਆਰ ਓ ਲੁਧਿਆਣਾ ਵੀ ਸ਼ਾਮਿਲ ਹੋਏ।