ਦੀਵਾਲੀ ਦਾ ਤਿਉਹਾਰ ਸੰਸਾਰ ਭਰ ਵਿਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਭਾਰਤ ਦਾ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਹਿੰਦੂ ਇਸ ਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਮੁੜਨ ਦੀ ਖੁਸ਼ੀ ਵਿਚ ਮਨਾਉਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਕਵਿਲਯਾ ਦੀ ਖੁਸ਼ੀ ਵਿਚ ਇਸ ਨੂੰ ਮਨਾਉਂਦੇ ਹਨ ਅਤੇ ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿਚ ਮਨਾਉਂਦੇ ਹਨ, ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਵਾਲੇ ਲੋਕ ਵਲੋਂ ਦੀਵਿਆਂ ਅਤੇ ਮੋਬੱਤੀਆਂ ਦੀ ਰੌਸ਼ਨੀ ਕਰਕੇ ਘਰਾਂ ਨੂੰ ਰੁਸ਼ਨਾਇਆ ਜਾਂਦਾ ਹੈ ਪਰ ਅੱਜ ਕੱਲ੍ਹ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪ੍ਰਦੂਸ਼ਣ-ਰਹਿਤ ਦੀਵਾਲੀ ਮਨਾਉਣੀ ਵੀ ਸਮੇਂ ਦੀ ਵੱਡੀ ਮੰਗ ਹੈ। ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਪਟਾਕੇ ਚਲਾਉਣ ਨਾਲ ਇਨ੍ਹਾਂ ਵਿਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਉੱਥੇ ਇਹ ਕਈ ਬਿਮਾਰੀਆਂ ਦਾ ਕਾਰਨ ਵੀ ਬਣਦੀਆਂ ਹਨ। ਪਟਾਕਿਆਂ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਜਾਣਦੇ ਹੋਏ ਵੀ ਅਸੀਂ ਦੀਵਾਲੀ ਨੂੰ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦੇ ਤਿਉਹਾਰ ਵਜੋਂ ਜ਼ਿਆਦਾ ਮਨਾਉਂਦੇ ਹਾਂ ਜੋ ਕਿ ਸਾਡੇ ਸਮਾਜ ਲਈ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਦੀਵਾਲੀ ਦਾ ਤਿਉਹਾਰ ਭਾਵੇਂ ਭਗਵਾਨ ਰਾਮ ਚੰਦਰ ਜੀ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਭਗਵਾਨ ਰਾਮ ਚੰਦਰ ਜੀ ਨੇ ਆਪਣੇ ਸਮੇਂ ਵਿਚ ਇਕ ਰਾਵਣ ਰੂਪੀ ਬੁਰਾਈ ਨੂੰ ਖਤਮ ਕੀਤਾ ਸੀ ਪਰ ਅੱਜ ਸਾਡੇ ਸਾਹਮਣੇ ਅਨੇਕਾਂ ਕਿਸਮ ਦੇ ਰਾਵਣ ਮੂੰਹ ਅੱਡੀ ਖੜ੍ਹੇ ਹਨ। ਉਨ੍ਹਾਂ ਰਾਵਣਾ ਨੂੰ ਖਤਮ ਕਰਨ ਦੀ ਬਜਾਏ ਅਸੀਂ ਖੁਦ ਪਾਲ ਰਹੇ ਹਾਂ। ਦੀਵਾਲੀ ਦਾ ਤਿਉਹਾਰ ਮਨਾਉਣ ਲਈ ਦੇਸ਼ ਵਿਚ ਖਰਬਾਂ ਰੁਪਏ ਦਾ ਬਰੂਦ ਪਟਾਖਿਆਂ ਦੇ ਰੂਪ ਵਿਚ ਫੂਕ ਦਿੰਦੇ ਹਾਂ। ਉਸ ਬਾਰੂਦ ਦੇ ਧੂੰਏ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲੋਂ ਕਈ ਗੁਣਾ ਵਧੇੇਰੇ ਮਾਰੂ ਇਹ ਸਮਾਜਕ ਬੁਰਾਈਆਂ ਨਾਲ ਫੈਲਣ ਵਾਲਾ ਪ੍ਰਦੂਸ਼ਣ ਵਧੇਰੇ ਖਤਰਨਾਕ ਹੈ ਅਤੇ ਇਸਨੂੰ ਫੈਲਾਉਣ ਵਾਲੇ ਲੋਕ ਰਾਵਣ ਰੂਪੀ ਆਤਮਾ ਦੇ ਵਾਸੇ ਵਿਚ ਹਨ। ਇਸ ਲਈ ਇਨ੍ਹਾਂ ਰਾਵਣਾ ਨੂੰ ਮਾਰਨ ਲਈ ਜਿੰਨਾਂ ਸਮਾਂ ਅਸੀਂ ਅੱਗੇ ਨਹੀਂ ਆਵਾਂਗੇ ਉਨ੍ਹਾਂ ਸਮਾਂ ਭਗਵਾਨ ਰਾਮ ਚੰਦਰ ਜੀ ਦੇ ਪੂਰਨਿਆਂ ਵਾਲੇ ਪਾਸੇ ਇਕ ਵੀ ਕਦਮ ਨਹੀਂ ਵਧਾ ਸਕਾਂਗੇ। ਜਿੰਨਾਂ ਸਮਾਂ ਅਸੀਂ ਆਦਰਸ਼ ਰੂਪੀ ਭਗਵਾਨ ਰਾਮ ਚੰਦਰ ਜੀ ਦੇ ਪੂਰਨਿਆਂ ਵੱਲ ਕਦਮ ਨਹੀਂ ਵਧਾਉਂਦੇ ਉਨ੍ਹਾਂ ਸਮਾਂ ਦੀਵਾਲੀ ਵਾਲੇ ਦਿਨ ਸਿਰਫ ਦੀਪਮਾਲਾ ਕਰਕੇ ਖੁਸ਼ੀ ਦਾ ਇਜ਼ਹਾਰ ਕਰਨਾ ਮਹਿਜ਼ ਇਕ ਦਿਖਾਵਾ ਹੀ ਹੈ। ਸਹੀ ਅਰਥਾਂ ਵਿਚ ਦੀਪਮਾਲਾ ਉਸ ਦਿਨ ਹੋਵੇਗੀ ਜਦੋਂ ਅਸੀਂ ਦਿਲਾਂ ਵਿਚੋਂ ਨਫਰਤ ਦਾ ਹਨੇਰਾ ਦੂਰ ਕਰਕੇ ਪਿਆਰ ਦੇ ਦੀਵੇ ਬਾਲ ਕੇ ਆਪਣੇ ਮਨਾ ਅੰਦਰ ਸਤਿਕਾਰ ਦੀ ਰੌਸ਼ਨੀ ਕਰ ਸਕਗੇ। ਇਸ ਲਈ ਆਓ ! ਅੱਜ ਪ੍ਰਣ ਕਰੀਏ ਕਿ ਸਾਡੇ ਸਮਾਜ ਅੰਦਰ ਉਪੋਰਕਤ ਬੁਰਾਈਆਂ ਰੂਪੀ ਰਾਵਣਾ ਨੂੰ ਨੰਗੇ ਕਰਕੇ ਸਮਾਜ ਵਿਚ ਆਪਣਾ ਫਰਜ਼ ਅਦਾ ਕਰਦੇ ਹੋਏ ਭਗਵਾਨ ਰਾਮ ਚੰਦਰ ਜੀ ਦੇ ਆਦਰਸ਼ਾਂ ਵੱਲ ਨੂੰ ਇਕ-ਇਕ ਕਦਮ ਵਧਾਉਂਦੇ ਹੋਏ ਸਹੀ ਅਰਥਾਂ ਵਿਚ ਦੀਵਾਲੀ ਦਾ ਤਿਉਹਾਰ ਮਨਾਵਾਂਗੇ।
ਹਰਵਿੰਦਰ ਸਿੰਘ ਸੱਗੂ।