ਅੰਮ੍ਰਿਤਸਰ (ਬਿਊਰੋ) ਕੰਬੋ ਥਾਣੇ ਦੇ ਨੰਗਲੀ ਇਲਾਕੇ ‘ਚ ਦੋ ਦੋਸਤਾਂ ਨੇ ਆਪਣੇ ਇਕ ਨੌਜਵਾਨ ਸਾਥੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਵਿਜੇ ਨਾਂ ਦਾ ਇਹ ਨੌਜਵਾਨ ਮੁਲਜ਼ਮ ਨਾਲ ਹੀ 12ਵੀਂ ਜਮਾਤ ‘ਚ ਪੜ੍ਹਦਾ ਸੀ। ਉਸ ਦੇ ਪਿਤਾ ਦੋ ਸਾਲਾਂ ਤੋਂ ਵਿਦੇਸ਼ ਵਿਚ ਕੰਮ ਕਰ ਰਹੇ ਹਨ ਤੇ ਮਾਂ ਘਰ ਵਿਚ ਇਕੱਲੀ ਰਹਿੰਦੀ ਹੈ। ਪੁਲਿਸ ਮੁਤਾਬਕ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਸਬ ਇੰਸਪੈਕਟਰ ਸ਼ਸ਼ਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਕੰਵਲਜੀਤ ਕੌਰ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਨੰਗਲੀ ਦੀ ਸ਼ਿਕਾਇਤ ’ਤੇ ਥਾਣਾ ਕੰਬੋ ਪੁਲਿਸ ਨੇ ਬਾਬਾ ਦੀਪ ਸਿੰਘ ਕਾਲੋਨੀ ਵਾਸੀ ਬੂਆ ਸਿੰਘ ਤੇ ਹਰਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕੰਵਲਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਦੋ ਸਾਲਾਂ ਤੋਂ ਵਿਦੇਸ਼ ‘ਚ ਰਹਿ ਰਿਹਾ ਹੈ।ਉਹ ਆਪਣੇ ਦੋ ਪੁੱਤਰਾਂ ਵਿਜੇ (17) ਤੇ ਅਲੀ ਨਾਲ ਘਰ ਵਿੱਚ ਰਹਿੰਦੀ ਹੈ। ਉਸ ਦਾ ਲੜਕਾ ਵਿਜੇ 12ਵੀਂ ਜਮਾਤ ‘ਚ ਪੜ੍ਹਦਾ ਹੈ।ਮੰਗਲਵਾਰ ਦੁਪਹਿਰ ਬੂਆ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਪਣੇ ਲੜਕੇ ਵਿਜੇ ਨੂੰ ਘਰੋਂ ਬੁਲਾ ਕੇ ਆਪਣੇ ਨਾਲ ਲੈ ਗਏ।ਪੀੜਤਾ ਨੇ ਦੱਸਿਆ ਕਿ ਬੂਆ ਸਿੰਘ ਤੇ ਉਸ ਦਾ ਲੜਕਾ ਵਿਜੇ ਇੱਕੋ ਜਮਾਤ ‘ਚ ਪੜ੍ਹਦੇ ਹਨ। ਮੰਗਲਵਾਰ ਰਾਤ ਜਦੋਂ ਵਿਜੇ ਘਰ ਨਹੀਂ ਪਰਤਿਆ ਤਾਂ ਉਸ ਨੇ ਬੇਟੇ ਦੇ ਮੋਬਾਈਲ ਨੰਬਰ ‘ਤੇ ਸੰਪਰਕ ਕੀਤਾ। ਪਰ ਪੁੱਤਰ ਨੇ ਫ਼ੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਸਮੇਤ ਬੂਆ ਸਿੰਘ ਦੇ ਘਰ ਪਹੁੰਚੀ ਜਦੋਂ ਪਤਾ ਲੱਗਾ ਕਿ ਉਸ ਦੇ ਲੜਕੇ ਨੂੰ ਗੋਲੀ ਲੱਗੀ ਹੈ ਅਤੇ ਦੋਸ਼ੀ ਉਸ ਨੂੰ ਹਸਪਤਾਲ ਲੈ ਗਏ। ਜਦੋਂ ਉਹ ਹਸਪਤਾਲ ਪਹੁੰਚੀ ਤਾਂ ਵਿਜੇ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਉਸ ਦੇ ਚਿਹਰੇ ‘ਤੇ ਗੋਲੀ ਦਾ ਨਿਸ਼ਾਨ ਸੀ। ਔਰਤ ਨੇ ਦੋਸ਼ ਲਾਇਆ ਕਿ ਬੂਆ ਸਿੰਘ ਅਤੇ ਉਸ ਦੇ ਦੋਸਤ ਹਰਪ੍ਰੀਤ ਸਿੰਘ ਨੇ ਉਸ ਦੇ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ।