ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਬਾਰੇ ਦਿੱਤੀ ਜਾਣਕਾਰੀ ਚੰਡੀਗੜ੍ਹ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਪੰਜਾਬ ਵਿਜੀਲੈਂਸ ਬਿਊਰੋ ਦਰਜਨ ਤੋਂ ਵੱਧ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਤੇ ਸਾਬਕਾ ਆਈਏਐੱਸ ਅਧਿਕਾਰੀਆਂ ਦੀ ਜਾਇਦਾਦ ਦੀ ਜਾਂਚ ਕਰ ਰਹੀ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਇਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਸਬੰਧੀ ਕੰਮ ਅੰਤਮ ਪੜਾਅ ’ਤੇ ਹੈ, ਜਲਦੀ ਅਗਲੀ ਕਾਰਵਾਈ ਕੀਤੀ ਜਾਣੀ ਹੈ। ਇਸੇ ਦੌਰਾਨ ਵਿਜੀਲੈਂਸ ਇਕ ਸਾਬਕਾ ਡੀਜੀਪੀ ਵਿਰੁੱਧ ਵੀ ਜਾਂਚ ਦੀ ਤਿਆਰੀ ਵਿਚ ਸੀ ਪਰ ਉਨ੍ਹਾਂ ਨੂੁੰ ਇਸ ਦੀ ਭਿਣਕ ਲੱਗੀ ਤਾਂ ਉਨ੍ਹਾਂ ਸਾਰੀ ਜਾਇਦਾਦ ਵੇਚ ਦਿੱਤੀ ਤੇ ਵਿਦੇਸ਼ ਵਿਚ ਵੱਸ ਗਏ। ਇਹ ਉਹੀ ਸਾਬਕਾ ਡੀਜੀਪੀ ਹੈ ਜੋ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਦੌੜ ਵਿਚ ਅੱਗੇ ਸਨ।
ਹੁਣ ਵਿਦੇਸ਼ ਵਿਚ ਰਹਿੰਦੇ ਇਹ ਸਾਬਕਾ ਡੀਜੀਪੀ ਕਾਂਗਰਸ ਸਰਕਾਰ ਵਿਚ ਕਈ ਮੰਤਰੀਆਂ, ਵਿਧਾਇਕਾਂ ਤੇ ਅਧਿਕਾਰੀਆਂ ਦੇ ਚਹੇਤੇ ਹੁੰਦੇ ਸਨ। ਪਿਛਲੀ ਸਰਕਾਰ ਨੇ ਉਨ੍ਹਾਂ ਨੂੰ ਕਈ ਅਹਿਮ ਅਹੁਦਿਆਂ ’ਤੇ ਲਾਇਆ ਸੀ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਵਿਚ ਕੁਝ ਪੁਰਾਣੇ ਕਾਂਗਰਸੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਇਆ ਸੀ। ਹੁਣ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਣੀ ਹੈ। ਸੂਤਰਾਂ ਮੁਤਾਬਕ ਸਿੰਚਾਈ ਘੁਟਾਲੇ ਵਿਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ, ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਆਈਏਐੱਸ ਅਧਿਕਾਰੀ ਕਾਨ੍ਹ ਸਿੰਘ ਪੰਨੂ ਤੇ ਕੇਬੀਐੱਸ ਸਿੱਧੂ ਵੱਲੋਂ ਜਾਇਦਾਦ ਦਾ ਜੋ ਵੇਰਵਾ ਦਿੱਤਾ ਗਿਆ ਹੈ, ਦੀ ਜਾਂਚ ਦਾ ਕੰਮ ਆਖ਼ਰੀ ਗੇੜ ਵਿਚ ਹੈ। ਕਾਬਿਲੇ ਜ਼ਿਕਰ ਹੈ ਕਿ ਲੰਘੇ ਹਫ਼ਤੇ ਸਭ ਨੂੰ ਵਿਜੀਲੈਂਸ ਨੇ ਜਾਇਦਾਦ ਦੇ ਵੇਰਵੇ ਦੱਸਣ ਲਈ ਸੱਦਿਆ ਸੀ।ਓਧਰ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਵਿਜੇਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਬਰਿਮੰਦਰਮੀਤ ਸਿੰਘ ਪਾਹੜਾ ਤੇ ਮਦਦ ਨਾਲ ਜਲਾਲਪੁਰ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਆਮਦਨ ਤੋਂ ਵੱਧ ਜਾਇਦਾਦਾਂ ਬਣਾਉਣ ਦੀ ਜਾਂਚ ਵਿਜੀਲੈਂਸ ਕਰ ਰਹੀ ਹੈ। ਜਾਇਦਾਦਾਂ ਦੀ ਪੈਮਾਇਸ਼ ਪਿੱਛੋਂ ਅਗਲੀ ਕਾਰਵਾਈ ਜਾਰੀ ਹੈ।