ਕੈਨੇਡਾ, 27 ਨਵੰਬਰ ( ਜੋਗਿੰਦਰ ਸਿੰਘ) -ਸਿੱਖ ਧਰਮ ਦੇ ਬਾਨੀ ਅਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ‘ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਰਾਏ ਕੱਲਾ ਜੀ ਦੇ ਪਰਿਵਾਰ ਦੇ ਵਾਰਿਸ ਅਤੇ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ ਉਲਾ ਖਾਨ ਨੇ ਸਿੱਖ ਕੌਮ ਅਤੇ ਸਮੁੱਚੀ ਮਾਨਵਤਾ ਨੂੰ ਵਧਾਈ ਭੇਜੀ ਹੈ l ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਚਾਨਣ ਮੁਨਾਰਾ ਹਨ ਅਤੇ ਉਨ੍ਹਾਂ ਦੇ ਉਪਦੇਸ਼ ਮਾਨਵਤਾ ਦੀ ਭਲਾਈ ਵਾਲੇ ਹਨ l ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਨਨਕਾਣਾ ਸਾਹਿਬ ਦੀ ਧਰਤੀ ‘ਤੇ ਅਵਤਾਰ ਧਾਰ ਕੇ ਵੱਖ ਵੱਖ ਥਾਵਾਂ ‘ਤੇ ਵਿਚਰਦਿਆਂ ਮਨੁੱਖਤਾ ਨੂੰ ਉਸ ਇਕ ਪ੍ਰਮਾਤਮਾ ਨਾਲ ਜੋੜਿਆ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਸਾਡੇ ਕੋਲ ਬਾਣੀ ਰੂਪ ‘ਚ ਹਨ, ਮਨੁੱਖਤਾ ਲਈ ਹਮੇਸ਼ਾ ਰਾਹ ਦਸੇਰਾ ਬਣੀਆਂ ਰਹਿਣਗੀਆਂ l ਰਾਏ ਅਜੀਜ ਉਲਾ ਦੇ ਨਾਲ ਉਨ੍ਹਾਂ ਦੇ ਸਪੁੱਤਰ ਰਾਏ ਮੁਹੰਮਦ ਅਲੀ ਖਾਨ ਨੇ ਵੀ ਵੈਨਕੂਵਰ ਕੈਨੇਡਾ ਤੋਂ ਸਿੱਖ ਕੌਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ‘ਤੇ ਵਧਾਈ ਭੇਜੀ ਹੈ l