ਪੰਜਾਬ ਵਿੱਚ ਸਿਆਸੀ ਸਮੀਕਰਨ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਜਿਸ ਨੂੰ ਦੇਸ਼ ਵਿੱਚ ਸਾਲ 2024 ਵਿਚ ਜਾਂ ਸ਼ਾਇਦ ਉਸਤੋਂ ਵੀ ਪਹਿਲਾਂ ਹੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਇੱਕ ਸੰਕੇਤ ਮੰਨਿਆ ਜਾ ਰਿਹਾ ਹੈ। ਭਾਜਪਾ ਵਿਚ ਕਿਸੇ ਵੀ ਕੀਮਤ ਤੇ ਖੁਦ ਨੂੰ ਸਥਾਪਤ ਕਰਨਾ ਚਾਹੁੰਦੀ ਹੈ। ਪਰ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਲਈ ਸਿਆਸੀ ਜਮੀਨ ਨਜ਼ਰ ਨਹੀਂ ਆ ਰਹੀ। ਭਾਵੇਂ ਕਿ ਸਾਬਕਾ ਕਾਂਗਰਸੀ ਆਗੂ ਸੁਨੀਲ ਜਾਥੜ ਜੋ ਕਿ ਇਕ ਸਾਲ ਪਹਿਲਾਂ ਭਾਜਪਾਈ ਹੋ ਗਏ ਸਨ, ਨੂੰ ਭਾਜਪਾ ਵੱਲੋਂ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਵੀ ਭਾਜਪਾ ਦੇ ਪੱਲੇ ਕੁਝ ਪੈਂਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਮੱਦੇਨਜ਼ਰ ਹੁਣ ਭਾਜਪਾ ਨੇ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਲਈ ਹੱਥ ਵਧਾ ਦਿੱਤਾ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਗਠਜੋੜ ਲਈ ਤਿਆਰ ਹੈ ਅਤੇ ਭਾਜਪਾ ਲੀਡਰਸ਼ਿਪ ਦੀ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਸੀਟਾਂ ਦੀ ਮੰਗ ਨੂੰ ਲੈ ਕੇ ਵਿਚਾਰਾਂ ਕਰਨ ਵਿੱਚ ਲੱਗੀ ਹੋਈ ਹੈ। ਪਰ ਜੇ ਪੰਜਾਬ ਵਿੱਚ ਇਹ ਗਠਜੋੜ ਦੁਬਾਰਾ ਹੁੰਦਾ ਹੈ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਲਈ ਸਿਆਸੀ ਖੁਦਕਸ਼ੀ ਵਾਲਾ ਕਦਮ ਸਾਬਤ ਹੋਵੇਗਾ ਕਿਉਂਕਿ ਜੋ ਫੈਸਲੇ ਭਾਰਤੀ ਜਨਤਾ ਪਾਰਟੀ ਪੰਜਾਬ ਸੰਬੰਧੀ ਲੈ ਰਹੀ ਹੈ, ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ। ਇੱਥੇ ਇਹ ਸਵਾਲ ਨਹੀਂ ਹੈ ਕਿ ਪੰਜਾਬ ਵਿਚ ਕਿਸ ਪਾਰਟੀ ਗੀ ਸਰਕਾਰ ਹੈ ਬਲਕਿ ਇਹ ਫੈਸਲੇ ਜੋ ਕੇਂਦਰ ਪੰਜਾਬ ਖਿਲਾਫ ਲੈ ਰਿਹਾ ਹੈ ਉਹ ਇਥੋਂ ਦੀ ਜੰਤਾਂ ਦੇ ਖਿਲਾਫ ਹਨ। ਉਹ ਫੈਸਲੇ ਭਾਵੇਂ ਚੰਡੀਗੜ੍ਹ ਬਾਰੇ ਹੋਵੇ ਜਾਂ ਪੰਜਾਬ ਦੇ ਵੱਖ ਵੱਖ ਸਕੀਮਾਂ ਦੇ ਪੈਸੇ ਰੋਕਣ ਦੇ ਹੋਣ। ਉਸ ਸਭ ਤੇ ਪੰਜਾਬ ਦਾ ਹੱਕ ਹੈ ਅਤੇ ਉਹ ਹੱਕ ਖੋਹ ਕੇ ਕੇਂਦਰ ਸਿੱਧੇ ਪੰਜਾਬ ਦੀ ਜੰਤਾ ਨੂੰ ਨਿਰਾਸ਼ ਕਰ ਰਹੀ ਹੈ। ਜੇਕਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਉਸਦੀਆਂ ਸਕੀਮਾਂ ਦਾ ਪੈਸਾ ਨਾ ਦਿੱਤਾ ਤਾਂ ਪੰਜਾਬ ਵਿੱਚ ਵਿਕਾਸ ਅਤੇ ਲੋਕ ਭਲਾਈ ਦੀਆਂ ਸਕੀਮਾਂ ਤੇ ਬੁਰਾ ਪ੍ਰਭਾਵ ਪਏਗਾ। ਇਸੇ ਕਰਕੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਇਸ ਸਮੇਂ ਪੂਰੀ ਤਰ੍ਹਾਂ ਬੈਕਫੁੱਟ ’ਤੇ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਵਰਗੇ ਮੁੱਦਿਆਂ ’ਤੇ ਘਿਰਿਆ ਹੋਇਆ ਹੈ ਅਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਕੁਝ ਸੀਟਾਂ ਤੱਕ ਹੀ ਸੀਮਤ ਰਹਿ ਗਿਆ, ਪਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਹੈ। ਵਿਰੋਧੀ ਧਿਰ ਦੀ ਕਾਂਗਰਸ ਅਜਿਹਾ ਨਹੀਂ ਕਰ ਪਾ ਰਹੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਆਪਣੀ ਥੋੜੀ ਬਹੁਤ ਭਰੋਸੇਯੋਗਤਾ ਕਾਇਮ ਕਰਨ ਵੱਲ ਵਧ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਜੇਕਰ ਅਕਾਲੀ ਭਾਜਪਾ ਦਾ ਗਠਜੋੜ ਹੁੰਦਾ ਹੈ ਤਾਂ ਉਸ ਵਿਚ ਅਕਾਲੀ ਦਲ ਨੂੰ ਹਰ ਪਾਸੇ ਤੋਂ ਨੁਰਸਾਨ ਝੱਲਣਾ ਪਏਗਾ। ਭਾਜਪਾ ਨੂੰ ਪਹਿਲਾਂ ਨਾਲੋਂ ਵੱਧ ਸੀਟਾਂ ਛੱਡਣੀਆਂ ਪੈਣਗੀਆਂ, ਦੂਜਾ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦੀ ਮਦਦ ਨਾਲ ਸ਼ਹਿਰੀ ਖੇਤਰ ਵਿਚ ਖੁਦ ਨੂੰ ਸਥਾਪਤ ਕਰ ਸਕੇਗੀ। ਪਰ ਸ਼੍ਰੋਮਣੀ ਅਕਾਲੀ ਨੂੰ ਭਾਜਪਾ ਪੇਂਡੂ ਖੇਤਰਾਂ ਵਿੱਚ ਕੁਝ ਵੀ ਹਾਸਿਲ ਨਹੀਂ ਕਰਵਾ ਸਕੇਗੀ। ਉਲਟਾ ਭਾਜਪਾ ਨਾਲ ਮੁੜ ਗਠਦੋੜ ਹੋਣ ਤੇ ਪੇਂਡੂ ਵੋਟਰ ਜੋ ਥੋੜਾ ਬਹੁਤ ਅਕਾਲੀ ਦਲ ਨਾਲ ਹੈ ਉਹ ਵੀ ਦੂਰ ਹੋ ਜਾਏਗਾ। ਇਸ ਲਈ ਜੇਕਰ ਅਕਾਲੀ ਦਲ ਭਾਜਪਾ ਨਾਲ ਗਠਜੋੜ ਕਰਕੇ ਹਰਸਿਮਰਤ ਕੌਰ ਜਾਂ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਿੱਚ ਮੰਤਰੀ ਬਣ ਜਾਂਦੇ ਹਨ ਤਾਂ ਇਸਦਾ ਸੁਨੇਹਾ ਜੋ ਪੰਜਾਬ ਵਿੱਚ ਜਾਵੇਗਾ ਉਹ ਇਹ ਹੋਵੇਗਾ ਕਿ ਇਹ ਲੋਕ ਸੱਤਾ ਦੇ ਭੁੱਖੇ ਹਨ। ਇਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਮਜਬੂਰੀ ਵਿਚ ਉਪਰੋਂ ਹੀ ਭਾਜਪਾ ਨਾਲ ਤੋੜ ਵਿਛੋੜਾ ਕੀਤਾ ਸੀ ਪਰ ਅੰਦਰੋਂ ਇਹ ਇਕੋ ਹੀ ਹਨ। ਇਸਤੋਂ ਇਲਾਵਾ ਹੋਰ ਵੱਡਾ ਸੰਕਟ ਇਹ ਸਾਹਮਣੇ ਆਏਗਾ ਕਿ ਪੰਜਾਬ ਵਿੱਚ ਅਕਾਲੀ ਦਲ ਦੇ ਕੱਟੜ ਵਿਰੋਧੀ ਰਹੇ ਸੁਨੀਲ ਜਾਖੜ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹਨ, ਉਨ੍ਹਾਂ ਨਾਲ ਮਿਲ ਕੇ ਇਹ ਕਿਸ ਤਰ੍ਹਾਂ ਮੰਚ ਸਾਂਝਾ ਕਰਨਗੇ। ਜਨਤਾ ਦੀ ਕਚਹਿਰੀ ’ਚ ਜਾਣ ਸਮੇਂ ਕਈ ਸਵਾਲ ਖੜ੍ਹੇ ਹੋਣਗੇ, ਜਿਨ੍ਹਾਂ ਦਾ ਜਵਾਬ ਦੇਣਾ ਸ਼੍ਰੋਮਣੀ ਅਕਾਲੀ ਦਲ ਲਈ ਔਖਾ ਹੋਵੇਗਾ। ਇਸ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਦੇ ਸਹਾਰੇ ਪੰਜਾਬ ’ਚ ਮੁੜ ਤੋਂ ਆਪਣੇ ਪੈਰ ਸਥਾਪਤ ਕਰਨ ਦਾ ਸੁਪਨਾ ਤਿਆਗ ਦੇਵੇ। ਇਨ੍ਹਾਂ ਦੋਵਾਂ ਪਾਰਟੀਆਂ ਦਾ ਜੇਕਰ ਗਠਜੋੜ ਹੁੰਦਾ ਹੈ ਤਾਂ ਇਸ ਦਾ ਫਾਇਦਾ ਭਾਜਪਾ ਨੂੰ ਜ਼ਰੂਰ ਮਿਲ ਸਕਦਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਮੁੜ ਪਹਿਲਾਂ ਨਾਲੋਂ ਵੀ ਡੂੰਘੇ ਖੱਡ ਵਿਚ ਚਲਾ ਜਾਵੇਗਾ ਅਤੇ ਫਿਰ ਉਭਰਨਾ ਮੁਸ਼ਕਲ ਹੋ ਜਾਵੇਗਾ। ਇਸ ਲਈ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੀਜੇਪੀ ਨਾਲ ਗਠਜੋੜ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਇਸ ਵਾਰ ਕੇਂਦਰੀ ਮੰਤਰੀ ਬਣਨ ਨਾਲ ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਥੋੜੇ ਸਮੇਂ ਵਿਚ ਇਹ ਕੁਝ ਵੀ ਕਰ ਸਕਣਗੇ ਉਲਟਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਜਰੂਰ ਆ ਜਾਣਗੇ। ਜੋ ਕਿ ਅਕਾਲੀ ਲੀਡਰਸ਼ਿਪ ਨੂੰ ਜੰਤਾ ਦੀ ਕਚਿਹਰੀ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਪੰਜਾਬ ਦੇ ਰੋਕੇ ਗਏ ਫੰਡ ਲਿਆ ਕੇ ਦੇਣ ਲਈ ਸਵਾਲ ਕਰਨੇ ਸ਼ੁਰੂ ਕਰ ਦੇਣਗੇ। ਜਿਸਦਾ ਅਕਾਲੀ ਦਲ ਕੋਈ ਨਾ ਤਾਂ ਕੋਈ ਜਵਾਬ ਹੋਵੇਗਾ ਅਤੇ ਨਾ ਹੀ ਉਹ ਕੇਂਦਰ ਤੋਂ ਪੰਜਾਬ ਲਈ ਕੁਝ ਲਿਆ ਕੇ ਦੇਣ ਦੇ ਸਮਰੱਥ ਹੋਣਗੇ। ਅਜਿਹੀ ਸਿਥਤੀ ਵਿਚ ਉਹ ਪੰਜਾਬ ਸਰਕਾਰ ਲਈ ਚੋਣਾਂ ਵਿਚ ਵੱਡਾ ਮੁੱਦਾ ਬਣ ਜਾਣਗੇ।ਜਿਸ ਨਾਲ ਅਕਾਲੀ ਦਲ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਲਈ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਫੈਸਲਾ ਲੈਣਾ ਚਾਹੀਦਾ ਹੈ। ਪਰ ਸਿਆਸੀ ਮਾਹਿਰਾਂ ਅਨੁਸਾਰ ਜੇਕਰ ਲੋਕ ਸਭਾ ਚੋਣਾਂ ਵਿਚ ਰਹਿ ਗਏ ਥੋੜੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗਠਜੋੜ ਕਰ ਲੈਂਦਾ ਹੈ ਤਾਂ ਇਹ ਅਕਾਲੀ ਦਲ ਲਈ ਸਿਆਸੀ ਆਤਮਘਾਤੀ ਕਦਮ ਹੋਵੇਗਾ। ਜਿਸਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਨਾ ਪੈ ਸਕਦਾ ਹੈ।
ਹਰਵਿੰਦਰ ਸਿੰਘ ਸੱਗੂ।