Home Religion ਭੋਗ ਤੇ ਵਿਸ਼ੇਸ਼

ਭੋਗ ਤੇ ਵਿਸ਼ੇਸ਼

51
0

ਕੱਲਰ ਦਾ ਕੰਵਲ ਸੀ ਰਘਬੀਰ ਸਿੰਘ ਤੂਰ

ਰਘਬੀਰ ਸਿੰਘ ਤੂਰ ਯਾਰਾਂ ਦਾ ਯਾਰ ਸੀ ਤੇ ਨਿਆਸਰਿਆਂ ਦਾ ਆਸਰਾ । ਜਿਗਰੇ ਵਾਲਿਆਂ ਦੇ ਸ਼ਹਿਰ ਜਗਰਾਉਂ ਵਿੱਚ ਉਹ ਵੱਡੇ ਜਿਗਰੇ ਵਾਲਾ ਇਨਸਾਨ ਸੀ । ਵਕਾਲਤ ਦੀ ਦੁਨੀਆਂ ਦਾ ਅਜਿਹਾ ਸਿਤਾਰਾ ਸੀ ਜੋ ਕਚਹਿਰੀਆਂ ਵਿੱਚ ਬੈਠਾ ਵੀ ਪੈਸੇ ਇਕੱਠੇ ਕਰਨ ਨਾਲੋਂ ਰਿਸ਼ਤੇ ਅਤੇ ਦੁਆਵਾਂ ਇਕੱਠੀਆਂ ਕਰਨ ਵਿੱਚ ਲੱਗਿਆ ਹੋਇਆ ਸੀ। ਐਡਵੋਕੇਟ ਰਘਬੀਰ ਸਿੰਘ ਤੂਰ ਅਜਿਹਾ ਹੀ ਸ਼ਖਸ ਸੀ ਜਿਸਨੂੰ ਮਿਲ ਕੇ ਹਰ ਕਿਸੇ ਨੂੰ ਆਪਣੇਪਣ ਦਾ ਅਹਿਸਾਸ ਹੀ ਨਹੀਂ ਸੀ ਹੁੰਦਾ ਸਗੋਂ ਇਹ ਵੀ ਲਗਦਾ ਸੀ ਕਿ ਇਨਸਾਨੀਅਤ ਅਜੇ ਜਿਉਂਦੀ ਹੈ।

ਰਘਬੀਰ ਸਿੰਘ ਤੂਰ ਭ੍ਰਿਸ਼ਟਾਚਾਰ ਖਿਲਾਫ਼ ਦਿਲੋਂ ਲੜਨ ਦਾ ਜਜ਼ਬਾ ਰਖਦਾ ਸੀ । ਸਚਾਈ ਦੇ ਹੱਕ ਵਿੱਚ ਡਟ ਕੇ ਖੜ੍ਹਨਾ ਉਹ ਆਪਣਾ ਪਹਿਲਾ ਫ਼ਰਜ਼ ਸਮਝਦਾ ਸੀ । ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਰਹੇ ਹੀਰਾ ਸਿੰਘ ਤੂਰ ਦੇ ਪੋਤਰੇ ਤੇ ਚੰਨਣ ਸਿੰਘ ਤੂਰ ਦੀ ਸੱਤਵੀਂ ਔਲਾਦ ਰਘਬੀਰ ਸਿੰਘ ਤੂਰ ਵੱਖਰੀ ਹੀ ਮਿੱਟੀ ਦਾ ਬਣਿਆ ਹੋਇਆ ਸੀ। ਉਸਨੂੰ ਬਚਪਨ ਵਿੱਚ ਹੀ ਅਜਿਹੇ ਠੋਸ ਸੰਸਕਾਰ ਮਿਲੇ ਕਿ ਵੱਡੇ ਹੋ ਕੇ ਕਿਸੇ ਵੀ ਕਿਸਮ ਦੇ ਲਾਲਚ ਤੇ ਭ੍ਰਿਸ਼ਟਾਚਾਰ ਵਰਗੀਆਂ ਹਨ੍ਹੇਰੀਆਂ ਉਸਦੇ ਇਰਾਦਿਆਂ ਨੂੰ ਹਿਲਾ ਨਹੀਂ ਸਕੀਆਂ।

