ਜਗਰਾਓਂ, 27 ਸਤੰਬਰ ( ਰਾਜੇਸ਼ ਜੈਨ)-ਸ਼ਹਿਰ ਦੇ ਪ੍ਸਿੱਧ ਸਿੱਖਿਆ ਸੰਸਥਾਨ ਮਹਾਪ੍ਰਗਯ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਦੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧਤਾ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਮਨੋਰੰਜਨ, ਰਚਨਾਤਮਕ ਰੁਚੀਆਂ ਨੂੰ ਵਿਕਸਿਤ ਕਰਨ ਤੇ ਗਿਆਨ ‘ਚ ਵਾਧਾ ਕਰਨ ਲਈ ਮਿਤੀ:
25 ਤੇ 26 ਸਤੰਬਰ 2023 ਨੂੰ ਪਹਿਲੀ ਤੋਂ ਪੰਜਵੀਂ ਅਤੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿੱਦਿਅਕ ਸੈਰ ਸਪਾਟੇ ਦਾ ਆਯੋਜਨ ਕੀਤਾ ਗਿਆ। ਪਹਿਲੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੂੰ ਫਨ ਆਈਸਲੈਂਡ ਤਲਵੰਡੀ ਭਾਈ ਅਤੇ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੂੰ ਛੱਤਬੀੜ ਚਿੜੀਆਘਰ ਅਤੇ ਰੌਕ ਗਾਰਡਨ ਚੰਡੀਗੜ੍ਹ , ਸਕੂਲ ਅਧਿਆਪਕਾਂ ਦੀ ਦੇਖ ਰੇਖ ਵਿੱਚ ਲਿਜਾਇਆ ਗਿਆ । ਬੱਚਿਆਂ ਨੇ ਆਪਣੀ ਮੰਜ਼ਿਲ ਤੱਕ ਪੁੰਹਚਣ ਲਈ ਯਾਤਰਾ ਦੌਰਾਨ ਖੂਬ ਨੱਚ – ਗਾ ਕੇ ਤੇ ਮਸਤੀ ਦੇ ਮਾਹੌਲ ਦਾ ਆਨੰਦ ਮਾਣਿਆ। ਬੱਚਿਆਂ ਦੇ ਓਥੇ ਪੁੰਹਚਣ ਤੇ ਸਵਾਦਿਸ਼ਟ ਨਾਸ਼ਤਾ ਪਰੋਸਿਆ ਗਿਆ ਫਿਰ ਮਨੋਰੰਜਨ ਪਾਰਕ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਵੱਖ-ਵੱਖ ਝੂਲਿਆਂ ਤੇ ਰਾਈਡਾਂ ਦਾ ਆਨੰਦ ਮਾਣਿਆ ਤੇ ਚਹਿਕਦੇ, ਕਿਲਕਾਰੀਆਂ ਮਾਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕਰਦੇ ਨਜ਼ਰ ਆਏ। ਅਧਿਆਪਕ ਵੀ ਬੱਚਿਆਂ ਦੇ ਖਿੜੇ ਚਿਹਰੇ ਵੇਖ ਉਤਸਾਹਿਤ ਹੋ ਕੇ ਉਨ੍ਹਾਂ ਦੇ ਇਹਨਾਂ ਖੂਬਸੂਰਤ ਪਲਾਂ ਨੂੰ ਤਸਵੀਰਾਂ ਵਿੱਚ ਕੈਦ ਕਰ ਰਹੇ ਸਨ। ਦੁਪਹਿਰ ਦੇ ਲਜ਼ੀਜ ਖਾਣੇ ਤੋਂ ਬਾਅਦ ਵਾਟਰ ਪਾਰਕ ਵਿੱਚ ਸੰਗੀਤ ਅਤੇ ਪਾਣੀ ਦੀ ਵਰਖਾ ਵਿੱਚ ਬੱਚਿਆਂ ਨੇ ਪਾਣੀ ਵਾਲੀਆਂ ਰਾਈਡਾਂ ਦਾ ਆਨੰਦ ਵੀ ਮਾਣਿਆ। ਅਧਿਆਪਕਾਂ ਦੇ ਨਾਲ ਰੇਨ ਡਾਂਸ ਕਰਦੇ ਬੱਚੇ ਬੇਹਦ ਖੁਸ਼ ਸਨ।ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੂੰ
