ਮਾਲੇਰਕੋਟਲਾ, 16 ਦਸੰਬਰ ( ਬੌਬੀ ਸਹਿਜਲ, ਧਰਮਿੰਦਰ)-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੂਫ਼ੀ ਸੰਗੀਤ ਨੂੰ ਮੁੜ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਵਜੋਂ ਸਥਾਨਕ ਸਰਕਾਰੀ ਕਾਲਜ ਵਿਖੇ ਚਾਰ ਰੋਜ਼ਾ ਸੂਫ਼ੀ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਫੈਸਟੀਵਲ ਦੌਰਾਨ ਜਿੱਥੇ ਲੋਕਾਂ ਨੂੰ ਸੁਣਨ ਅਤੇ ਦੇਖਣ ਲਈ ਸੁਲਤਾਨਾ ਨੂਰਾਂ, ਕੰਵਰ ਗਰੇਵਾਲ, ਕਮਲ ਖ਼ਾਨ, ਸਰਦਾਰ ਅਲੀ, ਮਾਸਟਰ ਸਲੀਮ ਵਰਗੇ ਵੱਡੇ ਕਲਾਕਾਰ ਮੁੱਲ ਰਹੇ ਹਨ ਉਥੇ ਹੀ ਦਰਜਨ ਤੋਂ ਵਧੇਰੇ ਅਣਗੌਲੇ ਅਤੇ ਸਥਾਨਕ ਕਲਾਕਾਰਾਂ ਨੂੰ ਵੀ ਇਕ ਵੱਡਾ ਮੰਚ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮਨਸ਼ਾ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕੋਸ਼ਿਸ਼ ਕੀਤੀ ਹੈ ਕਿ ਇਸ ਫੈਸਟੀਵਲ ਦੌਰਾਨ ਵੱਧ ਤੋਂ ਵੱਧ ਬੱਚਿਆਂ ਅਤੇ ਛੁਪੇ ਹੋਏ ਕਲਾਕਾਰਾਂ ਨੂੰ ਮੂਹਰੇ ਲਿਆਂਦਾ ਜਾਵੇ। ਉਹਨਾਂ ਦੱਸਿਆ ਕਿ ਇਸ ਕੋਸ਼ਿਸ਼ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਬਹੁਤ ਸਫਲ ਵੀ ਰਿਹਾ ਹੈ। ਇਸ ਫੈਸਟੀਵਲ ਵਿੱਚ ਹੁਣ ਤੱਕ 5 ਵਿਦਿਆਰਥੀਆਂ ਅਤੇ 9 ਹੋਰ ਛੁਪੇ ਹੋਏ ਕਲਾਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਹੈ। ਆਖਰੀ ਦਿਨ ਹੋਰ ਵੀ ਕਈ ਨਵੇਂ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ।
ਦੱਸਣਯੋਗ ਹੈ ਕਿ ਇਸ ਸਮਾਗਮ ਵਿਚ ਕਾਜਲ, ਕਿਰਨਪਾਲ ਕੌਰ, ਰੱਜ਼ਾਕ ਮੁਹੰਮਦ, ਹੰਸਪਾਲ ਸਿੰਘ, ਸਹਿਬਾਜ਼ ਅਤੇ ਹੋਰ ਕਈ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਆਬਿਦ ਅਲੀ, ਪਰਵੇਜ਼ ਝਿੰਜਰ, ਅਰਹਮ ਇਕਬਾਲ, ਮੁਹੰਮਦ ਅਨੀਸ ਨੇ ਵੀ ਆਪਣੀ ਕਲਾਕਾਰੀ ਦਾ ਅਹਿਸਾਸ ਕਰਵਾਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਵੀ ਇਹਨਾਂ ਨੂੰ ਚੰਗੇ ਮੌਕੇ ਮੁੱਹਈਆ ਕਰਵਾਏ ਜਾ ਸਕਣ।