ਸਾਧਾਰਨ ਪਰਿਵਾਰ ਵਿੱਚ ਜਨਮਿਆ ਰਘਬੀਰ ਸਿੰਘ ਤੂਰ ਬਚਪਨ ਤੋਂ ਹੀ ਇੱਕ ਸਰਗਰਮ ਵਿਦਿਆਰਥੀ ਰਿਹਾ ਹੈ। ਜਗਰਾਉਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੌਰਾਨ ਐਨ.ਸੀ.ਸੀ. ਅਤੇ ਖੇਡ ਸਰਗਰਮੀਆਂ ਨੇ ਉਸਦੀ ਸ਼ਖਸੀਅਤ ਵਿੱਚ ਵੱਖਰੇ ਰੰਗ ਭਰੇ। ਪੰਦਰਾਂ ਸਾਲ ਦੀ ਉਮਰ ਵਿੱਚ ਉਸਨੇ ਹੋਮਗਾਰਡ ਵਿੱਚ ਕੱਚੇ ਤੌਰ ਤੇ ਭਰਤੀ ਹੋ ਕੇ ਹਥਿਆਰ ਚਲਾਉਣ ਤੇ ਪਰੇਡ ਕਰਨ ਦੀ ਟਰੇਨਿੰਗ ਲਈ। ਕੈਂਪ ਵਿੱਚ ਸਭ ਤੋਂ ਛੋਟੀ ਉਮਰ ਦਾ ਮੈਂਬਰ ਹੋਣ ਕਾਰਨ ਤੇ ਨਵੇਂ ਅਨੁਭਵ ਨੇ ਉਸਨੂੰ ਹੋਣਹਾਰ ਵਿਦਿਆਰਥੀਆਂ ਦਾ ਮੋਹਰੀ ਬਣਾ ਦਿੱਤਾ। ਐਨ.ਸੀ.ਸੀ. ਇੰਚਾਰਜ ਮਾਸਟਰ ਪ੍ਰੇਮ ਕੁਮਾਰ ਦੀ ਪ੍ਰੇਰਨਾ ਸਦਕਾ ਐਨ.ਸੀ.ਸੀ. ਦੇ ਅਨੇਕਾਂ ਕੈਂਪ ਲਗਾਏ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੱਗਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨੇ ਵੀ ਉਸ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। ਖਾਸ ਤੌਰ ਤੇ ਇਨ੍ਹਾਂ ਕੈਂਪਾਂ ਵਿੱਚ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਉਹ ਸਦਾ ਮੋਹਰੀ ਰਿਹਾ। ਇਸੇ ਤਰ੍ਹਾਂ ਡਰਿੱਲ ਮੁਕਾਬਲਿਆਂ ਵਿੱਚ ਅੱਵਲ ਸਥਾਨਾਂ ਤੇ ਹੀ ਰਿਹਾ। ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਉਸਦੀ ਚੋਣ ਮੇਨ ਰੀਪਬਲਿਕ ਕੈਂਪ ਵਾਸਤੇ ਹੋਈ । 26 ਜਨਵਰੀ 1979 ਨੂੰ ਰਘਬੀਰ ਸਿੰਘ ਤੂਰ ਨੂੰ ‘ਰੀਪਬਲਿਕ ਡੇ’ ਉੱਤੇ ਐਨ.ਸੀ.ਸੀ. ਦਾ ਕੌਮੀ ਪੁਰਸਕਾਰ ਮਿਲਿਆ। ਇਸੇ ਸਾਲ ਹੀ ਉਸਨੂੰ ਡੀ.ਏ.ਵੀ. ਕਾਲਜ ਜਗਰਾਉਂ ਵੱਲੋਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਕਿਉਂਕਿ ਤੂਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਨਹਿਰ ਵਿੱਚ ਡੁਬਦੇ ਬੱਚੇ ਦੀ ਜਾਨ ਬਚਾਈ ਸੀ। ਇਸੇ ਸਾਲ ਦੇ ਅੰਤ ‘ਤੇ ਰੈੱਡ ਕਰਾਸ ਵੱਲੋਂ ਤੂਰ ਨੂੰ ਐਨ.ਸੀ.ਸੀ. ਦਾ ਬੈਸਟ ਕੈਡਿਟ ਐਵਾਰਡ ਦੇ ਕੇ ਸਨਮਾਨਿਆ ਗਿਆ। ਇਸੇ ਸਾਲ ਹੀ ਉਸਨੂੰ ਬਾਲ ਦਿਵਸ ਡੇ ਉੱਤੇ ‘ਬਿਹਤਰੀਨ ਬਾਲ ਐਵਾਰਡ’ ਮਿਲਿਆ।

