Home Protest ਮੰਡੀ ’ਚੋਂ ਕਣਕ ਦੀ ਲਿਫਟਿੰਗ ਦਾ ਮਾਮਲਾ ਫਿਰ ਗਰਮਾਇਆ,ਹੁਣ ਟੈਂਪੂ ਯੂਨੀਅਨ ਨੇ...

ਮੰਡੀ ’ਚੋਂ ਕਣਕ ਦੀ ਲਿਫਟਿੰਗ ਦਾ ਮਾਮਲਾ ਫਿਰ ਗਰਮਾਇਆ,ਹੁਣ ਟੈਂਪੂ ਯੂਨੀਅਨ ਨੇ ਕੀਤਾ ਧਰਨਾ ਪ੍ਰਦਰਸ਼ਨ

49
0


ਜਗਰਾਉਂ, 28 ਅਪ੍ਰੈਲ ( ਭਗਵਾਨ ਭੰਗੂ, ਮੋਹਿਤ ਜੈਨ )-ਕਣਕ ਦੀ ਲਿਫਟਿੰਗ ਨੂੰ ਲੈ ਕੇ ਜਗਰਾਓਂ ਦੀ ਦਾਣਾ ਮੰਡੀ ਵਿੱਚ ਚੱਲ ਰਹੇ ਵਿਵਾਦ ਦੇ ਖ਼ਤਮ ਹੋਣ ਦਾ ਐਲਾਨ ਹੀ ਹੋਇਆ ਸੀ, ਹੁਣ ਸ਼ੁੱਕਰਵਾਰ ਨੂੰ ਮੁੜ ਟੈਂਪੂ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਡੀ ਦੀ ਟਰੱਕ ਯੂਨੀਅਨ, ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਵਲੋਂ ਠੇਕੇਦਾਰ ’ਤੇ ਸਹੀ ਕੰਮ ਨਾ ਕਰਨ ਦੇ ਦੋਸ਼ ਲਾਉਂਦਿਆਂ ਧਰਨਾ ਦਿੱਤਾ ਸੀ। ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਵੱਲੋਂ ਧਰਨਾ ਖਤਮ ਕਰਕੇ ਕੰਮ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਸਫਲ ਨਹੀਂ ਹੋ ਸਕੀ ਅਤੇ ਥਾਣਾ ਸਿੱਧਵਾਂਬੇਟ ਵਿੱਚ ਜਗਰਾਉਂ ਦੇ ਕਾਂਗਰਸੀ ਕੌਂਸਲਰ ਮੇਸ਼ੀ ਸਹੋਤਾ ਅਤੇ ਮੰਡੀ ਦੇ ਸਾਬਕਾ ਠੇਕੇਦਾਰ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਇਰਾਦਾ ਕਤਲ ਦਾ ਮੁਕਦਮਾ ਦਰਜ ਹੋਣ ਤੋਂ ਬਾਅਦ ਸਥਿਤੀ ਹੋਰ ਗੁੰਝਲਦਾਰ ਹੋ ਗਈ। ਉਸ ਮੌਕੇ ਲੁਧਿਆਣਾ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਪਾਰਟੀ ਅਹੁਦੇਦਾਰਾਂ ਸਮੇਤ ਜਗਰਾਉਂ ਪੁੱਜੇ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਲੈ ਕੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਤੱਕ ਦੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੂੰ ਜਿੱਥੇ ਪਹਿਲੇ ਠੇਕੇਦਾਰ ਦਾ ਠੇਕਾ ਰੱਦ ਕਰਕੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਗਿਆ, ਉੱਥੇ ਹੀ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੂੰ ਥਾਣਾ ਸਿੱਧਵਾਂਬੇਟ ਵਿਖੇ ਦਰਜ ਕੇਸ ਨੂੰ ਰੱਦ ਕਰਨ ਲਈ ਕਿਹਾ ਗਿਆ। ਪ੍ਰਸ਼ਾਸਨ ਨੇ ਪਹਿਲੇ ਠੇਕੇਦਾਰ ਦਾ ਠੇਕਾ ਰੱਦ ਕਰਕੇ ਉਸ ਦੀ ਥਾਂ ਟਰੱਕ ਯੂਨੀਅਨ ਨੂੰ ਅਲਾਟ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ। ਜਿਸ ’ਤੇ ਸ਼ੁੱਕਰਵਾਰ ਨੂੰ ਸਥਾਨਕ ਟੈਂਪੂ ਯੂਨੀਅਨ ਨੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਅਤੇ ਡੀ.ਐੱਸ.ਪੀ ਸਤਵਿੰਦਰ ਸਿੰਘ ਵਿਰਕ ਨੂੰ ਲਿਫਟਿੰਗ ਕਰਨ ਵਾਲੇ ਟਰੱਕਾਂ ’ਚ ਭਾਰੀ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਮੰਗ ਪੱਤਰ ਸੌਂਪ ਕੇ ਪੁਲ ਦੇ ਹੇਠਾਂ ਧਰਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ। ਦਿੱਤੇ ਮੰਗ ਪੱਤਰ ਵਿੱਚ ਟੈਂਪੂ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਇਸ ਸਮੇਂ ਜਿਨ੍ਹਾਂ ਵਾਹਨਾਂ ਨਾਲ ਕਣਕ ਦੀ ਲਿਫਟਿੰਗ ਹੋ ਰਹੀ ਹੈ, ਉਨ੍ਹਾਂ ਵਿੱਚੋਂ ਬਹੁਤੇ ਵਾਹਨਾਂ ਕੋਲ ਆਰਸੀ ਅਤੇ ਰਜਿਸਟਰੇਸ਼ਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਬੀਮਾ ਹੈ। ਨਿਯਮਾਂ ਮੁਤਾਬਕ ਸਾਰੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਣ। ਸਿਰਫ਼ ਉਨ੍ਹਾਂ ਵਾਹਨਾਂ ਨੂੰ ਹੀ ਕੰਮ ’ਤੇ ਲਗਾਇਆ ਜਾਣਾ ਚਾਹੀਦਾ ਹੈ ਜਿਨ੍ਹਾਂ ਦੇ ਦਸਤਾਵੇਜ਼ ਸਹੀ ਹਨ। ਸਾਰੇ ਵਾਹਨਾਂ ’ਤੇ ਜੀਪੀਐਸ ਦੀ ਜਾਂਚ ਕੀਤੀ ਜਾਵੇ। ਹਾਦਸਿਆਂ ਦਾ ਕਾਰਨ ਬਣਨ ਵਾਲੇ ਕੰਡਮ ਵਾਹਨਾਂ ’ਤੇ ਕੰਮ ਕਰਨ ’ਤੇ ਪਾਬੰਦੀ ਲਗਾਈ ਜਾਵੇ। ਪਾਸ ਕੀਤੇ ਲੋਡ ਅਨੁਸਾਰ ਹੀ ਮਾਲ ਲੋਡ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਗਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਪੁੱਜੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਉਠਾਏ ਗਏ ਨੁਕਤਿਆਂ ਦੀ ਜਾਂਚ ਕੀਤੀ ਜਾਵੇਗੀ। ਉਸ ਅਨੁਸਾਰ ਅੱਗੇ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਇਸ ਮੌਕੇ ਟੈਂਪੂ ਯੂਨੀਅਨ ਦੇ ਪ੍ਰਧਾਨ ਸੁਖਬੀਰ ਸਿੰਘ, ਸਾਬਕਾ ਕੌਂਸਲਰ ਅਮਰ ਨਾਥ ਕਲਿਆਣ, ਮੈਂਬਰ ਹਰੀ ਸਿੰਘ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਨਰੇਸ਼ ਧੀਰ, ਜਸਵਿੰਦਰ ਸਿੰਘ, ਜਤਿੰਦਰ ਭਾਟੀਆ, ਜਗਵਿੰਦਰ ਸਿੰਘ, ਅਵਨੀਸ਼ ਸਿੰਗਲਾ, ਜਗਦੇਵ ਸਿੰਘ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here