ਮਾਮਲਾ – ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਕੰਟਰੈਕਟ ਬੇਸ ਤੇ ਕਰਨ ਲਈ ਨਿਯੁਕਤੀ ਪੱਤਰ ਜਾਰੀ ਕਰਨ ਦਾ
ਜਗਰਾਓਂ, 12 ਅਕਤੂਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਸਥਾਨਕ ਸਰਕਾਰ ਵਿਭਾਗ ਵਲੋਂ ਬੀਤੇ ਦਿਨੀਂ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਕੰਟਰੈਕਟ ਬੇਸ ਤੇ ਕਰਨ ਲਈ ਨਿਯੁਕਤੀ ਪੱਤਰ ਜਾਰੀ ਕਰਨ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਬਰਨ ਬੰਦੀ ਬਣਾ ਕੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੇ ਦੋਸ਼ਾਂ ਅਧੀਨ ਕਾਰਨ ਦੱਸੋ ਨੋਟਿਸ ਜਾਰੀ ਕਰਕੇ 21 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ। ਜਵਾਬ ਨਾ ਦੇਣ ਦੀ ਸੂਰਤ ਵਿਚ ਅਹੁਦੇ ਤੋਂ ਬਰਖਾਸਤ ਕਰ ਦੇਣ ਦੀ ਚੇਤਾਵਨੀ ਤੱਕ ਦਿਤੀ ਗਈ ਹੈ। ਭੇਜੇ ਗਏ ਕਾਰਨ ਦੱਸੋ ਨੋਟਿਸ ਵਿਚ ਕਿਹਾ ਗਿਆ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.), ਲੁਧਿਆਣਾ ਵੱਲੋਂ ਆਪਣੇ ਪੱਤਰ ਰਾਹੀਂ ਸਰਕਾਰ ਦੇ ਧਿਆਣ ਵਿਚ ਲਿਆਦਾ ਹੈ ਕਿ ਨਗਰ ਕੌਂਸਲ ਜਗਰਾਉਂ ਵਿਖੇ ਮਿਤੀ 11.09.2023 ਨੂੰ ਸ਼ਾਮ 5 ਵਜੇ ਤੋ ਬਾਅਦ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਕੰਟਰੈਕਟ ਬੇਸ ਤੇ ਨਿਯੁਕਤੀ ਪੱਤਰ ਜਾਰੀ ਕਰਨ ਸਬੰਧੀ ਮੀਡੀਆ ਦੁਆਰਾ ਪ੍ਰਕਾਸ਼ਿਤ ਖ਼ਬਰਾਂ ਸਬੰਧੀ ਕਾਰਜ ਸਾਧਕ ਅਫਸਰ ਨੂੰ ਸਥਿਤੀ ਸਪਸ਼ਟ ਕਰਨ ਲਈ ਰਿਪੋਰਟ ਮੰਗੀ ਗਈ ਸੀ। ਜਿਸ ਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਦੇ ਪੱਤਰ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.) ਵੱਲੋ ਰਿਪੋਰਟ ਦਿਤੀ ਗਈ। ਇਸ ਅਨੁਸਾਰ ਆਪ ਵੱਲੋਂ ਨਗਰ ਕੌਂਸਲ ਜਗਰਾਉਂ ਵਿਖੇ ਮਿਤੀ 11.09.2023 ਨੂੰ ਸ਼ਾਮ 7:30 ਵਜੇ ਤੱਕ ਨਗਰ ਕੌਂਸਲ ਜਗਰਾਉਂ ਦੇ ਸਟਾਫ ਨੂੰ ਜਬਰਨ ਰੋਕ ਨਿਯੁਕਤੀ ਪੱਤਰ ਦਿੱਤੇ ਗਏ ਹਨ। ਜਿਸ ਕਾਰਨ ਇਹ ਸਾਹਮਣੇ ਆਇਆ ਹੈ ਕਿ ਜਦੋਂ ਨਗਰ ਕੌਂਸਲ ਵਿਖੇ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਕੰਟਰੈਕਟ ਬੇਸ ਤੇ ਕਰਨ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਸਨ ਅਤੇ ਇਸ ਸਬੰਧੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਕੀਤੀ ਜਾਣੀ ਸੀ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਹੀ ਪ੍ਰੋਗਰਾਮ ਨਿਸਚਿਤ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਣਾ ਸੀ। ਸਰਕਾਰ ਵੱਲੋਂ ਨਿਯੁਕਤ ਅਹੁੱਦੇਦਾਰ ਵੱਲੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਾਣੀ ਸੀ। ਇਸ ਪ੍ਰੋਗਰਾਮ ਰੱਖਣ ਸਬੰਧੀ ਸਫਾਈ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਚੁੱਕਾ ਸੀ।
ਪਰ 11 ਸਤੰਬਰ ਨੂੰ ਸ਼ਾਮ 5.00 ਵਜੇ ਦੇ ਕਰੀਬ ਜਦੋਂ ਕਾਰਜ ਸਾਧਕ ਅਫਸਰ ਅਤੇ ਹੋਰ ਸਟਾਫ ਦਫਤਰ ਤੋਂ ਜਾਣ ਲੱਗੇ ਸਨ ਤਾਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ, ਸਫਾਈ ਯੂਨੀਅਨ ਦੇ ਮੈਂਬਰ ਅਤੇ ਪ੍ਰਧਾਨ, ਨਗਰ ਕੌਂਸਲ ਪ੍ਰਧਾਨ ਅਤੇ ਉਹਨਾਂ ਦੇ ਕੁਝ ਮੈਂਬਰਾਨ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਕੱਚੇ ਸਫਾਈ ਸੇਵਕਾਂ ਅਤੇ ਸੀਵਰਮੈਂਨਾਂ ਨੂੰ ਨਿਯੁਕਤੀ ਪੱਤਰ ਉਸੇ ਸਮੇਂ ਹੀ ਦੇਣ ਲਈ ਕਾਰਜ ਸਾਧਕ ਅਫਸਰ ਅਤੇ ਹੋਰ ਸਬੰਧਤ ਸਟਾਫ ਨੂੰ ਘੇਰ ਲਿਆ ਗਿਆ ਅਤੇ ਧਮਕਾ ਕੇ ਜੋਰ ਪਾਇਆ ਗਿਆ ਕਿ ਹੁਣੇ ਹੀ ਨਿਯੁਕਤ ਪੱਤਰ ਦਿੱਤੇ ਜਾਣਗੇ ਨਹੀਂ ਤਾਂ ਉਹ ਜਾਣ ਨਹੀ ਦਿੱਤੇ ਜਾਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਦਫਤਰ ਵਿਚੋਂ ਕਾਰਜ ਸਾਧਕ ਅਫਸਰ ਅਤੇ ਹੋਰ ਸਬੰਧਤ ਸਟਾਫ ਨੂੰ ਬਿਲਕੁਲ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਸ ਮੌਕੇ ਤੁਸੀਂ ਅਤੇ ਮੈਂਬਰਾ ਅਤੇ ਉਨ੍ਹਾਂ ਦੇ ਹੋਰ ਵਿਅਕਤੀਆਂ ਵੱਲੋਂ ਕਮਰੇ ਦਾ ਦਰਵਾਜਾ ਬੰਦ ਕਰਕੇ ਸਫਾਈ ਸੇਵਕ ਬਾਹਰ ਬਿਠਾ ਦਿੱਤੇ ਗਏ। ਉਸ ਸਮੇਂ ਤੁਹਾਨੂੰ ਬੇਨਤੀ ਵੀ ਕੀਤੀ ਗਈ ਕਿ ਇਸ ਕੰਮ ਲਈ ਪਹਿਲਾਂ ਹੀ ਤਹਿ ਹੋ ਚੁੱਕਾ ਹੈ ਕਿ ਇਸ ਸਬੰਧੀ ਪ੍ਰੋਗਰਾਮ ਰੱਖਿਆ ਜਾਣਾ ਹੈ ਅਤੇ ਉਸ ਪ੍ਰੋਗਰਾਮ ਵਿੱਚ ਇਹ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ, ਪ੍ਰੰਤੂ ਤੁਸੀਂ ਅਤੇ ਹੋਰ ਹਾਜਰ ਮੈਂਬਰਾ ਅਤੇ ਵਿਅਕਤੀਆਂ ਵੱਲੋਂ ਜਬਰਨ ਉਸੇ ਸਮੇਂ ਹੀ ਨਿਯੁਕਤੀ ਪੱਤਰ ਦੇਣ ਲਈ ਦਬਾਅ ਬਣਾਇਆ ਗਿਆ। ਸਥਿਤੀ ਅਤਿ ਤਣਾਅ ਪੂਰਨ ਅਤੇ ਨਾ ਟਾਲਣ ਯੋਗ ਬਣਾ ਦਿੱਤੀ ਗਈ ਸੀ। ਉਕਤਾਂ ਵੱਲੋਂ ਕਾਰਜ ਸਾਧਕ ਅਫਸਰ ਅਤੇ ਹੋਰ ਸਬੰਧਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਲੈਣ ਤੱਕ ਡੱਕ ਕੇ ਰੱਖਿਆ ਗਿਆ ਅਤੇ ਨਿਯੁਕਤੀ ਪੱਤਰ ਲੈਣ ਉਪਰੰਤ ਹੀ ਤਕਰੀਬਨ 7:30 ਵਜੇ ਰਾਤ ਨੂੰ ਦਫਤਰ ਵਿਚੋਂ ਜਾਣ ਦਿੱਤਾ ਗਿਆ। ਇਸ ਲਈ ਕੰਮ ਕਾਰਜ ਸਾਧਕ ਅਫਸਰ, ਲੇਖਾਕਾਰ, ਸੈਨਟਰੀ ਇੰਸਪੈਕਟਰ, ਹਰੀਸ ਕਲਰਕ ਸੈਨੀਟੇਸ਼ਨ ਸ਼ਾਖਾ ਅਤੇ ਹੋਰ ਵੀ ਦਫਤਰੀ ਸਟਾਫ ਵੀ ਕਮਰੇ ਵਿੱਚ ਰੋਕ ਕੇ ਰੱਖੇ ਗਏ। ਪ੍ਰਧਾਨ, ਮੈਂਬਰਾਨ ਅਤੇ ਸਫਾਈ ਯੂਨੀਅਨ ਵੱਲੋਂ ਹੁਣੇ ਹੀ ਨਿਯੁਕਤੀ ਪੱਤਰ ਦੇਣ ਲਈ ਬਾਰ-ਬਾਰ ਜੋਰ ਦੇਣ, ਮਜਬੂਰ ਕਰਨ, ਹੋਰ ਕੋਈ ਚਾਰਾ ਨਾ ਹੋਣ ਅਤੇ ਨਿਯੁਕਤੀ ਪੱਤਰਾਂ ਤੋਂ ਬਿਨ੍ਹਾਂ ਨਾ ਜਾਣ ਦੇਣ ਕਾਰਨ ਮਜਬੂਰਨ ਮੌਕੇ ਤੇ ਹੀ ਨਿਯੁਕਤੀ ਪੱਤਰ ਉਹਨਾਂ ਵੱਲੋਂ ਆਪਣੇ ਆਪ ਹੀ ਲੈ ਕੇ ਵੰਡ ਲਏ ਗਏ।
ਅਜਿਹਾ ਕਰਨ ਨਾਲ ਸਰਕਾਰ ਦੀਆਂ ਹਦਾਇਤਾਂ ਨਿਯਮਾਂ ਅਤੇ ਪ੍ਰੋਟੋਕਲ ਦੀ ਉਲੰਘਣਾ ਹੋਈ ਹੈ ਅਤੇ ਸਰਕਾਰ ਤੰਤਰ ਵਿਚ ਪੋਚੀਦਗੀ ਅਤੇ ਆਵਿਸਵਾਸ ਦੀ ਸਥਿਤੀ ਵੀ ਪੈਦਾ ਹੋਈ ਹੈ। ਉਕਤ ਘਟਨਾਕ੍ਰਮ ਸਬੰਧੀ ਮੀਡੀਆ ਵੱਲੋਂ ਜੋ ਖਬਰਾਂ ਛਾਪੀਆਂ ਗਈਆਂ ਹਨ ਉਹਨਾਂ ਤੋਂ ਇਸ਼ਾਰਾ ਮਿਲਦਾ ਹੈ ਕਿ ਉਸ ਸਮੇਂ ਕੀ ਅਤੇ ਕਿਵੇਂ ਹੋਇਆ ਸੀ। ਇਸ ਤੋਂ ਇਲਾਵਾ ਇਹ ਸਾਰੀ ਗੈਰ ਕਾਨੂੰਨੀ ਕਾਰਵਾਈ ਆਪ ਜੀ ਦੀ ਸ਼ਹਿ ਅਤੇ ਆਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ, ਸਵਾਈ ਯੂਨੀਅਨ ਦੇ ਮੈਂਬਰ ਅਤੇ ਉਹਨਾਂ ਦੇ ਕੁਝ ਮੈਂਬਰਾ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਕੀਤੀ ਗਈ ਜਦੋਂ ਕਿ ਆਪ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਹੋਣ ਦੇ ਨਾਤੇ ਅਜਿਹੀ ਘਟਨਾਂ ਦੇ ਖਿਲਾਫ ਖੜਨਾਂ ਬਣਦਾ ਸੀ, ਪ੍ਰੰਤੂ ਆਪ ਵੱਲੋ ਖੁਦ ਹੀ ਇਹ ਸਾਰੀ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਇਹ ਵੀ ਸਰਕਾਰ ਦੇ ਧਿਆਨ ਵਿਚ ਲਿਆਦਾ ਗਿਆ ਹੈ ਕਿ ਕਾਰਜ ਸਾਧਕ ਅਫਸਰ ਵੱਲੋਂ ਇਹਨਾਂ ਨਿਯੁਕਤੀ ਪੱਤਰਾਂ ਨੂੰ ਅਕਾਊਟ ਬਰਾਂਚ ਅਤੇ ਕਾਨੂੰਨ ਅਨੁਸਾਰ ਸ਼ਰਤਾਂ ਨੂੰ ਚੈੱਕ ਕਰਵਾਉਣ ਦਾ ਮੌਕਾ ਵੀ ਨਹੀਂ ਦਿਤਾ ਗਿਆ, ਇਸ ਤਰ੍ਹਾਂ ਆਪ ਵੱਲੋਂ ਦਫਤਰ ਦੇ ਕੰਮ ਕਾਜ ਅਤੇ ਫਾਇਲ ਨੂੰ ਵੀ ਕਾਨੂੰਨ ਅਤੇ ਦਫਤਰੀ ਪ੍ਰਕ੍ਰਿਆ ਅਨੁਸਾਰ ਡੀਲ ਨਹੀਂ ਕਰਨ ਦਿਤਾ ਗਿਆ। ਉਕਤ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਵੱਲੋਂ ਪ੍ਰਧਾਨ ਨਗਰ ਕੌਂਸਲ ਜਗਰਾਉਂ ਦੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕਰਦੇ ਹੋਏ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਫਾਈ ਯੂਨੀਅਨ ਦੇ ਮੈਂਬਰ ਅਤੇ ਉਹਨਾਂ ਦੇ ਕੁਝ ਮੈਂਬਰਾ ਅਤੇ ਕੁਝ ਹੋਰ ਵਿਅਕਤੀਆਂ ਨੂੰ ਨਗਰ ਕੌਂਸਲ ਦੇ ਖਿਲਾਫ ਭੜਕਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੋਕ ਕਿ ਕੰਟਰੈਕਟ ਬੇਸ ਤੋਂ ਰੱਖੇ ਜਾਣ ਵਾਲੇ ਸਫਾਈ ਸੇਵਕਾ ਸਿਵਰਮੈਨਾਂ ਨੂੰ ਜਬਰਨ ਤੌਰ ਤੇ ਨਿਯੁਕਤੀ ਪੱਤਰ ਦਫਤਰੀ ਸਮੇਂ ਤੋਂ ਬਾਅਦ ਵਿਚ ਦਵਾਇਆ ਗਿਆ ਅਤੇ ਆਪ ਦੀ ਇਸ ਹਰਕਤ ਕਾਰਨ ਨਗਰ ਕੌਂਸਲ ਸਬੰਧੀ ਸਾਰੇ ਮੀਡੀਆਂ ਵਿਚ ਖਬਰਾਂ ਛਪੀਆਂ ਜਿਸ ਨਾਲ ਨਗਰ ਕੌਂਸਲ ਦਾ ਅਕਸ ਖਰਾਬ ਹੋਇਆ ਅਤੇ ਆਪਣੀ ਡਿਊਟੀ ਜਿੰਮਵਾਰੀ ਵਿੱਚ ਲਾਪਰਵਾਹੀ ਅਤੇ ਕੁਤਾਹੀ ਵਰਤੀ ਗਈ ਹੈ ਅਤੇ ਆਪ ਵੱਲੋਂ ਆਪਣੇ ਰਾਜਨੀਤਿਕ ਪ੍ਰਭਾਵ ਅਤੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਪ ਨੇ ਆਪਣੇ ਆਪ ਨੂੰ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਦੋਸ਼ਾਂ ਦਾ ਭਾਗੀ ਬਣਾ ਲਿਆ ਹੈ। ਇਸ ਕਾਰਣ ਦੱਸੋ ਨੋਟਿਸ ਦੇ ਨਾਲ ਨੱਥੀ ਦੋਸ਼ ਵੇਰਵੇ ਦੇ ਆਧਾਰ ਤੇ ਆਪ ਵਿਰੁੱਧ ਪੰਜਾਬ ਮਿਊਂਸਪਲ ਐਕਟ-1911 ਦੀ ਧਾਰਾ 22 ਅਧੀਨ ਕਾਰਵਾਈ ਕਰਦੇ ਹੋਏ ਨਗਰ ਕੌਸਲ, ਜਗਰਾਓਂ ਦੇ ਪ੍ਰਧਾਨਗੀ ਪੈਂਦ ਤੋਂ ਹਟਾਉਣ ਦੀ ਤਜਵੀਜ ਹੈ। ਇਸ ਲਈ ਆਪ ਨੂੰ ਇਸ ਕਾਰਣ ਦਸੋ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਤਜਵੀਜ਼ ਕੀਤੀ ਕਾਰਵਾਈ ਕਰਨ ਤੋ ਪਹਿਲਾਂ ਆਪ ਵੱਲੋਂ ਭੇਜੇ ਗਏ ਉੱਤਰ ਉਤੇ ਵਿਚਾਰ ਕੀਤਾ ਜਾਵੇਗਾ। ਅਜਿਹੀ ਪ੍ਰਤੀ ਬੇਨਤੀ/ਉਤਰ, ਜੇਕਰ ਕੋਈ ਹੋਵੇ, ਤਾਂ ਲਿਖਤੀ ਰੂਪ ਵਿੱਚ ਇਸ ਕਾਰਣ ਦੱਸੋ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 21 ਦਿਨਾਂ ਦੇ ਅੰਦਰ ਅੰਦਰ ਭੇਜਿਆ ਜਾਵੇ। ਜੇਕਰ ਜਵਾਬ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਪ੍ਰਾਪਤ ਨਾ ਹੋਇਆ, ਤਾਂ ਇਹ ਸਮਝਿਆ ਜਾਵੇਗਾ ਕਿ ਆਪ ਆਪਣੀ ਸਫਾਈ ਵਿੱਚ ਕੁੱਝ ਨਹੀਂ ਕਹਿਣਾ ਚਾਹੁੰਦੇ ਅਤੇ ਆਪ ਵਿਰੁੱਧ ਕਾਨੂੰਨ ਅਨੁਸਾਰ ਇਕ ਤਰਫਾ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਪ੍ਰਧਾਨ ਰਾਣਾ ਦਾ-
ਇਸ ਸੰਬਧੀ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਾਰਨ ਦੱਸੋ ਨੋਟਿਸ ਵਿਚ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਅਪਣਾ ਜਵਾਬ ਸੰਬੰਧਤ ਅਧਿਕਾਰੀਆਂ ਨੂੰ ਭੇਜ ਦੇਣਗੇ। ਉਨ੍ਹੰ ਵਲੋਂ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਗਿਆ ਜੋ ਨਿਯਮਾਂ ਦੇ ਉਲਟ ਹੋਵੇ।