ਅਗਲੇ ਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਘਬੀਰ ਸਿੰਘ ਤੂਰ ਨੂੰ ਸਟੇਟ ਐਵਾਰਡ (ਮੁੱਖ ਮੰਤਰੀ ਐਵਾਰਡ) ਦਿੱਤਾ ਗਿਆ ਤੇ ਨਾਲ ਹੀ ਪੰਜਾਬ ਪੁਲੀਸ ਵਿੱਚ ਏ.ਐਸ.ਆਈ. ਭਰਤੀ ਹੋਣ ਵਾਸਤੇ ਆਫਰ ਵੀ ਦਿੱਤੀ। ਪਰ ਫ਼ੌਜ ਵਿੱਚ ਜਾ ਕੇ ਸੇਵਾ ਕਰਨਾ ਹੀ ਉਸਦੀ ਜ਼ਿੰਦਗੀ ਦਾ ਮਕਸਦ ਸੀ। ਤੂਰ ਆਉਣ ਵਾਲੇ ਕਈ ਸਾਲ ਰੀਪਬਲਿਕ ਡੇ ਕੈਂਪ ਲਈ ਚੁਣਿਆ ਜਾਂਦਾ ਰਿਹਾ। 1982 ਵਿੱਚ ਵੀ ਉਹ ਰੀਪਬਲਿਕ ਡੇ ਪਰੇਡ ਲਈ ਚੁਣਿਆ ਗਿਆ। ਇਸ ਪਰੇਡ ਦੌਰਾਨ ਤੂਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰੱਖਿਆ ਮੰਤਰੀ ਅਤੇ ਫੌਜ ਦੇ ਤਿੰਨਾਂ ਮੁਖੀਆਂ ਦੇ ਸਾਹਮਣੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ। ਇਸ ਮੌਕੇ ਪ੍ਰਧਾਨ ਮੰਤਰੀ ਰੈਲੀ ਲਈ ਪੂਰੇ ਭਾਰਤ ਵਿੱਚੋਂ 51 ਮੈਂਬਰਾਂ ਦੀ ਚੋਣ ਹੋਈ ਤੇ ਇਸ ਰੈਲੀ ਲਈ ਪੰਜਾਬ ਚੋਂ ਇੱਕੋ ਇੱਕ ਮੈਂਬਰ ਰਘਬੀਰ ਸਿੰਘ ਤੂਰ ਦੀ ਚੋਣ ਹੋਈ। ਇਸ ਮੌਕੇ ਡਾਇਰੈਕਟਰ ਜਨਰਲ ਆਫ਼ ਐਨ.ਸੀ.ਸੀ. ਵੱਲੋਂ ਪੀ.ਐਮ. ਮੈਡਲ ਰਾਹੀਂ ਸਨਮਾਨਿਤ ਕੀਤਾ ਗਿਆ ਜੋ ਕਿ ਤੂਰ ਲਈ ਤੇ ਪੰਜਾਬ ਲਈ ਮਾਣ ਵਾਲੀ ਗੱਲ ਸੀ। 1983 ਵਿੱਚ ਤੂਰ ਨੇ ਐਨ.ਸੀ.ਸੀ. ਦਾ ਸੀ ਸਰਟੀਫੀਕੇਟ ਪਾਸ ਕੀਤਾ। ਐਨ.ਸੀ.ਸੀ. ਵਿੱਚ ਉਹ ਅਕਸਰ ਵਧੀਆ ਕੈਡਿਟ ਹੋਣ ਦਾ ਮਾਣ ਹਾਸਲ ਕਰਦਾ ਰਿਹਾ। ਵਿਦਿਆਰਥੀ ਜੀਵਨ ਵਿੱਚ ਐਨ.ਸੀ.ਸੀ. ਤੋਂ ਬਿਨਾਂ
ਐਨ.ਐਸ.ਐਸ. ਕੈਂਪਾਂ ਵਿੱਚ ਵੀ ਉਸਨੇ ਸਮਾਜ ਵਿੱਚ ਕਈ ਉਸਾਰੂ ਕੰਮ ਕੀਤੇ।

