ਲੁਧਿਆਣਾ 16 ਨਵੰਬਰ( ਵਿਕਾਸ ਮਠਾੜੂ) -ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਦੇਸ਼ ਦੀ ਆਜ਼ਾਦੀ ਮਗਰੋਂ ਪਹਿਲੀ ਵਾਰ 16 ਨਵੰਬਰ 1915 ਗਦਰ ਪਾਰਟੀ ਦੇ ਇਨਕਲਾਬੀਆਂ ਤੇ ਚੱਲੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸਾਥੀਆਂ ਜਿੰਨ੍ਹਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਤਖ਼ਤੇ ਤੇ ਚੜ੍ਹਾਇਆ ਗਿਆ ਸੀ, ਉਨ੍ਹਾਂ ਨੂੰ ਪਹਿਲੀ ਵਾਰ ਇਕੱਠਿਆਂ ਯਾਦ ਕੀਤਾ ਹੈ।ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਬੁੱਤ ਕੋਲ ਖਲੋਤਿਆਂ ਪ੍ਰੋ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ 2012 ਵਿੱਚ ਗਦਰ ਮੈਮੋਰੀਅਲ ਵਿੱਡ ਸਟਰੀਟ ਸਾਨਫਰਾਂਸਿਸਕੋ ਵਿਖੇ ਗਦਰ ਪਾਰਟੀ ਬਾਰੇ ਸੈਮੀਨਾਰ ਵਿੱਚ ਪ੍ਰਣ ਕੀਤਾ ਸੀ ਕਿ ਉਹ ਪੰਜਾਬ ਸਰਕਾਰ ਨੂੰ ਬਾਰ ਬਾਰ ਇਨ੍ਹਾਂ ਸ਼ਹੀਦਾਂ ਨੂੰ ਇਕੱਠਿਆਂ ਚੇਤੇ ਕਰਨ ਲਈ ਚਿੱਠੀ ਪੱਤਰ ਕਰਨਗੇ। ਉਨ੍ਹਾਂ ਕਿਹਾ ਕਿ ਕਿ ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਬਾਦ ਪਹਿਲੀ ਵਾਰ ਭਗਵੰਤ ਸਿੰਘ ਮਾਨ ਨੇ ਹੀ ਇਸ ਗੱਲ ਨੂੰ ਗੌਲਿਆ ਹੈ। ਬਾਕੀ ਪਿਛਲੇ ਮੁੱਖ ਮੰਤਰੀਆਂ ਨੇ ਤਾਂ ਚਿੱਠੀਆਂ ਦਾ ਉੱਤਰ ਦੇਣਾ ਵੀ ਕਦੇ ਠੀਕ ਨਹੀਂ ਸੀ ਸਮਝਿਆ।
ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਸਰਾਭਾ (ਲੁਧਿਆਣਾ),ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ (ਤਰਨ ਤਾਰਨ),ਸ਼ਹੀਦ ਬਖਸ਼ੀਸ਼ ਸਿੰਘ,ਸ਼ਹੀਦ ਸੁਰਾਇਣ ਸਿੰਘ (ਵੱਡਾ)
ਸ਼ਹੀਦ ਸੁਰਾਇਣ ਸਿੰਘ (ਛੋਟਾ)
,ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਪਿੰਡ ਭੱਟੀ ਗੁਰਾਇਆ)ਤੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਊਂ (ਪੂਨਾ) ਮਹਾਂਰਾਸ਼ਟਰਾ ਨੂੰ ਸਰਕਾਰੀ ਪੋਸਟਰ ਦਾ ਹਿੱਸਾ ਬਣਾਉਣਾ ਵੀ ਸ਼ਹੀਦਾਂ ਦੇ ਸਤਿਕਾਰ ਵਿੱਚ ਸਿਰ ਝੁਕਾਉਣ ਵਾਂਗ ਹੈ। ਪ੍ਰੋ ਗਿੱਲ ਨੇ ਬੇਨਤੀ ਕੀਤੀ ਹੈ ਕਿ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਫਾਂਸੀ ਚੜ੍ਹੇ ਇਨ੍ਹਾ ਸੱਤ ਸੂਰਮਿਆਂ ਦੀ ਜੀਵਨੀ ਪੰਜਾਬ ਦੇ ਸਕੂਲ ਸਿਲੇਬਸ ਵਿੱਚ ਸ਼ਾਮਿਲ ਕੀਤੀ ਜਾਵੇ।
ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ, ਸਰਪ੍ਰਸਤ ਜਗਦੀਸ਼ਪਾਲ ਸਿੰਘ ਗਰੇਵਾਲ, ਪੰਜਾਬੀ ਲੇਖਕ ਬੁਟਾ ਸਿੰਘ ਚੌਹਾਨ, ਡਾ ਭੁਪਿੰਦਰ ਬੇਦੀ, ਜਗਮੇਲ ਸਿੰਘ ਸਿੱਧੂ, ਤੇਜਾ ਸਿੰਘ ਤਿਲਕ, ਡਾ ਹਰਮਿੰਦਰ ਸਿੰਘ ਸਿੱਧੂਜਲਾਲਦੀਵਾਲ, ਬੱਬਲਜੀਤ ਸਿੰਘ, ਡਾ ਬਲਜੀਤ ਸਿੰਘ ਵਿਰਕ, ਰਘਬੀਰ ਸਿੰਘ ਸ਼ਹਿਬਾਜ਼ਪੁਰਾ ਤੇ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਨੇ ਵੀ ਪੰਜਾਬ ਸਰਕਾਰ ਦਾ ਸਭ ਸ਼ਹੀਦ ਸੂਰਮਿਆਂ ਨੂੰ ਇਕੱਠੇ ਯਾਦ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।