ਜਗਰਾਉਂ, 13 ਦਸੰਬਰ ( ਭਗਵਾਨ ਭੰਗੂ, ਜਗਰੂਪ ਸੋਹੀ)-ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਸਥਾਨਕ ਰੇਲਵੇ ਪੁਲ ‘ਤੇ ਐਕਟਿਵਾ ਸਕੂਟੀ ‘ਤੇ ਸਵਾਰ ਹੋ ਕੇ ਘਰ ਜਾ ਰਹੇ ਦੋ ਸਕੇ ਭਰਾਵਾਂ ਦਾ ਟਰੈਕਟਰ ਟਰਾਲੀ ਨਾਲ ਮਾਮੂਲੀ ਹਾਦਸਾ ਹੋ ਗਿਆ। ਜਿਸ ਤੋਂ ਬਾਅਦ ਹੋਏ ਝਗੜੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਜਗਰਾਉਂ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਚਰਨਜੀਤ ਸਿੰਘ (40 ਸਾਲ) ਦੇ ਪਿਤਾ ਹਰਮਿੰਦਰ ਸਿੰਘ ਵਾਸੀ ਕੋਲਕਾਤਾ ਜੋ ਕਿ ਜਗਰਾਉਂ ਵਿਖੇ ਆਪਣੇ ਇਕ ਰਿਸ਼ਤੇਦਾਰ ਦੀ ਮੌਤ ‘ਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਮੁਹੱਲਾ ਸ਼ਕਤੀ ਨਗਰ ਵਿਖੇ ਆਏ ਸਨ, ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਚਰਨਜੀਤ ਸਿੰਘ ਅਤੇ ਜਤਿੰਦਰ ਸਿੰਘ ਐਕਟਿਵਾ ਸਕੂਟੀ ‘ਤੇ ਦੇਰ ਰਾਤ ਕਿਸੇ ਕੰਮ ਤੋਂ ਘਰ ਪਰਤ ਰਹੇ ਸਨ। ਜਦੋਂ ਉਹ ਰੇਲਵੇ ਪੁਲ ਤੇ ਪਹੁੰਚੇ ਤਾਂ ਓਵਰਟੇਕ ਕਰਦੇ ਸਮੇਂ ਟਰੈਕਟਰ ਟਰਾਲੀ ਨਾਲ ਉਸ ਦਾ ਮਾਮੂਲੀ ਹਾਦਸਾ ਹੋ ਗਿਆ। ਇਸ ਮਗਰੋਂ ਟਰੈਕਟਰ ’ਤੇ ਸਵਾਰ ਚਾਰ-ਪੰਜ ਵਿਅਕਤੀਆਂ ਵੱਲੋਂ ਉਸ ਦੇ ਦੋਵੇਂ ਪੁੱਤਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਵੱਡੇ ਪੁੱਤਰ ਚਰਨਜੀਤ ਸਿੰਘ ਦੇ ਸਿਰ ’ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਬੁਰੀ ਤਰ੍ਹਾਂ ਜਖਮੀ ਜਤਿੰਦਰ ਸਿੰਘ ਨੂੰ ਰਾਡ ਮਾਰਕੇ ਉਸ ਦੀ ਬਾਂਹ ਤੋੜ ਦਿੱਤੀ ਗਈ ਅਤੇ ਉਹ ਗੰਭੀਰ ਸੱਟਾਂ ਮਾਰੀਆਂ। ਜਦੋਂ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ ਤਾਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ-
ਇਸ ਸਬੰਧੀ ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਟਰੈਕਟਰ ’ਤੇ ਸਵਾਰ ਵਿਅਕਤੀਆਂ ਨੇ ਰਾਡ ਨਾਲ ਕੁੱਟ ਕੇ ਮਾਰ ਦਿੱਤਾ ਹੈ। ਬਾਅਦ ਵਿੱਚ ਉਹ ਸਾਰੇ ਟਰੈਕਟਰ ਟਰਾਲੀ ਸਮੇਤ ਫ਼ਰਾਰ ਹੋ ਗਏ। ਇਸ ਸਬੰਧੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਹਕੀਕਤ ਸਾਹਮਣੇ ਆਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।