ਖੇਡਾਂ ਵਿੱਚ ਵੀ ਰਘਬੀਰ ਸਿੰਘ ਤੂਰ ਨੇ ਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਕੀਤੀਆਂ। ਉਸ ਨੂੰ ਅਥਲੈਟਿਕਸ ਖਾਸ ਕਰ ਦੌੜਾਂ ਦਾ ਵਿਸ਼ੇਸ਼ ਸ਼ੌਕ ਰਿਹਾ ਹੈ। ਛੋਟੀਆਂ ਦੌੜਾਂ ਵਿੱਚ ਉਸਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸਕੂਲਾਂ, ਕਾਲਜਾਂ, ਐਨ.ਸੀ.ਸੀ. ਕੈਂਪਾਂ ਅਤੇ ਓਪਨ ਵਿੱਚ ਹੋਣ ਵਾਲੇ ਅਥਲੈਟਿਕ ਮੁਕਾਬਲਿਆਂ ਵਿੱਚ ਤਾਂ ਉਹ ਸਦਾ ਮੋਹਰੀ ਰਿਹਾ, ਮੁਕਾਬਲਾ ਭਾਵੇਂ ਛੋਟੀਆਂ ਜਾਂ ਲੰਮੀਆਂ ਦੌੜਾਂ ਦਾ ਹੁੰਦਾ ਸੀ ਤੇ ਭਾਵੇਂ ਲੰਬੀ ਛਾਲ ਜਾਂ ਪੋਲ ਵਾਲਟ ਦਾ। ਪੰਜਾਬ ਪੱਧਰ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਸੋਨ ਤਮਗਿਆਂ ਸਮੇਤ ਕਈ ਤਮਗੇ ਜਿੱਤੇ। ਅਕਤੂਬਰ 1981 ਵਿੱਚ ਕੋਲਕਾਤਾ ਵਿਖੇ ਹੋਈ ਨੈਸ਼ਨਲ ਸਪੋਰਟਸ ਮੀਟ ਦੌਰਾਨ 400 ਮੀ. ਵਿੱਚ ਦੂਜਾ ਸਥਾਨ ਹਾਸਲ ਕਰਨਾ ਉਸਦੀ ਸਿਖਰ ਦੀ ਪ੍ਰਾਪਤੀ ਸੀ।

ਖੇਡਾਂ ਦੇ ਨਾਲ ਨਾਲ ਰਘਬੀਰ ਸਿੰਘ ਤੂਰ ਨੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਭਾਗ ਲਿਆ। 1983-84 ਵਿੱਚ ਆਲ ਇੰਡੀਆ ਵਨ ਐਕਟ ਪਲੇਅ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਯੂਨੀਵਰਸਿਟੀ ਦੁਆਰਾ ਕਰਵਾਏ ਜਾਂਦੇ ਯੁਵਕ ਮੇਲਿਆਂ ਵਿੱਚ ਵੀ ਉਹ ਆਪਣੇ ਈਵੈਂਟ ਵਿੱਚ ਪਹਿਲੇ ਸਥਾਨ ਤੇ ਆਉਂਦਾ ਰਿਹਾ। ਤੂਰ ਦਾ ਵਿਦਿਆਰਥੀ ਜੀਵਨ ਸਰਗਰਮੀਆਂ ਭਰਪੂਰ ਰਿਹਾ। ਇਨ੍ਹਾਂ ਸਰਗਰਮੀਆਂ ਪਿੱਛੇ ਇੱਕ ਹੀ ਰੀਝ ਸੀ ਕਿ ਉਹ ਕਦੋਂ ਇੰਡੀਅਨ ਆਰਮੀ ਵਿੱਚ ਬਤੌਰ ਕਮਿਸ਼ਨਡ ਅਫਸਰ ਭਰਤੀ ਹੋਵੇ ਤੇ ਦੇਸ਼ ਲਈ ਕੁੱਝ ਕਰਨ ਦਾ, ਕੁਰਬਾਨ ਹੋਣ ਦਾ ਮੌਕਾ ਮਿਲੇ। ਪਰ ਤੂਰ ਨੂੰ ਇਹ ਰੀਝ ਆਪਣੇ ਸੀਨੇ ਵਿੱਚ ਹੀ ਦਬਾਉਣੀ ਪਈ ਕਿਉਂਕਿ ਪੋਲ ਵਾਲਟ ਕਰਦੇ ਦੌਰਾਨ ਉਸਦੀ ਰੀੜ੍ਹ ਦੀ ਹੱਡੀ ਤੇ ਸੱਟ ਵੱਜ ਗਈ ਸੀ। ਇਸ ਸੱਟ ਨੇ ਉਸਦੀ ਜ਼ਿੰਦਗੀ ਦਾ ਰੂਟ ਹੀ ਬਦਲ ਦਿੱਤਾ।

