ਅੰਮ੍ਰਿਤਸਰ (ਰਾਜੇਸ ਜੈਨ-ਭਗਵਾਨ ਭੰਗੂ) ਸਦਰ ਥਾਣੇ ਅਧੀਨ ਪੈਂਦੇ ਬਟਾਲਾ ਰੋਡ ’ਤੇ ਪੰਜਾਬ ਪੁਲਿਸ (Punjab Police) ਦੇ ਇਕ ਕਾਂਸਟੇਬਲ ਨੇ ਸ਼ਰਾਬ ਦੇ ਨਸ਼ੇ ‘ਚ 6 ਦੇ ਕਰੀਬ ਦੋਪਹੀਆ ਵਾਹਨਾਂ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਦੌਰਾਨ ਲੋਕਾਂ ਨੇ ਕਾਂਸਟੇਬਲ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸ਼ਰਾਬ ਦੇ ਨਸ਼ੇ ’ਚ ਕਾਂਸਟੇਬਲ ਨੇ ਪਹਿਲਾਂ ਐਕਟਿਵਾ ਸਵਾਰ ਮਾਂ-ਧੀ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚ ਗਈ ਸੀ। ਇਹ ਮਾਮਲਾ ਹਾਲੇ ਸ਼ਾਂਤ ਹੋਇਆ ਹੀ ਸੀ ਕਿ ਕੁਝ ਸਮੇਂ ਬਾਅਦ ਬਾਂਕੇ ਬਿਹਾਰੀ ਗਲੀ ਨੇੜੇ ਕਾਂਸਟੇਬਲ ਨੇ ਚਾਰ-ਪੰਜ ਦੋਪਹੀਆ ਵਾਹਨਾਂ ਨੂੰ ਫਿਰ ਟੱਕਰ ਮਾਰ ਦਿੱਤੀ। ਇਸ ਘਟਨਾ ’ਚ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ। ਪੁਲਿਸ ਚੌਕੀ ਵਿਜੇ ਨਗਰ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਕਾਂਸਟੇਬਲ ਨੂੰ ਹਿਰਾਸਤ ’ਚ ਲੈ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਤਾਂ ਉਹ ਅਲਕੋਹਲ ਪਾਜ਼ੇਟਿਵ ਪਾਇਆ ਗਿਆ।
ਇਸ ਤੋਂ ਬਾਅਦ ਜਦੋਂ ਮਾਮਲਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਧਿਆਨ ਵਿਚ ਪੁੱਜਿਆ ਤਾਂ ਉਨ੍ਹਾਂ ਨੇ ਕਾਂਸਟੇਬਲ ਨੂੰ ਮੁਅੱਤਲ ਕਰਕੇ ਉਸ ਖ਼ਿਲਾਫ਼ ਵਿਭਾਗੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਕਾਂਸਟੇਬਲ ਇਕ ਪ੍ਰਾਈਵੇਟ ਨੌਜਵਾਨ ਨਾਲ ਗੰਨਮੈਨ ਵਜੋਂ ਤਾਇਨਾਤ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਕਰੀਬ 8 ਵਜੇ ਨੀਤੂ ਚੌਹਾਨ ਆਪਣੀ ਬੇਟੀ ਨਾਲ ਬਟਾਲਾ ਰੋਡ ਵੱਲ ਜਾ ਰਹੀ ਸੀ ਤਾਂ ਤੇਜ਼ ਰਫਤਾਰ ਸਵਿਫਟ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਕਾਰ ਨੂੰ ਕਾਂਸਟੇਬਲ ਪਰਨਮ ਸਿੰਘ ਚਲਾ ਰਿਹਾ ਸੀ, ਜੋ ਕਿ ਸ਼ਰਾਬ ਦੇ ਨਸ਼ੇ ’ਚ ਸੀ। ਔਰਤ ਨੇ ਇਸ ਦੀ ਸ਼ਿਕਾਇਤ ਵਿਜੇ ਨਗਰ ਪੁਲਸ ਚੌਕੀ ’ਚ ਕੀਤੀ ਤਾਂ ਉਥੇ ਮਾਮਲਾ ਸ਼ਾਂਤ ਹੋ ਗਿਆ। ਕੁਝ ਸਮੇਂ ਬਾਅਦ ਉਕਤ ਕਾਂਸਟੇਬਲ ਨੇ ਬਟਾਲਾ ਰੋਡ ’ਤੇ ਬਾਂਕੇ ਬਿਹਾਰੀ ਗਲੀ ਨੇੜੇ ਸਬਜ਼ੀ ਮੰਡੀ ਕੋਲ ਆਪਣੀ ਕਾਰ ਨੂੰ ਕਰੀਬ ਚਾਰ-ਪੰਜ ਮੋਟਰ ਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਗੁੱਸੇ ’ਚ ਆਏ ਲੋਕਾਂ ਨੇ ਉਥੇ ਕਾਂਸਟੇਬਲ ਨੂੰ ਫੜ ਲਿਆ ਅਤੇ ਉਸ ਖਿਲਾਫ ਕਾਰਵਾਈ ਕਰਨ ਲਈ ਕਿਹਾ। ਇਸ ਦੌਰਾਨ ਕਾਂਸਟੇਬਲ ਦੀ ਲੋਕਾਂ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ।ਚੌਕੀ ਇੰਚਾਰਜ ਸਬ ਇੰਸਪੈਕਟਰ ਜਗਬੀਰ ਸਿੰਘ ਮੌਕੇ ’ਤੇ ਪੁੱਜੇ। ਜਵਾਹਰ ਨਗਰ ਦੇ ਵਸਨੀਕ ਵਿਸ਼ਾਲ ਨੇ ਦੱਸਿਆ ਕਿ ਉਹ ਬਟਾਲਾ ਰੋਡ ’ਤੇ ਸਬਜ਼ੀ ਖਰੀਦਣ ਆਇਆ ਸੀ। ਇਸ ਦੌਰਾਨ ਕਾਂਸਟੇਬਲ ਨੇ ਉਸ ਵਿਚ ਕਾਰ ਮਾਰ ਦਿੱਤੀ। ਇਸ ਦੌਰਾਨ ਉਸ ਨੇ ਹੋਰ ਵਿਅਕਤੀਆਂ ਦੇ ਮੋਟਰਸਾਈਕਲਾਂ ਨੂੰ ਵੀ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਉਕਤ ਵਿਅਕਤੀਆਂ ਨਾਲ ਲੜਦਾ ਵੀ ਰਿਹਾ। ਇਸ ਦੌਰਾਨ ਕਰੀਬ ਇਕ ਘੰਟੇ ਤੱਕ ਘਟਨਾ ਸਥਾਨ ’ਤੇ ਹੰਗਾਮਾ ਹੋਇਆ। ਸਬ-ਇੰਸਪੈਕਟਰ ਨੇ ਕਾਂਸਟੇਬਲ ਦਾ ਮੈਡੀਕਲ ਕਰਵਾਇਆ, ਜਿਸ ਤੋਂ ਬਾਅਦ ਉਹ ਸ਼ਰਾਬ ਪਾਜ਼ੇਟਿਵ ਪਾਇਆ ਗਿਆ।ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਕਾਰਵਾਈ ਦੇ ਹੁਕਮ ਦਿੱਤੇ। ਕਾਂਸਟੇਬਲ ਦਾ ਮੈਡੀਕਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਹ ਅਲਕੋਹਲ ਪਾਜ਼ੇਟਿਵ ਆਇਆ ਅਤੇ ਪੁਲਸ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਉਸ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਜਾਂਚ ’ਚ ਜੋ ਵੀ ਤੱਥ ਸਾਹਮਣੇ ਆਉਣਗੇ, ਅਗਲੀ ਕਾਰਵਾਈ ਕੀਤੀ ਜਾਵੇਗੀ।