ਨੌਜਵਾਨ ’ਤੇ ਪਹਿਲਾਂ ਵੀ ਗਾਰਡ ਦੀ ਗੰਨ ਖੋਹਣ ਮਾਮਲਾ ਹੈ ਦਰਜ
ਬਟਾਲਾ-(ਮੁਕੇਸ ਕੁਮਾਰ)ਥਾਣਾ ਕਿਲਾ ਲਾਲ ਸਿੰਘ ਅਧੀਨ ਆਉਂਦੇ ਪਿੰਡ ਮਿਰਜਾਜਾਨ (ਕੋਟ ਮਜਲਸ) ਦੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਵਿਖੇ ਸ਼ਨੀਵਾਰ ਦੁਪਹਿਰ ਵੇਲੇ ਸਕੂਲ ’ਚੋਂ ਕੱਢੇ ਇੱਕ ਵਿਦਿਆਰਥੀ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਸਕੂਲ ਦੀ ਕੰਧ ਟੱਪ ਕੇ ਸਕੂਲ ਅੰਦਰ ਦਾਖ਼ਲ ਹੋ ਕੇ ਸਕਿਓਰਿਟੀ ਗਾਰਡਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਗਨੀਮਤ ਰਹੀ ਹੈ ਕਿ ਸਕਿਓਰਿਟੀ ਗਾਰਡ ਵਾਲ-ਵਾਲ ਬਚ ਗਏ। ਗੋਲੀਆਂ ਚੱਲਣ ਨਾਲ ਸਕੂਲ ’ਚ ਹਫੜਾ-ਦਫੜੀ ਮੱਚ ਗਈ। ਛੁੱਟੀ ਦਾ ਸਮਾਂ ਹੋਣ ਕਰਕੇ ਵਿਦਿਆਰਥੀ ਘਰਾਂ ਨੂੰ ਜਾ ਰਹੇ ਸਨ ਕਿ ਗੋਲੀਆਂ ਚੱਲਣ ਲੱਗ ਪਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਿਲਾ ਲਾਲ ਸਿੰਘ ਦੇ ਐੱਸਐੱਚਓ ਹਰਮੀਕ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਇੱਕ ਪਛਾਤੇ ਅਤੇ ਦੋ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਦਿਆਰਥੀ ਨੂੰ ਸਕੂਲ ਵਿਚੋਂ ਤਕਰੀਬ ਚਾਰ ਮਹੀਨੇ ਪਹਿਲਾ ਕੱਢ ਦਿੱਤਾ ਗਿਆ ਸੀ। ਸ਼ਨੀਵਾਰ ਦੁਪਹਿਰ ਵੇਲੇ ਉਹ ਆਪਣੇ ਦੋ ਹੋਰ ਸਾਥੀਆਂ ਨਾਲ ਕੰਧ ਟੱਪ ਕੇ ਸਕੂਲ ’ਚ ਦਾਖਲ ਹੋ ਗਿਆ। ਸਕੂਲ ਦੇ ਦੋ ਸਕਿਓਰਿਟੀ ਗਾਰਡਾਂ ਸੁਖਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਕੰਧ ਟੱਪਣ ਦਾ ਕਾਰਨ ਪੁੱਛਿਆ ਗਿਆ ਤਾਂ ਅੱਗੋਂ ਉਨ੍ਹਾਂ ਸਕਿਓਰਿਟੀ ਗਾਰਡਾਂ ’ਤੇ ਗੋਲੀ ਚਲਾ ਦਿੱਤੀ ਤੇ ਦੌੜਦੇ ਹੋਏ ਵੀ ਤਿੰਨ ਗੋਲੀਆਂ ਚਲੀਆਂ। ਸਕਿਓਰਿਟੀ ਗਾਰਡਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।ਇਸ ਘਟਨਾ ਸਾਬਕਾ ਸੈਨਿਕ ਅਤੇ ਕੈਂਪ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਸੁਰੱਖਿਆ ਗਾਰਡਾਂ ਨੇ ਜਿੱਥੇ ਆਪਣੀ ਬਚਾਈਈ ਉੱਥੇ ਦਲੇਰੀ ਨਾਲ ਉਕਤ ਗੋਲੀਆਂ ਚਲਾਉਣ ਵਾਲਿਆਂ ਨੂੰ ਵੀ ਭਜਾਇਆ। ਉਹਨਾਂ ਮੰਗ ਕੀਤੀ ਕਿ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਜਾਣਕਾਰੀ ਅਨੁਸਾਰ ਗੋਲ਼ੀ ਚਲਾਉਣ ਵਾਲੇ ਵਿਦਿਆਰਥੀ ’ਤੇ ਪਹਿਲਾਂ ਵੀ ਥਾਣਾ ਘੁੰਮਣ ਕਲਾਂ ’ਚ ਇੱਕ ਸਕੂਲ ਦੇ ਸੁਰੱਖਿਆ ਗਾਰਡ ਦੀ ਗੰਨ ਖੋਹਣ ਦਾ ਮਾਮਲਾ ਦਰਜ ਹੈ।