ਸੰਨ 1988 ਵਿੱਚ ਉਸਨੇ ਵਕਾਲਤ ਦੀ ਡਿਗਰੀ ਕਰ ਲਈ ਤੇ 1989 ਤੋਂ ਉਸਨੇ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਦੇਸ਼ ਦੇ ਲੋਕਾਂ ਦੀ ਜੋ ਸੇਵਾ ਉਹ ਫ਼ੌਜ ਵਿੱਚ ਜਾ ਕੇ ਕਰਨੀ ਚਾਹੁੰਦਾ ਸੀ, ਉਹ ਇੱਕ ਵਕੀਲ ਬਣ ਕੇ ਕਰਨ ਦਾ ਜਜ਼ਬਾ ਕਾਇਮ ਰੱਖਿਆ। ਸਦਾ ਕੁੱਝ ਨਾ ਕੁੱਝ ਕਰਦੇ ਰਹਿਣ ਦੇ ਸੁਭਾਅ ਨੇ ਉਸਨੂੰ ਇੱਕ ਆਮ ਵਕੀਲ ਨਾ ਰਹਿਣ ਦਿੱਤਾ ਸਗੋਂ ਉਸਦੀ ਇੱਕ ਵੱਖਰੀ ਪਹਿਚਾਣ ਬਣਾ ਦਿੱਤੀ। ਸਾਲ 1991 ਤੋਂ 94 ਤੱਕ ਉਸਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਓਥ ਕਮਿਸ਼ਨਰ ਨਿਯੁਕਤ ਕੀਤਾ ਗਿਆ। ਸਾਲ 1992 ਅਤੇ 1996 ਵਿੱਚ ਉਹ ਦੋ ਵਾਰ ਬਾਰ ਐਸੋਸੀਏਸ਼ਨ ਜਗਰਾਉਂ ਦਾ ਸੈਕਟਰੀ ਚੁਣਿਆ ਗਿਆ। ਮਾਰਚ 2000 ਵਿੱਚ ਭਾਰਤ ਸਰਕਾਰ ਵੱਲੋਂ ਉਸਨੂੰ ਬਤੌਰ ਨੋਟਰੀ ਨਿਯੁਕਤ ਕੀਤਾ ਗਿਆ। 2004 ਵਿੱਚ ਬਾਰ ਐਸੋਸੀਏਸ਼ਨ ਜਗਰਾਉਂ ਦਾ ਮੀਤ ਪ੍ਰਧਾਨ ਤੇ ਸਾਲ 2009 ਵਿੱਚ ਪ੍ਰਧਾਨ ਚੁਣਿਆ ਗਿਆ। ਇਸ ਵਰ੍ਹੇ ਬਾਰ ਐਸੋਸੀਏਸ਼ਨ ਤੇ ਜੱਜਾਂ ਦੇ ਤਾਲਮੇਲ ਨਾਲ ਅਲਗ ਅਲਗ ਥਾਵਾਂ ਅੱਠ ਦੇ ਕਰੀਬ ਪੂਰੇ ਸਫਲ ਸੈਮੀਨਾਰ ਕਰਵਾਏ। ਇਸੇ ਵਰ੍ਹੇ ਹੀ ਚਾਰ ਲੋਕ ਅਦਾਲਤਾਂ ਲਗਾ ਕੇ ਆਮ ਲੋਕਾਂ ਨੂੰ ਜਲਦੀ ਇਨਸਾਫ ਦਿਵਾਉਣ ਦੇ ਉਪਰਾਲੇ ਕੀਤੇ । ਜੂਨ 2009 ਤੋਂ ਦਸੰਬਰ 2009 ਤੱਕ ਤੂਰ ਹੋਰਾਂ ਦੀ ਟੀਮ ਨੇ ਮੁੱਖ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮਦਦ ਨਾਲ ਹਰ ਸ਼ਨੀਵਾਰ ਗਰੀਬ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਲਈ ਸਹਿਰਦ ਯਤਨ ਕੀਤੇ। ਇਸੇ ਸਾਲ ਹੀ ਤੂਰ ਨੂੰ ਜਗਰਾਉਂ ਦੇ ਵਕੀਲਾਂ ਲਈ ਨਵੇਂ ਬਣ ਰਹੇ ਚੈਂਬਰਾਂ ਸੰਬੰਧੀ ਬਿਲਡਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

ਪੰਜਾਬੀ ਸਭਿਆਚਾਰ ਵਿੱਚ ਭਗਤ, ਦਾਨੀ ਤੇ ਸੂਰਬੀਰ ਤਿੰਨ ਕਿਸਮ ਦੇ ਲੋਕਾਂ ਨੂੰ ਸਦਾ ਵਡਿਆਇਆ ਜਾਂਦਾ ਰਿਹਾ ਹੈ। ਦਾਨ ਵਿੱਚੋਂ ਖੂਨਦਾਨ ਨੂੰ ਸਭ ਤੋਂ ਉੱਤਮ ਸਮਝਿਆ ਜਾਂਦਾ ਹੈ ਕਿਉਂਕਿ ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਰਘਬੀਰ ਸਿੰਘ ਤੂਰ ਮਹਾਂਦਾਨੀ ਖੂਨਦਾਨੀ ਸੀ। ਉਸ ਨੂੰ ਖੂਨ ਦਾਨ ਕਰਨ ਦਾ ਜਨੂੰਨ ਸੀ । 62 ਸਾਲ ਦੀ ਉਮਰ ਤੱਕ ਉਹ ਕੈਂਪਾਂ ਵਿੱਚ ਅਤੇ ਨਿੱਜੀ ਤੌਰ ਤੇ ਸੌ ਵਾਰ ਦੇ ਕਰੀਬ ਖੂਨਦਾਨ ਕਰ ਚੁੱਕਿਆ ਸੀ। ਕਿਸ ਕਿਸ ਦੀਆਂ ਨਾੜਾਂ ਵਿੱਚ ਤੂਰ ਦਾ ਖੂਨ ਦੌੜਦਾ ਹੈ, ਇਸਦਾ ਉਸਨੂੰ ਖੁਦ ਵੀ ਨਹੀਂ ਪਤਾ। ਖੂਨ ਦਾਨ ਕਰਨ ਲੱਗਿਆਂ ਉਹ ਕਿਸੇ ਦਾ ਅਤਾ ਪਤਾ ਤੇ ਜਾਤ ਪਾਤ ਨਹੀਂ ਪੁੱਛਦਾ, ਬਸ ਅਗਲੇ ਦੀ ਲੋੜ ਦੇਖਦਾ ਹੈ ਤੇ ਡਾਕਟਰ ਅੱਗੇ ਆਪਣੀ ਬਾਂਹ ਕਰ ਦਿੰਦਾ। ਲੋੜਵੰਦਾਂ ਦੀ ਮਜਬੂਰੀ ਕਾਰਨ ਕਈ ਵਾਰ ਤਾਂ ਉਸਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਖੂਨ ਕਢਵਾ ਦਿੰਦਾ। ਉਸਦੀਆਂ ਅਜਿਹੀਆਂ ਸਰਗਰਮੀਆਂ ਤੇ ਸਮਾਜ ਵਿੱਚ ਪਾਏ ਯੋਗਦਾਨ ਕਾਰਨ ਵੱਖ ਵੱਖ ਸਮਿਆਂ ਤੇ 50 ਦੇ ਕਰੀਬ ਅਲਗ ਅਲਗ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ।

ਖੂਨਦਾਨ ਵਿੱਚ ਨਾਮਣਾ ਖੱਟਣ ਤੋਂ ਬਿਨਾਂ ਉਹ ਵਾਤਾਵਰਨ ਨੂੰ ਵੀ ਬਹੁਤ ਪਿਆਰ ਕਰਦਾ ਸੀ। ਉਹ ਖੁਦ ਬੂਟੇ ਲਾਉਂਦਾ ਹੀ ਨਹੀਂ ਬਲਕਿ ਆਪਣੇ ਸਾਥੀਆਂ ਨੂੰ ਵੀ ਬੂਟੇ ਲਾਉਣ ਲਈ ਪ੍ਰੇਰਿਤ ਕਰਦਾ। ਉਹ ਫਲਾਂ ਵਾਲੇ ਤੇ ਮੈਡੀਸਨ ਵਾਲੇ ਬੂਟਿਆਂ ਨੂੰ ਲਾਉਣ ਤੇ ਜ਼ੋਰ ਦਿੰਦਾ ਤਾਂ ਜੋ ਇਹ ਇਨਸਾਨਾਂ ਅਤੇ ਪੰਛੀਆਂ ਦੇ ਕੰਮ ਆ ਸਕਣ। ਉਨ੍ਹਾਂ ਦੁਆਰਾ ਲਗਾਏ ਬੂਟੇ ਵੀ ਉਨ੍ਹਾਂ ਦੀ ਸਦਾ ਯਾਦ ਦਿਵਾਉਂਦੇ ਰਹਿਣਗੇ।

ਰਘਬੀਰ ਸਿੰਘ ਤੂਰ ਦਾ ਕੈਬਿਨ ਇੱਕ ਅਜਿਹੀ ਥਾਂ ਸੀ, ਜਿੱਥੋਂ ਸ਼ਾਇਦ ਹੀ ਕੋਈ ਨਿਰਾਸ਼ ਮੁੜਦਾ ਸੀ। ਕੋਈ ਉਸ ਕੋਲ ਮਦਦ ਦੀ ਆਸ ਨਾਲ ਆਉਂਦਾ ਤਾਂ ਉਸਨੂੰ ਬੇਆਸ ਨਹੀਂ ਮੁੜਨਾ ਪੈਂਦਾ। ਵਾਹ ਲਗਦੀ ਉਹ ਲੋੜਵੰਦ ਦੀ ਮਦਦ ਕਰਦਾ ਸੀ। ਅਜਿਹਾ ਉਹ ਕਿਸੇ ਮਜਬੂਰੀਵਸ ਨਹੀਂ ਕਰਦਾ ਸਗੋਂ ਲੋਕਾਂ ਦੇ ਕੰਮ ਆਉਣ ਦਾ ਉਸਨੂੰ ਜਨੂੰਨ ਸੀ । ਉਸਨੂੰ ਆਮ ਲੋਕਾਂ ਨਾਲ ਸੱਚੀ ਹਮਦਰਦੀ ਸੀ। ਦਿਨ ਦੇ ਸਮੇਂ ਤਾਂ ਕੀ. ਕੋਈ ਉਸਨੂੰ ਅੱਧੀ ਰਾਤ ਨੂੰ ਵੀ ਮਦਦ ਲਈ ਆਵਾਜ਼ ਮਾਰੇ ਤਾਂ ਉਹ ਉੱਠ ਕੇ ਤੁਰਨ ਦਾ ਜਜ਼ਬਾ ਰੱਖਦਾ ਸੀ। ਹੱਕ, ਸੱਚ ਤੇ ਇਨਸਾਫ ਲਈ ਉਹ ਕਈ ਵਾਰ ਸੱਤਾਧਾਰੀ ਤੇ ਸ਼ਕਤੀਸ਼ਾਲੀ ਲੋਕਾਂ ਖਿਲਾਫ਼ ਵੀ ਡਟ ਜਾਂਦਾ । ਕਈ ਵਾਰ ਲੋਕਾਂ ਦੀ ਕੀਤੀ ਮਦਦ ਕਾਰਨ ਉਸਨੂੰ ਕੌੜਾ ਤਜ਼ਰਬਾ ਵੀ ਹੁੰਦਾ ਰਿਹਾ ਪਰ ਉਹ ਮਰਦ ਦਮ ਤੱਕ ਆਪਣੇ ਅਸੂਲਾਂ ਤੇ ਡਟਿਆ ਰਿਹਾ। ਕਚਹਿਰੀਆਂ ਵਿੱਚੋਂ ਉਹ ਹਰ ਸ਼ਾਮ ਪਿਆਰ ਦੀ ਦੌਲਤ ਲੁਟਾ ਕੇ ਤੇ ਲੋੜਵੰਦਾਂ ਦੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਦੀ ਦੌਲਤ ਨਾਲ ਭਰਿਆ ਹੋਇਆ ਘਰ ਪਰਤਦਾ।

