ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਟਰਾਂਸਪੋਰਟ ਕੰਪਨੀ ( ਪੀ.ਆਰ.ਸੀ. ) ਦੀਆਂ ਬੱਸਾਂ ਨੂੰ ਦਿੱਲੀ ਅਤੇ ਅੰਬਾਲਾ ਰੂਟਾਂ ’ਤੇ ਚੱਲਣ ਸਮੇਂ ਬੱਸ ਡਰਾਈਵਰ, ਕੰਡਕਟਰ ਦੀ ਮਰਜ਼ੀ ਅਨੁਸਾਰ ਕਿਸੇ ਵੀ ਹੋਟਲ ਜਾਂ ਢਾਬੇ ’ਤੇ ਰੋਕਣ ਦੀ ਥਾਂ ’ਤੇ ਕੰਪਨੀ ਨਾਲ ਸਮਝੌਤਾ ਕਰਨ ਵਾਲੇ ਹੋਟਲਾਂ ਜਾਂ ਢਾਬਿਆਂ ਤੇ ਹੀ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੀਆਰਟੀਸੀ ਨੇ ਉਨ੍ਹਾਂ ਢਾਬਿਆਂ ਅਤੇ ਹੋਟਲਾਂ ਦੀ ਸੂਚੀ ਵੀ ਬਕਾਇਦਾ ਜਾਰੀ ਕੀਤੀ ਹੈ। ਇਸ ਸੂਚੀ ਤੋਂ ਬਾਹਰ ਪੀਆਰਟੀਸੀ ਦੀਆਂ ਬੱਸਾਂ ਨੂੰ ਹੋਰ ਢਾਬਿਆਂ ਅਤੇ ਹੋਟਲਾਂ ਵਿੱਚ ਰੋਕਣ ਲਈ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ। ਇਸ ਫੈਸਲੇ ਨਾਲ ਪੀਆਰਟੀਸੀ ਨੂੰ 4 ਤੋਂ 5 ਲੱਖ ਰੁਪਏਪ੍ਰਤੀ ਮਹੀਨਾ ਆਮਦਨੀ ਹੋਵੇਗੀ। ਜਦੋਂ ਕਿ ਹੁਣ ਤੱਕ ਇਹ ਪੈਸੇ ਡਰਾਇਵਰ ਕੰਡਤਟਕਾਂ ਦੀ ਜੇਬ ਵਿਚ ਹੀ ਸੇਵਾ ਫਲ ਵਜੋਂ ਜਾਂਦੇ ਰਹੇ ਹਨ। ਆਮ ਤੌਰ ’ਤੇ ਦਿੱਲੀ ਜਾਣ ਸਮੇਂ ਸਾਰੀਆਂ ਸਰਕਾਰੀ, ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਅਤੇ ਪ੍ਰਾਈਵੇਟ ਟੈਕਸੀਆਂ ਹਰਿਆਣਾ ਸ਼ੁਰੂ ਹੁੰਦੇ ਹੀ ਲੰਬੀ ਕਤਾਰ ਵਿਚ ਬਣੇ ਹੋਏ ਵੱਡੇ ਵੱਡੇ ਬੋਟਲਾਂ ਅਤੇ ਢਾਬਿਆਂ ਤੇ ਆਪਣੀ ਆਪਣੀ ਸੈਟਿੰਗ ਅਨੁਸਾਰ ਰੁਕਦੇ ਹਨ। ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਦੌੜ ਕਾਰਨ ਹਰਿਆਣਾ ’ਚ ਚੱਲ ਰਹੇ ਇਹ ਢਾਬੇ ਲੱਖਾਂ ਰੁਪਏ ਕਮਾ ਰਹੇ ਹਨ। ਰੋਜ਼ਾਨਾ ਪੰਜਾਬ ਤੋਂ ਜਾਣ ਵਾਲੀਆਂ ਸਰਕਾਰੀ , ਪ੍ਰਾਈਵੇਟ ਬੱਸਾਂ ਤੋਂ ਇਲਾਵਾ ਟੈਕਸੀ ਡਰਾਈਵਰਾਂ ਦਾ ਵੀ ਇਸ ਕਮਾਈ ਵਿੱਚ ਵੱਡਾ ਹਿੱਸਾ ਹੁੰਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਟੈਕਸੀ ਵਿੱਚ ਜਾਂਦੇ ਹੋ ਅਤੇ ਡਰਾਈਵਰ ਨੂੰ ਚਾਹ ਪੀਣ ਲਈ ਰੁਕਣ ਲਈ ਕਹਿੰਦੇ ਹੋ ਤਾਂ ਉਹ ਜਿਵੇਂ ਹੀ ਅੰਬਾਲਾ ਸ਼ੁਰੂ ਹੁੰਦਾ ਹੈ ਤਾਂ ਉਹ ਗੱਡੀ ਨੂੰ ਚੁਣੇ ਹੋਏ ਢਾਬੇ ਅਤੇ ਹੋਟਲਾਂ ਵਿਚ ਹੀ ਲਿਜਾ ਕੇ ਬਰੇਕ ਲਗਾਉਂਦੇ ਹਨ। ਤੁਸੀਂ ਉਸਨੂੰ ਲੱਖ ਆਖੀ ਜਾਓ ਬਈ ਕਿਸੇ ਛੇਟੇ ਢਾਬੇ ਤੇ ਰੋਕ ਲੈ ਪਰ ਉਸਦੇ ਪੈਰ ਬਰੇਕ ਖਾਸ ਢਾਬਿਆਂ ਅਤੇ ਹੋਟਲਾਂ ਵਿਚ ਹੀ ਜਾ ਕੇ ਬਰੇਕ ਲਗਾਉਂਦੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਉਹ ਵੀ ਹਨ ਜੋ ਸੜਕ ਨੂੰ ਬਾਈਪਾਸ ਕਰਕੇ ਦੂਜੇ ਪਾਸੇ ਆਉਂਦੇ ਹਨ, ਪਰ ਟੈਕਸੀ ਡਰਾਈਵਰ ਕਾਰ ਨੂੰ ਬਾਈਪਾਸ ਕਰਕੇ ਉਨ੍ਹੰ ਹੀ ਢਾਬਿਆਂ ਵਿਚ ਲੈ ਕੇ ਜਾਂਦੇ ਹਨ। ਉੱਥੇ ਫਿਰ ਇਕ ਹੋਰ ਨਜਾਰਾ ਸਾਹਮਣੇ ਆਉਂਦਾ ਹੈ। ਦੇਖਣ ਵਿਚ ਆਉਂਦਾ ਹੈ ਕਿ ਡਰਾਈਵਰ ਖਾਸ ਢਾਬੇ ਜਾਂ ਹੋਟਲ ’ਤੇ ਉਤਰ ਕੇ ਸਿੱਧਾ ਇੱਕ ਪਾਸੇ ਬਣੇ ਕਮਰੇ ਲਾਗੇ ਬੈਠੇ ਹੋਟਲ ਦੇ ਮਾਲਕ ਜਾਂ ਕਰਮਚਾਰੀ ਨੂੰ ਮਿਲਦੇ ਹਨ ਅਤੇ ਉਥੋਂ ਉਸਨੂੰ ਸਵਾਰੀ ਲੈ ਕੇ ਆਉਣ ਦੀ ਫੀਸ ਵੀ ਅਦਾ ਕੀਤੀ ਜਾਂਦੀ ਹੈ ਅਤੇ ਡਰਾਇਵਰਕ ਸਾਹਿਬ ਦੀ ਖੂਬ ਸੇਵਾ ਵੀ ਹੁੰਦੀ ਹੈ। ਉਸਨੂੰ ਵੱਖਰੇ ਬਿਠਾ ਕੇ ਚਾਹ ਪਾਣੀ ਵੀ ਮੁਫ੍ਰਤ ਦਿਤਾ ਜਾਂਦਾ ਹੈ। ਜੇਕਰ ਤੁਸੀਂ ਉੱਥੇ ਚਾਹ ਪੀਣ ਜਾਂ ਕੁਝ ਖਾਣ ਲਈ ਬੈਠਦੇ ਹੋ, ਤਾਂ ਉਥੇ ਤੁਹਾਡੀ ਪੂਰੀ ਤਸੱਲੀ ਨਾਲ ਛਿਲ ਉਧੇੜੀ ਜਾਂਦੀ ਹੈ ਅਤੇ ਤੁਹਾਨੂੰ ਉਥੇ ਪਹੁੰਚਾਉਣਨ ਵਾਲੇ ਡਰਾਇਵਰ ਦੀ ਖਾਤਿਰਦਾਰੀ ਅਤੇ ਉਸਨੂੰ ਦਿਤੀ ਗਈ ਭੇਟਾ ਵੀ ਤੁਹਾਡੇ ਹੀ ਬਿਲ ਵਿਚ ਤੁਹਾਡੇ ਤੋਂ ਹੀ ਵਸੂਲੀ ਜਾਂਦੀ ਹੈ। ਇਹ ਰੁਝਾਨ ਕਈ ਦਹਾਕਿਆਂ ਤੋਂ ਚਲਿਆ ਆ ਰਿਹਾ ਹੈ। ਗੱਡੀ ਭਾਵੇਂ ਛੋਟੀ ਵੱਡੀ ਹੋਵੇ ਜਾਂ ਸਰਕਾਰੀ ਪ੍ਰਾਈਵੇਟ ਹੋਵੇ ਸਭ ਦੇ ਡਰਾਇਵਰਾਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਹੁਣ ਜੇਕਰ ਪੰਜਾਬ ਜੇਕਰ ਸਰਕਾਰ ਨੇ ਪੀਆਰਟੀਸੀ ਦੀਆਂ ਬੱਸਾਂ ਅਤੇ ਹੋਟਲਾਂ ਨਾਲ ਸਮਝੌਤਾ ਕਰਕੇ ਢਾਬੇ ਅਤੇ ਹੋਟਲਾਂ ਦੀ ਚੋਣ ਕੀਤੀ ਹੈ ਤਾਂ ਇਸਦਾ ਫਾਇਦਾ ਸਿੱਧਾ ਵਿਭਾਗ ਨੂੰ ਜਾਵੇਗਾ ਨਾ ਕਿ ਡਰਾਈਵਰਾਂ ਅਤੇ ਕੰਡਕਟਰਾਂ ਨੂੰ। ਭਾਵੇਂ ਕਿ ਸਰਕਾਰ ਪ੍ਰਾਈਵੇਟ ਬੱਸਾਂ ਅਤੇ ਟੈਕਸੀਆਂ ’ਤੇ ਅਜਿਹੀ ਕੋਈ ਪਾਬੰਦੀ ਨਹੀਂ ਲਗਾ ਸਕਦੀ ਹੈ ਪਰ ਉੱਥੇ ਹੋ ਰਹੀ ਲੁੱਟ-ਖਸੁੱਟ ਨੂੰ ਰੋਕਣ ਲਈ ਕੁਝ ਕਦਮ ਚੁੱਕੇ ਜਾਣੇ ਚਾਹੀਦੇ ਹਨ ਕਿਉਂਕਿ ਇਹ ਲੁੱਟ ਲਗਭਗ ਵਿਦੇਸ਼ ਜਾਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਕੀਤੀ ਜਾਂਦੀ ਹੈ ਜੋ ਪਹਿਲਾਂ ਹੀ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਪਣੀ ਸਾਰੀ ਪੂੰਜੀ ਖਰਚ ਕਰ ਚੁੱਕੇ ਹਨ। ਇਸ ਲਈ ਸਰਕਾਰ ਨੂੰ ਇਸ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਅਤੇ ਜਨਤਾ ਨੂੰ ਵੀ ਇਸ ਮਾਮਲੇ ਬਾਰੇ ਥੋੜ੍ਹਾ ਸੋਚਣਾ ਚਾਹੀਦਾ ਹੈ ਅਤੇ ਬੱਚੇ ਨੂੰ ਘਰੋਂ ਛੱਡਣ ਸਮੇਂ, ਰਸਤੇ ਵਿੱਚ ਖਾਣਾ ਖਾਣ ਲਈ ਆਪਣੇ ਘਰੋਂ ਹੀ ਤਿਆਰ ਕਰਕੇ ਆਪਣੇ ਨਾਲ ਲੈ ਜਾਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਪੈਸਾ ਅਤੇ ਸਿਹਤ ਦੋਵੇਂ ਸੁਰਖਿਅਤ ਰਹਿਣਗੇ।
ਹਰਵਿੰਦਰ ਸਿੰਘ ਸੱਗੂ।