ਛੱਤਬੀੜ ਚਿੜੀਆਘਰ ਪਾਰਕ ਦੀ ਸੈਰ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਜੈਵਿਕ ਵਿਭਿੰਨਤਾ ,ਜਾਨਵਰਾਂ ਅਤੇ ਪੰਛੀਆਂ ਦੀਆਂ ਰੰਗੀਨ ਕਿਸਮਾਂ ਪ੍ਰਤੀ ਜਾਗਰੂਕ ਕਰਨਾ ਸੀ। ਬੱਚਿਆਂ ਨੇ ਉਨ੍ਹਾਂ ਦੀ ਫੇਰੀ ਦਾ ਪੂਰਾ ਆਨੰਦ ਮਾਣਿਆ ਅਤੇ ਜਾਨਵਰਾਂ, ਪੰਛੀਆਂ ਅਤੇ ਰੀਂਗਣ ਵਾਲੇ ਜੀਵ-ਜੰਤੂਆਂ ਨੂੰ ਦੇਖ ਕੇ ਬਹੁਤ ਹੈਰਾਨੀ ਭਰੀਆਂ ਜਾਣਕਾਰੀਆਂ ਇੱੱਕਤਰ ਕੀਤੀਆਂ। ਰੌਕ ਗਾਰਡਨ ਵਿਖੇ ਵਿਦਿਆਰਥੀਆਂ ਨੇ ਇਸ ਅਦਭੁਤ ਵਿਲੱਖਣ ਕਾਢ ਦੇ ਪਿੱਛੇ ਕੰਮ ਕਰਨ ਵਾਲੇ ਵਿਅਕਤੀ ਨੇਕ ਚੰਦ ਬਾਰੇ ਜਾਣਿਆ। ਉਹ ਉਨ੍ਹਾਂ ਦੀ ਸਿਰਜਣਾਤਮਕਤਾ ਦੀ ਮਹਾਨਤਾ ਤੋਂ ਪ੍ਰਭਾਵਿਤ ਨਜ਼ਰ ਆਏ ‘ਤੇ ਵੇਸਟ ਤੋਂ ਬੈਸਟ ਬਣਾਉਣ ਲਈ ਘਰਾਂ ਦੇ ਵਾਧੂ ਸਮਾਨ ਜਿਵੇਂ-ਸ਼ੀਸ਼ੇ, ਬਿਜਲੀ ਦਾ ਕੂੜਾ, ਕਰੌਕਰੀ, ਟੁੱਟੀਆਂ ਚੂੜੀਆਂ, ਤਾਰ ਦੇ ਟੁਕੜੇ, ਚਟਾਨਾਂ ਅਤੇ ਕੰਕਰਾਂ ਵਰਗੀਆਂ ਰੀਸਾਈਕਲ ਕੀਤੀ ਸਮੱਗਰੀ ਤੋਂ ਬਣੀਆਂ ਵੱਖ-ਵੱਖ ਮੂਰਤੀਆਂ ਨੂੰ ਦੇਖ ਕਈ ਮਾਡਲਸ ਬਣਾਉਣ ਬਾਰੇ ਯੋਜਨਾਵਾਂ ਬਣਾਉਂਦੇ ਗੱਲਾਂ ਕਰਦੇ ਨਜ਼ਰ ਆਏ।
ਇਹ ਵਿੱਦਿਅਕ ਯਾਤਰਾ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਇੱਕ ਤਾਜ਼ਗੀ ਭਰਪੂਰ ਅਤੇ ਅਸਲ ਵਿੱਚ ਦੁਬਾਰਾ ਕੰਮ ‘ਤੇ ਵਾਪਸ ਜਾਣ ਲਈ ਇੱਕ ਪੁਨਰ-ਸੁਰਜੀਤੀ ਦਾ ਕੰਮ ਕਰੇਗੀ।ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤ ਇੰਦਰ ਕੁਮਾਰ ਅਤੇ ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ ਨੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਦੇਖਭਾਲ ਲਈ ਨਿਭਾਈ ਵਧੀਆ ਡਿਊਟੀ ਤੇ ਬੱਚਿਆਂ ਦੇ ਮੇਲਜੋਲ ਭਰੇ ਰਵੱਈਏ ਦੀ ਪ੍ਰਸੰਸਾ ਕੀਤੀ।