ਉਸਦੀ ਇਸ ਤਰ੍ਹਾਂ ਦੀ ਪਹੁੰਚ ਪਿੱਛੇ ਜਿੱਥੇ ਘਰ ਤੋਂ ਮਿਲੇ ਸੰਸਕਾਰਾਂ ਦਾ ਵੱਡਾ ਹੱਥ ਹੈ, ਉੱਥੇ ਭਾਰਤੀ ਕਾਨੂੰਨ ਮੰਤਰਾਲੇ ਵਿੱਚ ਬਤੌਰ ਡਿਪਟੀ ਸੈਕਟਰੀ ਸੇਵਾਵਾਂ ਨਿਭਾ ਰਹੇ ਨਜ਼ਦੀਕੀ ਰਿਸ਼ਤੇਦਾਰ ਡਾ. ਸੰਤੋਖ ਸਿੰਘ ਦੀ ਇਮਾਨਦਾਰਾਨਾ ਪਹੁੰਚ ਨੇ ਵੀ ਤੂਰ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸਨੇ ਹੀ ਸਿਖਇਆ ਸੀ ਕਿ ਕਿਵੇਂ ਇਮਾਨਦਾਰੀ ਨਾਲ ਕੰਮ ਕਰਦਿਆਂ ਆਪਣਾ ਸਿਰ ਸ਼ਾਨ ਨਾਲ ਉੱਚਾ ਰੱਖੀਦਾ ਹੈ। ਅਜਿਹੇ ਸ਼ਖਸ ਵਿਰਲੇ ਹੀ ਹੁੰਦੇ ਹਨ ਜੋ ਹਨ੍ਹੇਰੀਆਂ ਵਿੱਚ ਵੀ ਦੀਵੇ ਜਗਾਉਣ ਦੀ ਸਮਰਥਾ ਰਖਦੇ ਹਨ। ਅਫ਼ਸੋਸ ਨੇ ਕੁਦਰਤ ਦੀ ਹਨ੍ਹੇਰੀ ਨੇ ਇਹ ਦੀਪ ਬੁਝਾ ਦਿੱਤਾ। ਇਸ ਮਹਾਨ ਖੂਨਦਾਨੀ ਦੀ ਖੂਨ ਦੀ ਬਿਮਾਰੀ ਨੇ ਜਗਰਾਉਂ ਇਲਾਕੇ ਦਾ ਹੀਰਾ ਸਦਾ ਲਈ ਖੋਹ ਲਿਆ। ਆਖਰੀ ਸਮੇਂ ਉਹ ਬਿਮਾਰੀ ਨਾਲ ਵੀ ਯੋਧਿਆਂ ਵਾਂਗ ਲੜਿਆ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਿਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਪਰ ਮੌਤ ਦੇ ਪਲਾਂ ਹੇਠ ਵੀ ਲਗਾਤਾਰ ਸੱਤ ਸਾਲ ਜਿੰਦਾਦਿਲੀ ਨਾਲ ਜਿਉਣਾ ਵੀ ਰਘਬੀਰ ਸਿੰਘ ਤੂਰ ਦੇ ਹਿੱਸੇ ਹੀ ਆਇਆ ਹੈ। 02 ਅਪ੍ਰੈਲ 2024 ਨੂੰ ਰਘਬੀਰ ਸਿੰਘ ਤੂਰ ਇਸ ਫ਼ਾਨੀ ਦੁਨੀਆਂ ਨੂੰ ਤਿਆਗ ਕੇ ਉਸ ਦੁਨੀਆਂ ਵਿੱਚ ਚਲਾ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਰਘਬੀਰ ਸਿੰਘ ਤੂਰ ਅਜਿਹਾ ਕਰਮਯੋਗੀ ਸੀ ਜੋ ਅਜੋਕੇ ਪਦਾਰਥਵਾਦੀ ਯੁਗ ਵਿੱਚ ਧਰੂ ਤਾਰੇ ਵਾਂਗ ਸੇਧ ਦਿੰਦਾ ਰਹੇਗਾ। ਅੱਜ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਇਲਾਕੇ ਦੀਆਂ ਸਾਰੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਸੇਵੀ ਸਖਸੀਅਤਾਂ ਹਾਜ਼ਰ ਹੋਣਗੀਆਂ।

–ਐਡਵੋਕੇਟ ਸੰਦੀਪ ਗੁਪਤਾ

LEAVE A REPLY

Please enter your comment!
Please enter your name here