ਚੰਡੀਗੜ੍ਹ (ਰੋਹਿਤ ਗੋਇਲ) ਇਕ ਮਹੱਤਵਪੂਰਨ ਘਟਨਾਕ੍ਰਮ ’ਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਲਾ ਅਫ਼ਗਾਨਾ ਪਿੰਡ ਦੇ ਨਿਵਾਸੀ ਸੁਖਪਾਲ ਸਿੰਘ ਦੇ ਕਥਿਤ ਫ਼ਰਜ਼ੀ ਮੁਕਾਬਲੇ ਦਾ ਮਾਮਲੇ ’ਚ ਪੰਜਾਬ ਪੁਲਿਸ ਨੇ ਘਟਨਾ ਸਬੰਧੀ ਪੰਜਾਬ ਦੇ ਸੀਨੀਅਰ ਆਈਪੀਐੱਸ ਪਰਮਰਾਜ ਸਿੰਘ ਉਮਰਾਨੰਗਲ ਤੇ ਦੋ ਹੋਰਨਾਂ ਪੁਲਿਸ ਅਧਿਕਾਰੀਆਂ ’ਤੇ ਮਾਮਲਾ ਦਰਜ ਕੀਤਾ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਹਾਈ ਕੋਰਟ ’ਚ ਦਾਇਰ ਇਕ ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਉਸ ਮਾਮਲੇ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਮਾਮਲੇ ’ਚ ਉਕਤ ਪੁਲਿਸ ਮੁਕਾਬਲਾ ਫ਼ਰਜ਼ੀ ਸੀ ਤੇ ਗ਼ਲਤ ਤੱਥਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਗਈ ਸੀ। ਐੱਸਆਈਟੀ ਨੇ ਕਾਨੂੰਨੀ ਰਾਇ ਲੈਣ ਪਿੱਛੋੋਂ 21 ਅਕਤੂਬਰ ਨੂੰ ਸਿੰਘ ਭਗਵੰਤਪੁਰਾ (ਰੋਪੜ) ਥਾਣੇ ’ਚ ਭਾਰਤੀ ਦੰਡਾਵਲੀ ਦੀ ਧਾਰਾ 166ਏ, 167, 193, 195, 196, 200, 201, 203, 211, 218, 221, 420, 120ਬੀ ਤਹਿਤ ਨਵਾਂ ਮਾਮਲਾ ਐੱਫਆਈਆਰ ਨੰਬਰ 76 ਤਹਿਤ ਦਰਜ ਕੀਤਾ ਗਿਆ ਹੈ।
ਇਸ ਵਿਚ ਪਰਮਰਾਜ ਸਿੰਘ ਉਮਰਾਨੰਗਲ, ਤੱਤਕਾਲੀ ਐੱਸਪੀ (ਡੀ) ਰੋਪੜ ਵਿਰੁੱਧ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਚ ਜਸਪਾਲ ਸਿੰਘ, ਤੱਤਕਾਲੀ ਡੀਐੱਸਪੀ ਮੋਰਿੰਡਾ ਤੇ ਏਐੱਸਆਈ ਗੁਰਦੇਵ ਸਿੰਘ, ਤੱਤਕਾਲੀ ਪੁਲਿਸ ਚੌਕੀ ਲੁਥੇਰੀ (ਹੁਣ ਸਵਰਗੀ) ਸ਼ਾਮਲ ਹਨ। ਮਾਮਲੇ ਦੀ ਜਾਂਚ ਫ਼ਿਲਹਾਲ ਐੱਸਪੀ ਹੈੱਡਕੁਆਰਟਰ ਰੋਪੜ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਖ਼ਿਲਾਫ਼ ਮੁੱਖ ਰੂਪ ’ਚ ਦੋਸ਼ ਫ਼ਰਜ਼ੀ ਸਬੂਤ ਘੜਨ ਦੇ ਹਨ।ਇਸ ਮਾਮਲੇ ’ਚ ਇਕ ਰਿਪੋਰਟ ਸ਼ੁੱਕਰਵਾਰ ਨੂੰ ਵਿਸ਼ੇਸ਼ ਡੀਜੀਪੀ ਤੇ ਇਕ ਮਾਮਲੇ ਦੀ ਜਾਂਚ ਕਰ ਰਹੇ ਐੱਸਆਈਟੀ ਮੁਖੀ ਗੁਰਪ੍ਰੀਤ ਦਿਓ ਵੱਲੋਂ ਹਾਈ ਕੋਰਟ ’ਚ ਦਾਇਰ ਕੀਤੀ ਗਈ। ਐੱਸਆਈਟੀ ਨੇ ਮਾਮਲੇ ਦੀ ਫਾਈਨਲ ਸਟੇਟਸ ਰਿਪੋਰਟ ਵੀ ਸੀਲਬੰਦ ਲਿਫ਼ਾਫ਼ੇ ’ਚ ਸੌਂਪੀ ਹੈ। ਇਸ ਮਾਮਲੇ ’ਚ ਬਟਾਲੇ ਦੇ ਫ਼ਤਹਿਗੜ੍ਹ ਚੂੜੀਆਂ ਪੁਲਿਸ ਥਾਣੇ ’ਚ ਦਰਜ 15 ਮਾਰਚ 2016 ਦੀ ਐੱਫਆਈਆਰ ਤੇ 29 ਜੁਲਾਈ 1994 ਦੀ ਪੁਲਿਸ ਥਾਣਾ ਮੋਰਿੰਡਾ ’ਚ ਇਰਾਦਾ-ਏ-ਕਤਲ ਤੇ ਟਾਡਾ ਐਕਟ ਦੀ ਐੱਫਆਈਆਰ ਦੀ ਜਾਂਚ ਲਈ 10 ਮਾਰਚ ਨੂੰ ਹਾਈ ਕੋਰਟ ਵੱਲੋਂ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ।