ਖਾਲਿਸਤਾਨ ਦੇ ਨਾਂ ਨੂੰ ਇੱਕ ਵੱਡੇ ਹਊਏ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਿਸ ਰਾਹੀਂ ਸਿੱਖਾਂ ਨੂੰ ਵੱਡੇ ਅੱਤਵਾਦੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਦਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਮਜਲੂਮਾਂ ਦੀ ਰਾਖੀ ਕੀਤੀ ਅਤੇ ਦੂਜੇ ਧਰਮਾਂ ਲਈ ਵੀ ਆਪਣੀਆਂ ਜਾਨਾਂ ਵਾਰੀਆਂ ਅਤੇ ਹਮੇਸ਼ਾ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਲੜਾਈਆਂ ਲੜੀਆਂ। ਉਸ ਤੋਂ ਬਾਅਦ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਵੱਲੋਂ 90% ਕੁਰਬਾਨੀਆਂ ਦਿੱਤੀਆਂ ਗਈਆਂ। ਫਿਰ ਵੀ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਦਰਕਿਨਾਰ ਕਰਕੇ ਦੁਨੀਆਂ ਭਰ ਵਿੱਚ ਸਿੱਖਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ। ਹਕੀਕਤ ਵਿਚ ਹੁਣ ਜੇਕਰ ਖਾਲਿਸਤਾਨ ਦੀ ਗੱਲ ਕਰੀਏ ਤਾਂ ਇਹ 1980-90 ਦੇ ਦਹਾਕੇ ਦੀ ਗੱਲ ਹੈ। ਜਦੋਂ ਇਹ ਹਨੇਰੀ ਪੰਜਾਬ ਵਿੱਚ ਖਾਲਿਸਤਾਨ ਦੇ ਨਾਮ ਉੱਤੇ ਚੱਲਦੀ ਸੀ। ਉਸ ਤੋਂ ਬਾਅਦ ਸਮੇਂ ਨੇ ਇੱਕ ਮੋੜ ਲੈ ਲਿਆ। ਪੰਜਾਬ ਵਿੱਚ 25000 ਦੇ ਕਰੀਬ ਨੌਜਵਾਨ ਇਸ ਅੱਤਵਾਦ ਦੀ ਹਨੇਰੀ ਦੀ ਭੇਂਟ ਚੜ੍ਹ ਗਏ। ਚਾਹੇ ਉਹ ਕਤਲ ਦੋਵਾਂ ਧਿਰਾਂ ਵਿਚੋਂ ਕਿਸੇ ਨੇ ਵੀ ਕਿਸੇ ਦੇ ਵੀ ਕੀਤੇ ਹੋਣ ਪਰ ਉਹ ਸਿਰਫ ਪੰਜਾਬ ਦੇ ਨੌਜਵਾਨ ਸਨ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਖਾਲਿਸਤਾਨ ਦੇ ਮੁੱਦੇ ’ਤੇ ਕਦੇ ਵੀ ਕਿਸੇ ਦਾ ਸਾਥ ਨਹੀਂ ਦਿੱਤਾ ਅਤੇ ਨਾ ਹੀ ਪੰਜਾਬ ਦੇ ਲੋਕਾਂ ਦੀ ਅਜਿਹੀ ਕੋਈ ਇੱਛਾ ਹੈ। ਹੁਣ ਹਰਦੀਪ ਸਿੰਘ ਨਿੱਜਰ ਦੇ ਕੈਨੇਡਾ ਵਿਚ ਹੋਏ ਕਤਲ ਤੋਂ ਬਾਅਦ ਦੇ ਹਾਲਾਤ ਵਿਚ ਵੀ ਸਿਰਫ਼ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਤਵਾਦ ਦੇ ਦੌਰ ਵਿਚ ਇਸ ਲਹਿਰ ਦੌਰਾਨ ਹਜ਼ਾਰਾਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਗਰਮ ਖਿਆਲੀ ਮੰਨੇ ਜਾਂਦੇ ਲੋਕ ਇਥੋਂ ਵਿਦੇਸ਼ਾਂ ਦੀ ਸ਼ਰਨ ਵਿਚ ਚਲੇ ਗਏ ਅਤੇ ਇਸ ਸਮੇਂ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਹਨ। ਕੈਨੇਡਾ ਨਾਲ ਵਿਵਾਦ ਤੋਂ ਬਾਅਦ ਹੁਣ ਭਾਰਤ ਵਿਚ ਵਿਦੇਸ਼ਾਂ ’ਚ ਰਹਿੰਦੇ ਉਨ੍ਹਾਂ ਸਾਰੇ ਲੋਕਾਂ ਦੀ ਜਾਇਦਾਦ ਕੁਰਕ ਕਰਨੀ ਸ਼ੁਰੂ ਕਰ ਦਿਤੀ ਹੈ। ਸਰਕਾਰ ਦੀ ਇਸ ਕਾਰਵਾਈ ਦਾ ਪੰਜਾਬ ਜਾਂ ਦੇਸ਼ ਵਿਚ ਕਿਧਰੇ ਵੀ ਲਿਰੋਧ ਨਹੀਂ ਹੋ ਰਿਹਾ। ਵਿਦੇਸ਼ਾਂ ’ਚ ਬੈਠੇ ਉਹ ਲੋਕ ਭਾਵੇਂ ਕਿਸੇ ਸ਼ਹਿਰ ਜਾਂ ਪਿੰਡ ਦੇ ਹਨ, ਜਦੋਂ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਜ਼ਬਤ ਕਰਨ ਲਈ ਉੱਥੇ ਪਹੁੰਚੀ ਤਾਂ ਇੱਥੋਂ ਤੱਕ ਕਿ ਉਥੋਂ ਦੇ ਲੋਕਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਭਾਵੇਂ ਵਿਦੇਸ਼ਾਂ ਵਿਚ ਬੈਠੇ ਉਹ ਲੋਕ ਜੋ ਅੱਤਵਾਦ ਦੇ ਦੌਰ ਵਿਚ ਵਿਦੇਸ਼ਾਂ ਵਿਚ ਜਾ ਬੈਠੇ ਸਨ ਉਹ ਲੋਕ ਉਥੇ ਹੀ ਕਿਸੇ ਨਾ ਕਿਸੇ ਸਮਾਰੋਹ ਦਰਾਨ ਖਾਲਿਸਤਾਨ ਦੀ ਗੱਲ ਕਰਦੇ ਹਨ ਪਰ ਹੁਣ ਤੱਕ ਬੀਤ ਚੁੱਕੇ 40 ਸਾਲ ਦੇ ਲੰਬੇ ਅਰਸੇ ਦੌਰਾਨ ਉਨ੍ਹਾਂ ਵਿਚੋਂ ਕੋਈ ਵੀ ਪੰਜਾਬ ਵਿਚ ਖਾਲਿਸਤਾਨ ਦੀ ਲਹਿਰ ਨੂੰ ਪੈਦਾ ਨਹੀਂ ਕਰ ਸਕਿਆ। ਉਹ ਲੋਕ ਗਰਮ ਭਾਸ਼ਣਬਾਜੀ ਕਰਕੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ ਪਰ ਉਨ੍ਹਾਂ ਦੇ ਭਾਸ਼ਣ ਕੁਝ ਸਮੇਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ, ਉਸ ਤੋਂ ਬਾਅਦ ਉਹ ਕਦੇ ਵੀ ਲੋਕਾਂ ਨੂੰ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ ਹਨ। ਜੇਕਰ ਵਿਦੇਸ਼ਾਂ ਵਿੱਚ ਬੈਠੇ ਥੋੜ੍ਹੇ ਜਿਹੇ ਲੋਕ ਉੱਥੇ ਬੈਠਕੇ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਹਨ ਤਾਂ ਉਹ ਉਨ੍ਹਾਂ ਤੱਕ ਹੀ ਸੀਮਤ ਹੈ। ਪੰਜਾਬ ਵਿੱਚ ਅਜਿਹੀ ਕੋਈ ਸਥਿਤੀ ਨਹੀਂ ਹੈ ਕਿ ਬਾਹਰੋਂ ਬੈਠੇ ਲੋਕ ਪੰਜਾਬ ਦੇ ਬੱਚਿਆਂ ਨੂੰ ਮੋਡੀਵੇਟ ਕਰਕੇ ਇਥੇ ਖਾਲਿਸਤਾਨ ਦੀ ਲਹਿਰ ਖੜੀ ਕਰ ਸਕਣ। ਇਸ ਲਈ ਸਰਕਾਰਾਂ ਨੂੰ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਗਤੀਵਿਧੀ ਨੂੰ ਅੰਜਾਮ ਨਹੀਂ ਦੇਣਾ ਚਾਹੀਦਾ। ਹੁਣ ਕੋਈ ਵੀ ਪੰਜਾਬ ਵਿੱਚ ਮਾਹੌਲ ਖਰਾਬ ਹੁੰਦਾ ਨਹੀਂ ਦੇਖਣਾ ਚਾਹੁੰਦਾ। ਹਰ ਕੋਈ ਸ਼ਾਂਤੀ ਚਾਹੁੰਦਾ ਹੈ ਅਤੇ ਇਸ ਨੂੰ ਕਾਇਮ ਰੱਖਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਪੰਜਾਬ ਵਿੱਚ ਅੱਤਵਾਦ ਦੇ ਇੱਕ ਦਹਾਕੇ ਦੇ ਲੰਬੇ ਦੌਰ ਨੂੰ ਕੋਈ ਨਹੀਂ ਭੁੱਲ ਸਕਦਾ। ਜਿਸ ਦੌਰਾਨ ਪੰਜਾਬ ਹਰ ਪੱਖ ਤੋਂ ਬਹੁਤ ਪਿੱਛੇ ਚਲਾ ਗਿਆ। ਹੁਣ ਜੇਕਰ ਪੰਜਾਬ ਫਿਰ ਆਪਣੇ ਪੈਰਾਂ ’ਤੇ ਖੜ੍ਹਾ ਹੈ ਤਾਂ ਹਰ ਕੋਈ ਇਸਦੀ ਤਰੱਕੀ ਲਈ ਅਰਦਾਸ ਕਰਦਾ ਹੈ। ਇਸ ਲਈ ਖਾਲਿਸਤਾਨ ਅਤੇ ਖਾਲਿਸਤਾਨੀਆਂ ਦੇ ਨਾਂ ’ਤੇ ਹਵਾ ਨਾ ਬਨਣ ਦਿਤੀ ਜਾਵੇ। ਸਿੱਖ ਕੌਮ ਸਭ ਦੀ ਭਲਾਈ ਦਾ ਕੰਮ ਕਰਦੀ ਹੈ ਅਤੇ ਇਸ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ।
ਹਰਵਿੰਦਰ ਸਿੰਘ ਸੱਗੂ।